January 14, 2025

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 20 ਅਕਤੂਬਰ (ਪ੍ਰਦੀਪ ਸ਼ਰਮਾ) : ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਫੈਸਲੇ ਤਹਿਤ ਭਾਕਿਯੂ (ਏਕਤਾ-ਉਗਰਾਹਾਂ) ਵਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਸੰਗਰੂਰ ਅੱਗੇ ਲਾਏ ‘ਪੱਕੇ ਮੋਰਚੇ’ ਦੀ ਹਮਾਇਤ ’ਚ ‘ਮੋਰਚੇ’ ’ਚ ਸ਼ਾਮਲ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਕੰਟਰੈਕਟ ਵਰਕਰਾਂ ਵਲੋਂ ਅੱਜ ਇਥੇ ਰੋਹ ਭਰਪੂਰ ਤਹਿਸੀਲ ਪੱਧਰੀ ਇਕੱਠ ਕਰਕੇ ਪੰਜਾਬ ਸਰਕਾਰ ਦਾ ਪੂਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ।
ਪੰਜਾਬ ਸਰਕਾਰ ਦੀ ਅਰਥੀ ਸਾੜ ਕੇ ਕੀਤਾ ਰੋਸ ਪ੍ਰਦਰਸ਼ਨ
ਇਸ ਮੌਕੇ ਜਲ ਸਪਲਾਈ ਦੇ ਜਿਲ੍ਹਾ ਪ੍ਰਧਾਨ ਤੇ ਸੂਬਾ ਮੀਤ ਪ੍ਰਧਾਨ ਸੰਦੀਪ ਖਾਨ ਬਾਲਿਆਂਵਾਲੀ, ਸੇਰੇ ਆਲਮ ਜਨਰਲ ਸਕੱਤਰ ਅਤੇ ਸਤਨਾਮ ਸਿੰਘ ਖਿਆਲਾ ਜਿਲਾ ਪ੍ਰਧਾਨ ਮਾਨਸਾ ਨੇ ਸਾਂਝੇ ਤੌਰ ਤੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ, ਕਿਸਾਨਾਂ, ਮਜਦੂਰਾਂ ਅਤੇ ਮੁਲਾਜਮ ਵਰਗ ਦੇ ਨਾਲ ਝੂਠੇ ਵਾਅਦੇ ਕਰਕੇ ਸਰਕਾਰ ਦੀ ਕੁਰਸੀ ਤੇ ਵਿਰਾਜਮਾਨ ਹੋਈ ਹੈ ਕਿਉਕਿ ਅੱਜ ਉਨ੍ਹਾਂ ਵਾਅਦਿਆਂ ਤੋਂ ਬਿਲਕੁਲ ਉਲਟ ਪਹਿਲੀਆਂ ਕਾਂਗਰਸ, ਅਕਾਲੀ ਅਤੇ ਭਾਜਪਾਈ ਸਰਕਾਰ ਦੇ ਰਾਹਾਂ ਤੇ ਹੀ ਚੱਲ ਰਹੀ ਹੈ।
ਸਰਕਾਰੀ ਵਿਭਾਗਾਂ ਦਾ ਕਾਰਪੋਰੇਟਰੀ ਪੱਖੀ ਨਿੱਜੀਕਰਨ ਦਾ ਹੱਲਾ ਅੱਜ ਵੀ ਜਿਓ ਦਾ ਤਿਓਂ ਜਾਰੀ ਹੈ। ਸਾਮਰਾਜੀ ਦਿਸ਼ਾ-ਨਿਰਦੇਸ਼ਾਂ ’ਤੇ ਜਲ ਨੀਤੀ ਵਿੱਚ ਤਬਦੀਲੀ ਕਰਕੇ ਧਰਤੀ ਹੇਠਲੇ ਪਾਣੀ ਤੋਂ ਜਮੀਨ ਮਾਲਕਾਂ ਦਾ ਅਧਿਕਾਰ ਖਤਮ ਕਰਨਾ, ਪਾਣੀ ਦੇ ਵਪਾਰ ਲਈ ਕਾਰਪੋਰੇਟ ਘਰਾਣਿਆਂ ਨੂੰ ਖੁੱਲ੍ਹ ਦੇਣੀ, ਪਾਣੀਆਂ ਦਾ ਕੇਂਦਰੀਕਰਨ, ਬਿਜਲੀ ਕਾਨੂੰਨ 2022 ਲਾਗੂ ਕਰਕੇ ਵੰਡ ਖੇਤਰ ਦਾ ਨਿੱਜੀਕਰਨ, ਕਰਾਸ ਸਬਸਿਡੀ ਬੰਦ ਕਰਕੇ ਕਾਰਪੋਰੇਟ ਘਰਾਣਿਆਂ ਲਈ ਸਸਤੀ ਬਿਜਲੀ ਦੀ ਸਹੂਲਤ ਦੇਣੀ, ਆਊਟਸੋਰਸਡ ਅਤੇ ਇਨਲਿਸਟਮੈਟ ਪ੍ਰਣਾਲੀ ਨੂੰ ਲਾਗੂ ਕਰਕੇ ਕਾਰਪੋਰੇਟ ਘਰਾਣਿਆਂ ਦੇ ਲਈ ਸੇਵਾ ਦੇ ਅਦਾਰਿਆਂ ਵਿੱਚ ਦਾਖਲ ਹੋਣਾ, ਮੁਨਾਫੇ ਕਮਾਉਣ ਦੀ ਖੁੱਲ੍ਹ ਦੇਣੀ ਅਤੇ ਕਿਸਾਨ ਜਥੇਬੰਦੀਆਂ ਨਾਲ ਕੀਤੇ ਸਮਝੌਤਿਆਂ ਨੂੰ ਲਾਗੂ ਨਾ ਕਰਨਾ, ਜਿਨ੍ਹਾਂ ਲਈ ਭਾਕਿਯੂ (ਏਕਤਾ-ਉਗਰਾਹਾਂ) ਕਿਸਾਨ ਜਥੇਬੰਦੀ ਵਲੋਂ ਸੰਗਰੂਰ ’ਚ ਪੱਕਾ ਮੋਰਚਾ ਲਾਇਆ ਗਿਆ ਹੈ।
ਇਹ ਮੰਗਾਂ ਸਿਰਫ ਕਿਸਾਨ ਜਨਤਾ ਦੀਆਂ ਹੀ ਨਹੀਂ, ਸਗੋਂ ਇਹ ਸਮੁੱਚੇ ਦੇਸ ਦੇ ਮੇਹਨਤਕਸ਼ ਕਿਸਾਨਾਂ, ਮਜਦੂਰਾਂ, ਮੁਲਾਜਮਾਂ ਦੀਆਂ ਸਾਂਝੀਆਂ ਅਤੇ ਬੁਨਿਆਦੀ ਮੰਗਾਂ ਹਨ। ਇਸ ਲਈ ਕਿਸਾਨ ਸੰਘਰਸ਼ ਲਈ ਹਮਾਇਤ ਜੁਟਾਉਣਾ ਹਰ ਤਬਕੇ ਦੇ ਲੋਕਾਂ ਦੀ ਜੁੰਮੇਵਾਰੀ ਬਣਦੀ ਹੈ ਜਿਸ ਨੂੰ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਵਲੋਂ ਪੂਰੀ ਕਰਨ ਲਈ ਇਹ ਸੰਘਰਸ਼ ਦਾ ਸੱਦਾ ਦਿੱਤਾ ਗਿਆ ਸੀ। ਮੋਰਚੇ ਵਲੋਂ ਮੰਗ ਕੀਤੀ ਗਈ ਕਿ ਸਰਕਾਰੀ ਵਿਭਾਗਾਂ ਦੀ ਨਿੱਜੀਕਰਨ ਦੀਆਂ ਨੀਤੀਆਂ ਨੂੰ ਰੱਦ ਕੀਤਾ ਜਾਵੇ ਅਤੇ ਇਨ੍ਹਾਂ ਸੇਵਾ ਦੇ ਅਦਾਰਿਆਂ ਵਿਚ ਆਊਟਸੋਰਸਡ ਅਤੇ ਇੰਨਲਿਸਟਮੈਟ ਪ੍ਰਣਾਲੀ ਅਧੀਨ ਕੰਮ ਕਰਦੇ ਠੇਕਾ ਅਧਾਰਿਤ ਕਾਮਿਆਂ ਨੂੰ ਰੈਗੂਲਰ ਕੀਤਾ ਜਾਵੇ।
#For any kind of News and advertisment contact us on 980-345-0601 
131930cookie-checkਸੰਗਰੂਰ ਵਿਖੇ ਮੁੱਖ ਮੰਤਰੀ ਖਿਲਾਫ ਲੱਗੇ ਧਰਨੇ ਚ ਜਲ ਸਪਲਾਈ ਠੇਕਾ ਮੁਲਾਜਮਾਂ ਨੇ ਕੀਤੀ ਸ਼ਮੂਲੀਅਤ
error: Content is protected !!