ਚੜ੍ਹਤ ਪੰਜਾਬ ਦੀ
ਬਠਿੰਡਾ/23 ਨਵੰਬਰ,( ਪਰਦੀਪ ਸ਼ਰਮਾ ): ਪੰਜਾਬ ਸਰਕਾਰ ਵੱਲੋਂ ਪੰਜਾਬੀ ਮਾਂ ਬੋਲੀ ਲਾਗੂ ਕਰਨ ਦੇ ਦਾਅਵੇ ਗੋਗਲੂਆਂ ਤੋਂ ਮਿੱਟੀ ਝਾੜਨ ਬਰਾਬਰ ਹੈ, ਪੰਜਾਬੀ ਲਾਗੂ ਕਰਨ ਦੀ ਚਿੱਠੀ ਹੀ ਅੰਗਰੇਜ਼ੀ ਵਿੱਚ ਜਾਰੀ ਹੋਣ ’ਤੇ ਇਸ ਹਕੂਮਤ ਦਾ ਪੰਜਾਬੀ ਪ੍ਰਤੀ ਨਫ਼ਰਤ ਵਾਲਾ ਵਤੀਰਾ ਸਪੱਸਟ ਨਜ਼ਰ ਆਉਂਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਮਾਂ ਬੋਲੀ ਲਾਗੂ ਕਰਵਾਉਣ ਲਈ ਗੈਰ-ਪੰਜਾਬੀ ਭਾਸ਼ਾਵਾਂ ’ਤੇ ਪੋਚਾ ਮਾਰਨ ਵਾਲੇ ਵੱਖ ਵੱਖ ਸਖ਼ਸੀਅਤਾਂ ਨੇ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ।
ਪੰਜਾਬੀ ਯੂਨੀਵਰਸਿਟੀ ਬਚਾਉਣ ਲਈ ਸੰਘਰਸ਼ਕਾਰੀ ਧਿਰਾਂ ਦੀ ਹਿਮਾਇਤ ਦਾ ਐਲਾਨ
ਬੀ.ਕੇ.ਯੂ. ਕਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ, ਬਾਬਾ ਹਰਦੀਪ ਸਿੰਘ ਮਹਿਰਾਜ, ‘ਫ਼ਰਾਨ’ ਮੈਗਜੀਨ ਦੇ ਸੰਪਾਦਕੀ ਮੰਡਲ ਸਲਾਹਕਾਰ ਬਲਜਿੰਦਰ ਸਿੰਘ ਕੋਟਭਾਰਾ, ਫੈਡਰੇਸ਼ਨ ਆਗੂ ਭਾਈ ਪਰਨਜੀਤ ਸਿੰਘ ਜੱਗੀ ਬਾਬਾ ਨੇ ਜਾਰੀ ਮੀਡੀਆ ਬਿਆਨ ’ਚ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੇਵਲ ਵੋਟਾਂ ਵਟੋਰਨ ਲਈ ਖਾਨਾਪੂਰਤੀ ਖਾਤਰ ਪੰਜਾਬੀ ਲਾਗੂ ਕਰਨ ਦਾ ਇਕ ਨਾਟਕ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਦਹਾਕਿਆਂ ਤੋਂ ਪੰਜਾਬ ਵਿਚ ਹੀ ਪੰਜਾਬੀ ਲਾਗੂ ਨਾ ਹੋਣਾ ਇਕ ਅਣਗੋਹਿਲਆ ਵਰਤਾਰਾ ਨਹੀਂ ਸਗੋਂ ਇਕ ਨਫ਼ਰਤ ਵਾਲਾ ਵਤੀਰਾ ਹੈ। ਕਿਸੇ ਵੀ ਕੌਮ, ਖਿੱਤੇ ਦੀ ਮਾਤ ਭਾਸ਼ਾ ਕਾਰਣ ਹੀ ਉਸ ਦੀਆਂ ਜੜ੍ਹਾਂ, ਸੱਭਿਆਚਾਰ ਜਿਉਂਦਾ ਰਹਿ ਸਕਦਾ ਹੈ, ਇਸੇ ਨਬਜ਼ ਨੂੰ ਫੜਦਿਆ ਦੁਸ਼ਮਣ ਸੱਤਾਧਾਰੀ ਧਿਰ ਨੇ ਨਾ ਕੇਵਲ ਪੰਜਾਬ ਦੇ ਜੁਝਾਰੂ ਵਿਰਸੇ ਸਗੋਂ ਪੰਜਾਬੀ ਬੋਲੀ ਅਤੇ ਇਸ ਦਾ ਇਕ ਅਹਿਮ ਸੰਸਥਾ ਪੰਜਾਬੀ ਯੂਨੀਵਰਸਿਟੀ ਨੂੰ ਖ਼ਤਮ ਕਰਨ ਦੀਆਂ ਚਾਲਾਂ ਚੱਲੀਆਂ ਹਨ। ਉਹਨਾਂ ਇਸ ਯੂਨੀਵਰਸਿਟੀ ਨੂੰ ਬਚਾਉਣ ਲਈ ਸੰਘਰਸ਼ ਕਰ ਰਹੀਆਂ ਧਿਰਾਂ ਅਤੇ ਡੀ.ਐਸ.ਓ. ਦੇ ਸੰਘਰਸ਼ ਦੀ ਹਿਮਾਇਤ ਕਰਦਿਆ ਯੂਨੀਵਰਸਿਟੀ ਦੇ ਹਰ ਇਕ ਵਿਦਿਆਰਥੀ ਨੂੰ ਸੰਘਰਸ਼ ਦੇ ਮੈਦਾਨ ’ਚ ਕੁੱਦਣ ਦੀ ਅਪੀਲ ਕੀਤੀ। ਉਹਨਾਂ ਸਰਕਾਰ ਨੂੰ ਸਵਾਲ ਕੀਤਾ ਕਿ ਜੇ ਪੰਜਾਬੀ ਮਾਂ ਬੋਲੀ ਅਮਲੀ ਰੂਪ ਵਿਚ ਲਾਗੂ ਕਰ ਰਹੇ ਹੋ ਤਾਂ ਫਿਰ ਪੋਚਾ ਮਾਰਨ ਵਾਲਿਆਂ ’ਤੇ ਪਾਏ ਝੂਠੇ ਪਰਚੇ ਕਿਉਂ ਨਹੀਂ ਰੱਦ ਕੀਤੇ ਜਾ ਰਹੇ, ਜਿਸ ਬਾਰੇ ਪਹਿਲਾ ਕੈਪਟਨ ਅਮਰਿੰਦਰ ਸਿੰਘ ਨੇ ਵੀ ਐਲਾਨ ਕੀਤਾ ਸੀ।
923200cookie-checkਪੰਜਾਬੀ ਲਾਗੂ ਕਰਨ ਦੇ ਦਾਅਵੇ ਗੋਗਲੂਆਂ ਤੋਂ ਮਿੱਟੀ ਝਾੜਨ ਬਰਾਬਰ:ਬਾਬਾ ਹਰਦੀਪ ਸਿੰਘ ਮਹਿਰਾਜ