Categories CELEBRATION NEWSHidden IntentionPunjabi NewsTraditions News

‘ਬਾਲ ਵੀਰ ਦਿਵਸ’ ਮਨਾਉਣ ਲਈ ਹਕੂਮਤ ਵੱਲੋਂ ਸਿੱਖ ਪਰੰਪਰਾਵਾਂ ਦੀ ਲੀਹ ਬਦਲਣ ਦੀ ਛੁਪੀ ਭਾਵਨਾ ਤੋਂ ਪਰਦਾ ਚੁੱਕਿਆ- ਪੰਥਕ ਸ਼ਖ਼ਸੀਅਤਾਂ

Loading

ਚੜ੍ਹਤ ਪੰਜਾਬ ਦੀ   
ਬਠਿੰਡਾ/ਰਾਮਪੁਰਾ ਫੂਲ, 31 ਦਸੰਬਰ (ਪ੍ਰਦੀਪ ਸ਼ਰਮਾ): ਪੰਥਕ ਸ਼ਖ਼ਸੀਅਤਾਂ ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਅਮਰੀਕ ਸਿੰਘ ਈਸੜੂ, ਭਾਈ ਸੁਖਦੇਵ ਸਿੰਘ ਡੋਡ, ਭਾਈ ਮਨਜੀਤ ਸਿੰਘ ਫਗਵਾੜਾ ਅਤੇ ਭਾਈ ਸਤਨਾਮ ਸਿੰਘ ਝੰਜੀਆਂ ਵੱਲੋਂ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਗੁਰੂ ਨਾਨਕ ਨਾਮ ਲੇਵਾ ਸੰਗਤ ਅਤੇ ਗੁਰੂ ਖਾਲਸਾ ਪੰਥ ਵੱਲੋਂ ਸੰਗਤੀ ਤੌਰ ’ਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾਉਣ ਦੀ ਪਰੰਪਰਾ ਲੰਮੇ ਸਮੇਂ ਤੋਂ ਸਥਾਪਤ ਹੈ। ਇਸ ਪੰਥਕ ਪਰੰਪਰਾ ਦੇ ਮੁਕਾਬਲੇ ਸਰਕਾਰੀ ਤੌਰ ’ਤੇ ‘ਵੀਰ ਬਾਲ ਦਿਵਸ’ ਦਾ ਐਲਾਨ ਕਰਨਾ ਬਿਪਰਵਾਦੀ ਸਰਕਾਰ ਵੱਲੋਂ ਸਿੱਖ ਪਰੰਪਰਾਵਾਂ ਨੂੰ ਮਨਮਾਨੇ ਢੰਗ ਨਾਲ ਸਨਾਤਨੀ ਪਰੰਪਰਾ ਵਿੱਚ ਬਦਲਣ ਦੀ ਕੋਸ਼ਿਸ ਹੈ।
ਉਨ੍ਹਾਂ ਕਿਹਾ ਕਿ ਸਿੱਖ ਸੰਸਥਾਵਾਂ ਤੇ ਜਥੇਬੰਦੀਆਂ ਦੇ ਵਿਰੋਧ ਨੂੰ ਨਜ਼ਰ-ਅੰਦਾਜ਼ ਕਰਕੇ ਮੋਦੀ-ਸ਼ਾਹ ਸਰਕਾਰ ਵੱਲੋਂ ‘ਬਾਲ ਵੀਰ ਦਿਵਸ’ ਮਨਾਉਣ ਨਾਲ ਹਕੂਮਤ ਵੱਲੋਂ ਸਿੱਖ ਪਰੰਪਰਾਵਾਂ ਦੀ ਲੀਹ ਬਦਲਣ ਦੀ ਛੁਪੀ ਭਾਵਨਾ ਤੋਂ ਪਰਦਾ ਚੁੱਕਿਆ ਗਿਆ ਹੈ ਕਿ ਮੋਦੀ ਸਰਕਾਰ ਨੇ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਇੰਡੀਆ ਪੱਧਰ ’ਤੇ ਮਨਾਉਣ ਦੇ ਨਾਂ ਉੱਤੇ ਸਿੱਖਾਂ ਨਾਲ ਛਲ ਕਰਕੇ ਖਾਲਸਾਈ ਸ਼ਹੀਦੀ ਪਰੰਪਰਾ ਨੂੰ ਅਰਸ਼ ਤੋਂ ਫਰਸ਼ ’ਤੇ ਸੁੱਟਣ ਦੀ ਚਾਲ ਰਚੀ ਹੈ।
ਪੰਥਕ ਸ਼ਖ਼ਸੀਅਤਾਂ ਨੇ ਸਪੱਸ਼ਟ ਕੀਤਾ ਕਿ ਸਿੱਖ ਪਰੰਪਰਾ ਵਿੱਚ ਸਾਹਿਬਜ਼ਾਦਿਆਂ ਨੂੰ ‘ਬਾਬਾ’ ਕਹਿ ਕੇ ਸੰਬੋਧਨ ਹੋਇਆ ਜਾਂਦਾ ਹੈ ਕਿਉਂਕਿ ਗੁਰੂ ਘਰ ਵਿੱਚ ਕਿਸੇ ਉੱਚੀ ਸ਼ਖ਼ਸੀਅਤ ਦੀ ਅਵਸਥਾ ਨੂੰ ਸਰੀਰ ਦੀ ਉਮਰ ਦੇ ਹਿਸਾਬ ਨਾਲ ਨਹੀਂ, ਸੁਰਤ ਦੇ ਉੱਚੇ ਸਫਰ ਦੇ ਪ੍ਰਸੰਗ ਵਿੱਚ ਵੇਖਿਆ ਜਾਂਦਾ ਹੈ। ‘ਬਾਬਾ’ ਦੀ ਸਥਾਪਤ ਅਤੇ ਨਿਆਰੀ ਪਰੰਪਰਾ ਨੂੰ ਸਰਕਾਰ ਵੱਲੋਂ ਆਪਣੇ ਤੌਰ ’ਤੇ ‘ਬਾਲ’ ਦੇ ਸੰਬੋਧਨ ਵਿੱਚ ਬਦਲਣਾ, ਮੋਦੀ-ਸ਼ਾਹ ਸਰਕਾਰ ਦੀ ਸਿੱਖ ਪਰੰਪਰਾ ਵਿੱਚ ਘੋਰ ਦਖਲਅੰਦਾਜ਼ੀ ਹੈ। ਅਜਿਹਾ ਕਰਕੇ ਸਰਕਾਰ ਨੇ ਨਿਆਰੀ ਸਿੱਖ ਹਸਤੀ ਨੂੰ ਬਿਪਰਧਾਰਾ ਵਿਚ ਜਜ਼ਬ ਕਰ ਲੈਣ ਦਾ ਯਤਨ ਕੀਤਾ ਹੈ। ਇਹ ਸਰਕਾਰੀ ਚਾਲ ਗੁਰ-ਸੰਗਤ ਅਤੇ ਖਾਲਸਾ ਪੰਥ ਨੂੰ ਪ੍ਰਵਾਨ ਨਹੀਂ ਹੈ ਅਤੇ ਨਾ ਹੀ ਸਿੱਖ ਇਸ ਨੂੰ ਸਫਲ ਹੋਣ ਦੇਣਗੇ।
ਮੋਦੀ-ਸ਼ਾਹ ਸਰਕਾਰ ਦੇ ‘ਵੀਰ ਬਾਲ ਦਿਵਸ’ ਬਾਰੇ ਚਕਰੈਲ ਸਿੱਖ ਹਿੱਸਿਆਂ ਵੱਲੋਂ ਵਿਖਾਈ ਗਈ ਗੁਰਮਤਿ ਵਿਰੋਧੀ ਸਰਗਰਮੀ ਦੀ ਨਿਖੇਧੀ ਕਰਦਿਆਂ ਪੰਥਕ ਸ਼ਖ਼ਸੀਅਤਾਂ ਨੇ ਕਿਹਾ ਕਿ ਇਕਬਾਲ ਸਿੰਘ ਲਾਲਪੁਰਾ ਵੱਲੋਂ ‘ਵੀਰ ਬਾਲ ਦਿਵਸ’ ਨੂੰ ਸਹੀ ਠਹਿਰਾਉਣ ਲਈ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਦੀ ਗਲਤ ਵਿਆਖਿਆ ਕਰਕੇ ਅਕਾਲ ਪੁਰਖ ਦੀ ਸਿਫਤ ਸਲਾਹ ਲਈ ਉਚਾਰੇ ਗਏ ਗੁਰਵਾਕਾਂ ਨੂੰ ਨਰਿੰਦਰ ਮੋਦੀ ਦੀ ਸਿਫਤ ਵਿਚ ਬਦਲਣਾ ਰਾਮਰਾਏ ਵੱਲੋਂ ਕੀਤੇ ਬੱਜਰ ਗੁਨਾਹ ਦੇ ਤੁੱਲ ਫਰੇਬੀ ਕਾਰਵਾਈ ਹੈ। ਇਸੇ ਤਰ੍ਹਾਂ ਮਨਜਿੰਦਰ ਸਿੰਘ ਸਿਰਸਾ ਵੱਲੋਂ ਚੰਬਾ (ਹਿਮਾਚਲ) ਵਿਚ ਕਥਿਤ ‘ਵੀਰ ਬਾਲ ਦਿਵਸ’ ਮੌਕੇ ਮਸੂਮ ਬੱਚਿਆਂ ਕੋਲੋਂ ਸਾਹਿਬਜ਼ਾਦਿਆਂ ਦਾ ਸਵਾਂਗ ਰਚਾਉਣ ਅਤੇ ਨਕਲਾਂ ਲਹਾਉਣ ਦੀ ਘੋਰ ਉਲੰਘਣਾ ਨੂੰ ਵਡਿਆਉਣਾ ਗੁਰਮਤਿ ਵਿਰੋਧੀ ਅਪਰਾਧ ਅਤੇ ਪੰਥ ਦੋਖੀ ਕਾਰਵਾਈ ਹੈ।
ਗੁਰ-ਸੰਗਤ ਅਤੇ ਖਾਲਸਾ ਪੰਥ ਨੂੰ ਇਹਨਾ ਮਨੁੱਖਾਂ ਵੱਲੋਂ ਕੀਤੀਆਂ ਗੁਰਮਤਿ ਵਿਰੋਧੀ ਕਾਰਵਾਈਆਂ ਵੱਲ ਧਿਆਨ ਦੇ ਕੇ ਇਨ੍ਹਾਂ ਨੂੰ ਖਾਲਸਾਈ ਮਰਿਯਾਦਾ ਅਨੁਸਾਰ ਤਨਖਾਹ ਲਾ ਕੇ ਅਕਾਲ ਤਖਤ ਸਾਹਿਬ ਦੇ ਸਨਮੁੱਖ ਜਵਾਬਦੇਹ ਬਣਾਉਣਾ ਚਾਹੀਦਾ ਹੈ। ਪੰਥਕ ਸ਼ਖ਼ਸੀਅਤਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਸ਼ਵਨੀ ਕੁਮਾਰ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਚਿੱਠੀ ਲਿਖ ਕੇ ਗੁਰਦੁਆਰਾ ਸਾਹਿਬਾਨ ਵਿਚ ਹੋਣ ਵਾਲੀਆਂ ਵਿਚਾਰਾਂ ਉੱਤੇ ਕਿੰਤੂ-ਪ੍ਰੰਤੂ ਕਰਨੀ ਅਤੇ ਤਖਤ ਸਾਹਿਬ ਤੋਂ ਇਹਨਾ ਵਿਚਾਰਾਂ ਦਾ ਦਾਇਰਾ ਸੀਮਤ ਕਰਨ ਬਾਰੇ ਹੁਕਮ ਜਾਰੀ ਕਰਨ ਲਈ ਕਹਿਣਾ ਭਾਜਪਾ ਵੱਲੋਂ ਸਿੱਖ ਮਸਲਿਆਂ ਵਿਚ ਕੀਤੀ ਜਾ ਰਹੀ ਦਖਲਅੰਦਾਜ਼ੀ ਹੈ।
ਉਹਨਾਂ ਭਾਜਪਾ ਦੇ ਪ੍ਰਧਾਨ ਦੀ ਟਿੱਪਣੀ ਨੂੰ ਖਾਲਸੇ ਦੇ ਮੀਰੀ ਪੀਰੀ ਦੀ ਸਮੇਲਤਾ ਦੇ ਸਿਧਾਂਤ ਵਿਚ ਮਿੱਥ ਕੇ ਕੀਤੀ ਗਈ ਦਖਲ ਅੰਦਾਜ਼ੀ ਕਰਾਰ ਦਿੰਦਿਆ ਤਾਕੀਦ ਕੀਤੀ ਕਿ ਅੱਗੇ ਤੋਂ ਕੋਈ ਵੀ ਰਾਜਨੀਤਕ ਖਾਲਸਾਈ ਸਿਧਾਂਤਾਂ ਦਾ ਅਪਮਾਨ ਕਰਨ ਦਾ ਹੀਆ ਨਾ ਕਰੇ। ਪੰਥਕ ਸ਼ਖ਼ਸੀਅਤਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਮੌਕੇ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਵਿਚ ਜਾਣ ਤੋਂ ਰੋਕਣ ਦਾ ਸਖਤ ਨੋਟਿਸ ਲੈਂਦਿਆਂ ਇਸ ਨੂੰ ਸੱਤਾ ਦੇ ਨਸ਼ੇ ਵਿੱਚ ਗੁਰੂ ਘਰ ਦੀ ਮਰਯਾਦਾ ਦੇ ਉਲਟ ਕਾਰਵਾਈ ਕਰਾਰ ਦਿੱਤਾ ਅਤੇ ਨਸੀਅਤ ਦਿੱਤੀ ਕਿ ਅੱਗੇ ਤੋਂ ਕੋਈ ਵੀ ਸੱਤਾਧਾਰੀ ਅਜਿਹੇ ਹੰਕਾਰ ਦਾ ਪ੍ਰਗਟਾਵਾ ਕਰਨ ਦਾ ਹੀਆ ਨਾ ਕਰੇ।
ਉਹਨਾਂ ਕਿਹਾ ਸੱਤਾਧਾਰੀਆਂ ਨੂੰ ਗੁਰੂ ਘਰ ਆਉਣ ਲੱਗਿਆਂ ਹੰਕਾਰ ਛੱਡ ਕੇ ਨਿਮਾਣੇ ਸ਼ਰਧਾਲੂ ਬਣ ਕੇ ਆਉਣਾ ਚਾਹੀਦਾ ਹੈ ਅਤੇ ਸੰਗਤ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਦੀ ਵੀ ਇਹ ਜਿੰਮੇਵਾਰੀ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਕਿਸੇ ਵੀ ਰਾਜਨੀਤਕ ਮਨੁੱਖ ਦੇ ਗੁਰੂ ਘਰ ਵਿਖੇ ਆਉਣ ਮੌਕੇ ਮਰਿਯਾਦਾ ਵਿੱਚ ਵਿਘਨ ਨਾ ਪਵੇ ਅਤੇ ਗੁਰ-ਸੰਗਤ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।
 #For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
136240cookie-check‘ਬਾਲ ਵੀਰ ਦਿਵਸ’ ਮਨਾਉਣ ਲਈ ਹਕੂਮਤ ਵੱਲੋਂ ਸਿੱਖ ਪਰੰਪਰਾਵਾਂ ਦੀ ਲੀਹ ਬਦਲਣ ਦੀ ਛੁਪੀ ਭਾਵਨਾ ਤੋਂ ਪਰਦਾ ਚੁੱਕਿਆ- ਪੰਥਕ ਸ਼ਖ਼ਸੀਅਤਾਂ
[email protected]

DISCLAIMER: Charhat Punjab di: Editor does not takes responsibility for any news/video/article published, only Reporter/Writer will be responsible for his/her news or article. Any dispute if arrises shall be settled at Ludhiana jurisdiction only. Sat Pal Soni (Editor)