ਚੜ੍ਹਤ ਪੰਜਾਬ ਦੀ।
ਰਾਮਪੁਰਾ ਫੂਲ, 10 ਫਰਵਰੀ (ਪ੍ਰਦੀਪ ਸ਼ਰਮਾ): ਹਲਕਾ ਰਾਮਪੁਰਾ ਫੂਲ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਅੱਜ ਆਪਣੇ ਗ੍ਰਹਿ ਵਿਖੇ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਮਲੂਕਾ ਜਥੇਬੰਦੀ ਦੇ ਆਗੂਆਂ ਅਤੇ ਵਰਕਰਾਂ ਦੀ ਮੀਟਿੰਗ ਬੁਲਾਈ । ਮਲੂਕਾ ਵੱਲੋਂ ਚੋਣਾਂ ਸਬੰਧੀ ਬੁਲਾਈ ਗਈ ਇਸ ਮੀਟਿੰਗ ਵਿੱਚ ਜਥੇਬੰਦੀ ਦੇ ਨਾਲ ਨਾਲ ਪਿੰਡ ਵਾਸੀ ਆਪ ਮੁਹਾਰੇ ਸ਼ਾਮਲ ਹੋਏ । ਵਰਕਰਾਂ ਦੀ ਇਸ ਮੀਟਿੰਗ ਨੇ ਰੈਲੀ ਦਾ ਰੂਪ ਧਾਰ ਲਿਆ ।
ਹਲਕਾ ਰਾਮਪੁਰਾ ਫੂਲ ਦਾ ਕਰਾਂਗੇ ਇਤਿਹਾਸਕ ਵਿਕਾਸ
ਪਿੰਡ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਮਲੂਕਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਜਿੱਥੇ ਉਨ੍ਹਾਂ ਨੇ ਹਲਕਾ ਰਾਮਪੁਰਾ ਫੂਲ ਦਾ ਇਤਿਹਾਸਕ ਵਿਕਾਸ ਕਰਵਾਇਆ ਉਥੇ ਹੀ ਮਲੂਕਾ ਪਿੰਡ ਦਾ ਚੌਤਰਫ਼ਾ ਵਿਕਾਸ ਕਰਵਾਉਣਾ ਹਮੇਸ਼ਾ ਉਨ੍ਹਾਂ ਦੀ ਪਹਿਲ ਰਹੀ ।ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਬਾਦਲ ਪਿੰਡ ਤੋਂ ਬਾਅਦ ਵਿਕਾਸ ਪੱਖੋਂ ਮਲੂਕਾ ਪੰਜਾਬ ਦੇ ਚੁਣੀਂਦਾ ਪਿੰਡਾਂ ਵਿੱਚੋਂ ਇੱਕ ਹੈ।ਹਲਕਾ ਰਾਮਪੁਰਾ ਫੂਲ ਵਿੱਚ ਵੀ ਬਿਜਲੀ ਅਤੇ ਸਿੱਖਿਆ ਦੇ ਖੇਤਰ ਵਿੱਚ ਵਿਕਾਸ ਪੱਖੋਂ ਮੋਹਰੀ ਰਿਹਾ ਹੈ ।
ਉਨ੍ਹਾਂ ਕਿਹਾ ਕਿ ਹਲਕਾ ਰਾਮਪੁਰਾ ਫੂਲ ਤੇ ਵਿਸ਼ੇਸ਼ ਤੌਰ ਤੇ ਪਿੰਡ ਵਾਸੀਆਂ ਵੱਲੋਂ ਜੋ ਸਮਰਥਨ ਮਿਲ ਰਿਹਾ ਹੈ ਉਸ ਦੇ ਸਦਾ ਰਿਣੀ ਰਹਿਣਗੇ । ਕਾਂਗਰਸ ਤੇ ਵਰ੍ਹਦਿਆਂ ਮਲੂਕਾ ਨੇ ਕਿਹਾ ਕਿ ਸੱਤਾ ਹਾਸਲ ਕਰਨ ਲਈ ਕਾਂਗਰਸ ਨੇ ਹਮੇਸ਼ਾ ਝੂਠੇ ਵਾਅਦਿਆਂ ਦਾ ਸਹਾਰਾ ਲਿਆ ।ਕਾਂਗਰਸ ਨੇ ਵਾਅਦੇ ਤਾਂ ਪੂਰੇ ਕੀ ਕਰਨੇ ਸੀ ਬਲਕਿ ਲੱਖਾਂ ਦੀ ਗਿਣਤੀ ਵਿੱਚ ਨੀਲੇ ਕਾਰਡ ਕੱਟ ਕੇ ਲੋੜਵੰਦ ਲੋਕਾਂ ਨੂੰ ਸਹੂਲਤਾਂ ਤੋਂ ਵਾਂਝਾ ਕਰ ਦਿੱਤਾ । ਸੱਤਾ ਦੀ ਲੜਾਈ ਵਿੱਚ ਕੁੱਦੀ ਹੋਈ ਤੀਜੀ ਧਿਰ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ 20 ਵਿਧਾਇਕ ਵੀ ਸੰਭਾਲ ਕੇ ਨਹੀਂ ਰੱਖ ਸਕੀ ਤੇ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਚ ਬੁਰੀ ਤਰ੍ਹਾਂ ਅਸਫਲ ਸਾਬਤ ਹੋਈ ।ਪੰਜਾਬ ਦੇ ਪਾਣੀਆਂ ਤੇ ਮੈਲੀ ਅੱਖ ਰੱਖਣ ਵਾਲੇ ਅਤੇ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨਾ ਨੂੰ ਕੋਸਣ ਵਾਲੇ ਕਦੇ ਵੀ ਪੰਜਾਬ ਦਾ ਭਲਾ ਨਹੀਂ ਕਰ ਸਕਦੇ ।
ਮਲੂਕਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋਡ਼ ਦੀ ਸਰਕਾਰ ਬਣਨ ਤੇ ਹਲਕਾ ਰਾਮਪੁਰਾ ਫੂਲ ਦਾ ਹਰ ਖੇਤਰ ਵਿਚ ਇਤਿਹਾਸਕ ਵਿਕਾਸ ਕਰਵਾਇਆ ਜਾਵੇਗਾ।ਹਲਕੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਵੱਡੇ ਉਪਰਾਲੇ ਕੀਤੇ ਜਾਣਗੇ । ਹਲਕਾ ਰਾਮਪੁਰਾ ਫੂਲ ਤੇ ਮਲੂਕਾ ਦੇ ਵਿਕਾਸ ਲਈ ਉਨ੍ਹਾਂ ਪਿੰਡ ਵਾਸੀਆਂ ਨੂੰ ਡਟ ਕੇ ਚੋਣ ਪ੍ਰਚਾਰ ਕਰਨ ਦਾ ਸੱਦਾ ਦਿੱਤਾ । ਇਸ ਮੌਕੇ ਸੁਰਜੀਤ ਕੌਰ ਮਲੂਕਾ ਹਰਜੀਤ ਸਿੰਘ ਮਲੂਕਾ ਨਿਰਮਲ ਸਿੰਘ ਮਲੂਕਾ ਕੁਲਵੰਤ ਸਿੰਘ ਮਲੂਕਾ ਬੂਟਾ ਸਿੰਘ ਡਾ ਸਤਿਗੁਰੂ ਬ੍ਰਿਸ਼ਪਾਲ ਕੁਲਦੀਪ ਸਿੰਘ ਮਨਦੀਪ ਸ਼ਰਮਾ ਸਾਬਕਾ ਸਰਪੰਚ ਗੁਰਚਰਨ ਸਿੰਘ ਜ਼ਿਲ੍ਹਾ ਪ੍ਰੈੱਸ ਸਕੱਤਰ ਰਤਨ ਸ਼ਰਮਾ ਮਲੂਕਾ ਤੋਂ ਇਲਾਵਾ ਸਮੁੱਚੀ ਅਕਾਲੀ ਬਸਪਾ ਜਥੇਬੰਦੀ ਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ ।
1056800cookie-checkਮਲੂਕਾ ਵਿਖੇ ਵਰਕਰ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ