ਚੜ੍ਹਤ ਪੰਜਾਬ ਦੀ
ਲੁਧਿਆਣਾ, 10 ਜੂਨ (ਸਤ ਪਾਲ ਸੋਨੀ )– ਸੂਬੇ ਵਿੱਚ ਟਰਾਂਸਪੋਰਟ ਮਾਫ਼ੀਆ ਦੀ ਕਬਰ ਪੁੱਟਦਿਆਂ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਪੰਜਾਬ ਤੋਂ 15 ਜੂਨ ਨੂੰ ਨਵੀਂ ਦਿੱਲੀ ਹਵਾਈ ਅੱਡੇ ਤੱਕ ਸੁਪਰ ਲਗਜ਼ਰੀ ਵੋਲਵੋ ਬੱਸਾਂ ਸ਼ੁਰੂ ਹੋਣਗੀਆਂ। ਮੁੱਖ ਮੰਤਰੀ ਦੇ ਇਸ ਐਲਾਨ ਦਾ ਜ਼ਿਲ੍ਹਾ ਲੁਧਿਆਣਾ ਵਾਸੀਆਂ ਨੂੰ ਬਹੁਤ ਲਾਭ ਹੋਵੇਗਾ।
ਸਨਅਤੀ ਅਤੇ ਪਰਵਾਸੀ ਲੋਕਾਂ ਦੀ ਬਹੁਤਾਤ ਵਾਲੇ ਜ਼ਿਲ੍ਹਾ ਲੁਧਿਆਣਾ ਨੂੰ ਪੰਜਾਬ ਸਰਕਾਰ ਦਾ ਵੱਡਾ ਤੋਹਫ਼ਾ
ਇਹ ਜਾਣਕਾਰੀ ਦਿੰਦਿਆਂ ਪੰਜਾਬ ਰੋਡਵੇਜ਼ ਲੁਧਿਆਣਾ ਡੀਪੂ ਦੇ ਜਨਰਲ ਮੈਨੇਜਰ ਨਵਰਾਜ ਬਾਤਿਸ਼ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਬਾਕੀ ਜ਼ਿਲ੍ਹਿਆਂ ਨਾਲੋਂ ਵਧੇਰੇ ਐਨ ਆਰ ਆਈ ਪਰਿਵਾਰ, ਸਨਅਤੀ ਪਰਿਵਾਰ ਰਹਿੰਦੇ ਹਨ, ਜੌ ਕਿ ਅਕਸਰ ਦਿੱਲੀ ਤੋਂ ਹਵਾਈ ਸਫ਼ਰ ਲਈ ਜ਼ਿਲ੍ਹਾ ਲੁਧਿਆਣਾ ਤੋਂ ਜਾਂਦੇ ਹਨ। ਜਿਸ ਕਾਰਨ ਜ਼ਿਲ੍ਹਾ ਲੁਧਿਆਣਾ ਨੂੰ ਇਸ ਦਾ ਬਹੁਤ ਲਾਭ ਮਿਲੇਗਾ।
ਸਿਰਫ 990 ਰੁਪਏ ਵਿੱਚ ਸੰਭਵ ਹੋਵੇਗਾ ਆਰਾਮਦਾਇਕ ਸਫ਼ਰ
ਉਹਨਾਂ ਕਿਹਾ ਕਿ ਸ਼ਹਿਰ ਲੁਧਿਆਣਾ ਤੋਂ ਰੋਜ਼ਾਨਾ ਦੋ ਲਗਜ਼ਰੀ ਬੱਸਾਂ ਦਿੱਲੀ ਹਵਾਈ ਅੱਡੇ ਲਈ ਚਲਾਈਆਂ ਜਾਣਗੀਆਂ।ਇਸ ਲਈ ਟਰਾਂਸਪੋਰਟ ਵਿਭਾਗ ਨੂੰ ਪਰਮਿਟ ਜਾਰੀ ਕਰਨ ਲਈ ਲਿਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਜਲੰਧਰ, ਅੰਮ੍ਰਿਤਸਰ, ਕਪੂਰਥਲਾ ਅਤੇ ਹੋਰ ਜ਼ਿਲ੍ਹਿਆਂ ਤੋਂ ਚੱਲਣ ਵਾਲੀਆਂ ਬੱਸਾਂ ਵੀ ਲੁਧਿਆਣਾ ਬਾਈਪਾਸ ਹੋ ਕੇ ਜਾਇਆ ਕਰਨਗੀਆਂ। ਸਿਰਫ 990 ਰੁਪਏ ਵਿੱਚ ਆਰਾਮਦਾਇਕ ਸਫ਼ਰ ਸੰਭਵ ਹੋਵੇਗਾ।
ਉਹਨਾਂ ਕਿਹਾ ਕਿ ਇਹ ਬੱਸਾਂ ਰੋਜ਼ਾਨਾ ਲੁਧਿਆਣਾ ਦੇ ਮੁੱਖ ਬੱਸ ਸਟੈਂਡ ਤੋਂ ਸਵੇਰੇ 9 ਵਜੇ ਅਤੇ ਸ਼ਾਮ 6:20 ਵਜੇ ਚੱਲਿਆ ਕਰਨਗੀਆਂ ਅਤੇ 8 ਘੰਟਿਆਂ ਵਿੱਚ ਦਿੱਲੀ ਹਵਾਈ ਅੱਡੇ ਪਹੁੰਚਿਆ ਕਰਨਗੀਆਂ। ਉਸ ਉਪਰੰਤ ਰਾਤ ਅਤੇ ਸਵੇਰ ਨੂੰ ਫਲਾਇਟਾਂ ਦੀ ਉਡੀਕ ਕਰਕੇ ਵਾਪਿਸ ਲੁਧਿਆਣਾ ਲਈ ਚੱਲਿਆ ਕਰਨਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਸਾਂ ਦੀ ਬੁਕਿੰਗ ਪੰਜਾਬ ਰੋਡਵੇਜ਼ ਅਤੇ ਪਨਬੱਸ ਦੀਆਂ ਵੈੱਬਸਾਈਟਾਂ ਤੋਂ ਬਹੁਤ ਸੌਖੇ ਢੰਗ ਨਾਲ ਕੀਤੀ ਜਾ ਸਕਦੀ ਹੈ। ਇਨ੍ਹਾਂ ਬੱਸਾਂ ਦੇ ਆਉਣ-ਜਾਣ ਦਾ ਸਮਾਂ ਸਾਰਣੀ ਵੀ ਵੈੱਬਸਾਈਟਾਂ ਤੇ ਉਪਲਬਧ ਹੋਵੇਗਾ।
ਉਹਨਾਂ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਦੇ ਐਲਾਨ ਮੁਤਾਬਿਕ ਬੱਸ ਵਿਚ ਵੱਧ ਤੋਂ ਵੱਧ ਸਹੂਲਤਾਂ ਮੁਹਈਆ ਕਰਵਾਈਆਂ ਜਾਣਗੀਆਂ। ਕਿਰਾਇਆ ਵੀ ਨਿੱਜੀ ਬੱਸਾਂ ਤੋਂ ਅੱਧਾ ਲੱਗੇਗਾ। ਦੱਸਣਯੋਗ ਹੈ ਕਿ ਵੋਲਵੋ ਬੱਸ ਸੇਵਾ ਸ਼ੁਰੂ ਕਰਨ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਸਾਨੂੰ ਲੋਕਾਂ ਨੇ ਮਾਫ਼ੀਆ ਦੇ ਖ਼ਾਤਮੇ ਲਈ ਸੂਬੇ ਵਿੱਚ ਸੇਵਾ ਕਰਨ ਲਈ ਫਤਵਾ ਦਿੱਤਾ ਹੈ। ਉਹਨਾਂ ਕਿਹਾ ਕਿ ਹੁਣ ਟਰਾਂਸਪੋਰਟ ਮਾਫ਼ੀਆ ਬੀਤੇ ਦੀ ਗੱਲ ਬਣ ਜਾਵੇਗਾ।”
ਮੁੱਖ ਮੰਤਰੀ ਨੇ ਝੋਰਾ ਪ੍ਰਗਟਾਇਆ ਕਿ ਦਹਾਕਿਆਂ ਤੋਂ ਸਿਰਫ਼ ਪ੍ਰਾਈਵੇਟ ਟਰਾਂਸਪੋਰਟ ਮਾਫ਼ੀਆ ਹੀ ਇਸ ਰੂਟ ਉਤੇ ਬੱਸਾਂ ਚਲਾ ਰਿਹਾ ਸੀ ਅਤੇ ਆਪਣੀ ਮਨਮਰਜ਼ੀ ਨਾਲ ਕਿਰਾਇਆ ਵਸੂਲ ਕੇ ਲੋਕਾਂ ਨੂੰ ਲੁੱਟ ਰਿਹਾ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਇਸ ਕਾਰੋਬਾਰ ਉਤੇ ਇਜਾਰੇਦਾਰੀ ਕਾਇਮ ਕਰ ਲਈ ਸੀ ਅਤੇ ਲੋਕਾਂ ਦਾ ਸ਼ੋਸ਼ਣ ਕਰ ਰਹੇ ਸਨ। ਇਹ ਵੀ ਦੱਸਣਯੋਗ ਹੈ ਕਿ ਵਿਦੇਸ਼ਾਂ ਤੋਂ ਪੰਜਾਬ ਆਉਣ ਵਾਲੇ ਵੱਡੀ ਗਿਣਤੀ ਪਰਵਾਸੀ ਭਾਰਤੀ ਹਮੇਸ਼ਾ ਇਹ ਸ਼ਿਕਾਇਤ ਕਰਦੇ ਸਨ ਕਿ ਕਿਉਂ ਸਿਰਫ਼ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਹੀ ਇਸ ਰੂਟ ਉਤੇ ਬੱਸਾਂ ਚਲਾਉਣ ਦਾ ਹੱਕ ਹੈ ਅਤੇ ਕਿਉਂ ਪੰਜਾਬ ਸਰਕਾਰ ਇਨ੍ਹਾਂ ਰੂਟਾਂ ਉਤੇ ਬੱਸਾਂ ਨਹੀਂ ਚਲਾ ਰਹੀ।
#For any kind of News and advertisement contact us on 980-345-0601
1209400cookie-checkਸ਼ਹਿਰ ਲੁਧਿਆਣਾ ਤੋਂ ਰੋਜ਼ਾਨਾ ਜਾਇਆ ਕਰਨਗੀਆਂ ਨਵੀਂ ਦਿੱਲੀ ਹਵਾਈ ਅੱਡੇ ਤੱਕ ਸੁਪਰ ਲਗਜ਼ਰੀ ਬੱਸ