ਚੜ੍ਹਤ ਪੰਜਾਬ ਦੀ
ਲੁਧਿਆਣਾ 01 ਮਈ, (ਸਤ ਪਾਲ ਸੋਨੀ)- ਕੋਈ ਸਮਾਂ ਸੀ ਜਦੋਂ ਪੰਜਾਬ ਦੀ ਜਵਾਨੀ ਦੇ ਚਰਚੇ ਦੇਸ਼ ਵਿੱਚ ਹੀ ਨਹੀਂ ਸਗੋਂ ਪ੍ਰਦੇਸ਼ਾਂ ਵਿੱਚ ਵੀ ਹੁੰਦੇ ਸਨ।ਪੰਜਾਬੀ ਸਖ਼ਤ ਮਿਹਨਤਾਂ ਕਰਨ ਕਸਰਤਾਂ ਕਰਨ ਅਤੇ ਵਧੀਆ ਵਧੀਆ ਖੁਰਾਕਾਂ ਖਾਣ ਵਜੋਂ ਮਸ਼ਹੂਰ ਸਨ ਪਰ ਅੱਜ ਉਹੀ ਪੰਜਾਬ ਵਧੀਆ ਖੁਰਾਕਾਂ ਦੀ ਬਜਾਇ ਨਸ਼ਿਆਂ ਰੂਪੀ ਦਲਦਲ ਵਿੱਚ ਫਸ ਗਿਆ ਹੈ ਜਿਸ ਵਿੱਚ ਸਭ ਤੋਂ ਮਸ਼ਹੂਰ ਨਸ਼ਾ ਹੈ ਚਿੱਟੇ ਦਾ ਨਸ਼ਾ।ਇਹ ਚਿੱਟੇ ਦਾ ਨਸ਼ਾ ਇੰਨਾ ਖ਼ਤਰਨਾਕ ਹੈ ਕਿ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰੀ ਜਾ ਰਿਹਾ ਹੈ ।ਰੋਜ਼ਾਨਾ ਅਨੇਕਾਂ ਹੀ ਨੌਜਵਾਨ ਇਸ ਚਿੱਟੇ ਕਾਰਨ ਮੌਤ ਦੇ ਮੂੰਹ ਵਿੱਚ ਜਾਈ ਜਾ ਰਹੇ ਹਨ। ਸਾਰੀਆਂ ਸਰਕਾਰਾਂ ਇਸ ਚਿੱਟੇ ਰੂਪੀ ਦੈਂਤ ਨੂੰ ਖ਼ਤਮ ਕਰਨ ਵਿੱਚ ਫੇਲ੍ਹ ਹੋ ਰਹੀਆਂ ਹਨ ਹੁਣ ਤਾਂ ਇਹ ਹਾਲ ਹੈ ਕਿ ਕੋਈ ਵੀ ਪਾਰਟੀ ਇਲੈਕਸ਼ਨ ਦੋਰਾਨ ਚਿੱਟੇ ਨੂੰ ਖ਼ਤਮ ਕਰਨ ਦਾ ਵਿਸ਼ਵਾਸ ਦੁਆ ਕੇ ਪੰਜਾਬ ਵਾਸੀਆਂ ਨੂੰ ਮੂਰਖ ਬਣਾਓਦੀ ਹੈ ਅਤੇ ਆਪਣੀ ਸਰਕਾਰ ਬਣਾ ਲੈਂਦੀ ਹੈ ਪਰੰਤੂ ਇਹ ਚਿੱਟੇ ਦਾ ਨਸ਼ਾ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ।
ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੀ ਜੋ ਸਰਕਾਰ ਬਣੀ ਹੈ ਉਸ ਤੋਂ ਲੋਕਾਂ ਨੂੰ ਬਹੁਤ ਉਮੀਦਾਂ ਸਨ ਕਿ ਇਹ ਸਰਕਾਰ ਇਸ ਨਸ਼ੇ ਨੂੰ ਖਤਮ ਕਰ ਦੇਵੇਗੀ ਪ੍ਰੰਤੂ ਇਹ ਸਰਕਾਰ ਵੀ ਚਿੱਟੇ ਨੂੰ ਖ਼ਤਮ ਕਰਨ ਵਿੱਚ ਨਾਕਾਮ ਜਾਪ ਰਹੀ ਹੈ। ਸ਼ਿਮਲਾਪੁਰੀ ਇਲਾਕੇ ਦੇ ਸੂਰਜ ਨਗਰ ਵਿਚ ਚਿੱਟਾ ਸ਼ਰ੍ਹੇਆਮ ਵਿਕ ਰਿਹਾ ਹੈ ਜੇਕਰ ਕੋਈ ਪੁਲਿਸ ਨੂੰ ਸ਼ਿਕਾਇਤ ਕਰਦਾ ਹੈ ਤਾਂ ਪੁਲਿਸ ਅੱਗੋ ਜਵਾਬ ਦਿੰਦੀ ਹੈ ਕਿ ਤੁਸੀਂ ਆਪ ਨਾਲ ਚੱਲ ਕੇ ਫੜਾਓ ਜੇਕਰ ਕੋਈ ਆਦਮੀ ਪੁਲਿਸ ਦੇ ਨਾਲ ਜਾ ਕੇ ਚਿੱਟੇ ਵਾਲੇ ਫੜਾਉਣ ਲਈ ਤਿਆਰ ਹੋ ਵੀ ਜਾਂਦਾ ਹੈ ਤਾਂ ਪੁਲਿਸ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਚਿੱਟੇ ਦੇ ਸੌਦਾਗਰ ਗਾਇਬ ਹੋ ਜਾਂਦੇ ਹਨ ਅਤੇ ਉਸ ਤੋਂ ਬਾਅਦ ਉਸ ਰੇਡ ਕਰਵਾਉਣ ਵਾਲੇ ਬੰਦੇ ਦੀ ਹਨ੍ਹੇਰੇ ਸਵੇਰੇ ਛਿੱਤਰ ਪਰੇਡ ਕਰਦੇ ਹਨ । ਇਸ ਤੋਂ ਇਹ ਜਾਪਦਾ ਹੈ ਕਿ ਪੁਲਿਸ ਦੇ ਕੁਝ ਆਦਮੀ ਹੀ ਇਨ੍ਹਾਂ ਨਸ਼ੇ ਦੇ ਸੌਦਾਗਰਾਂ ਨਾਲ ਰਲੇ ਹੋਏ ਹਨ।
ਇਸ ਸਬੰਧੀ ਅਖਬਾਰਾਂ ਵਿਚ ਖਬਰਾਂ ਲਗਾਉਣ ਦੇ ਬਾਵਜੂਦ ਵੀ ਪੁਲਿਸ ਅਤੇ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ ਅਤੇ ਪੁਲਿਸ ਦੇ ਇਸ ਰਵੱਈਏ ਤੋਂ ਤੰਗ ਆ ਕੇ ਅੱਜ ਸਟੇਟ ਮੀਡੀਆ ਕਲੱਬ ਲੁਧਿਆਣਾ ਨੇ ਚਿੱਟੇ ਦੇ ਖ਼ਿਲਾਫ਼ ਇਕ ਰੋਸ ਮਾਰਚ ਕੱਢਿਆ।ਇਸ ਸਬੰਧੀ ਸਟੇਟ ਮੀਡੀਆ ਕਲੱਬ ਦੇ ਪ੍ਰਧਾਨ ਜਤਿੰਦਰ ਟੰਡਨ ਨੇ ਮੀਡੀਆ ਨਾਲ ਗੱਲ ਕਰਦੇ ਦੱਸਿਆ ਕਿ ਜੇਕਰ ਅਜੇ ਵੀ ਪੁਲਸ ਹਰਕਤ ਵਿਚ ਨਾ ਆਈ ਤਾਂ ਇਹ ਰੋਸ ਮੁਜ਼ਾਹਰੇ ਹੋਰ ਵੱਡੇ ਪੱਧਰ ਤੇ ਕੀਤੇ ਜਾਣਗੇ ਤਾਂ ਕਿ ਸਰਕਾਰ ਦੇ ਕੰਨਾਂ ਤੱਕ ਉਸਦੀ ਆਵਾਜ਼ ਪਹੁੰਚ ਸਕੇ ।ਇਸ ਮੌਕੇ ਅਮਨ ਸੈਣੀ, ਰਣਜੀਤ ਰਾਣਾ, ਨਿਤਿਨ ਗਰਗ, ਗਗਨ, ਜਤਿੰਦਰ ਟੰਡਨ, ਗੁਰੀ ਹਾਂਡਾ, ਵਿੱਕੀ ਵਰਮਾ, ਸਚਿਨ ਬੇਦੀ, ਬਲਜਿੰਦਰ ਸਿੰਘ, ਮਨਦੀਪ ਸਿੰਘ ਮੱਕੜ ਆਦਿ ਹਾਜ਼ਰ ਸਨ।
1170400cookie-checkਚਿੱਟੇ ਦੇ ਗੜ੍ਹ ਵਜੋਂ ਜਾਣੇ ਜਾਂਦੇ ਸ਼ਿਮਲਾਪੁਰੀ ਇਲਾਕੇ ਵਿੱਚ ਸਟੇਟ ਮੀਡੀਆ ਕਲੱਬ ਵੱਲੋਂ ਕੱਢਿਆ ਗਿਆ ਪੈਦਲ ਮਾਰਚ