December 22, 2024

Loading

ਚੜ੍ਹਤ ਪੰਜਾਬ ਦੀ,
ਰਾਮਪੁਰਾ ਫੂਲ 10 ਨਵੰਬਰ(ਪ੍ਰਦੀਪ ਸ਼ਰਮਾ): ਸਿੱਖ ਇਤਿਹਾਸ ਦੇ ਅਹਿਮ ਅਸਥਾਨ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਜਲਦੀ ਅਤੇ ਪੱਕੇ ਤੌਰ ’ਤੇ ਖੋਲਿਆ ਜਾਵੇ ਅਤੇ ਇਸ ਇਤਿਹਾਸਕ ਲਾਂਘੇ ’ਤੇ ਹੋ ਰਹੀ ਫਿਰਕੂ ਸਿਆਸਤ ਬੰਦ ਕੀਤੀ ਜਾਵੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਖ ਜਥੇਬੰਦੀਆਂ ਵੱਲੋਂ ਕੀਤਾ ਗਿਆ।
ਇਤਿਹਾਸਕ ਲਾਂਘੇ ’ਤੇ ਫਿਰਕੂ ਸਿਆਸਤ ਬੰਦ ਕੀਤੀ ਜਾਵੇ-ਸਿੱਖ ਜਥੇਬੰਦੀਆਂ
ਦਲ ਖ਼ਾਲਸਾ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ, ਕੇਂਦਰੀ ਵਰਕਿੰਗ ਕਮੇਟੀ ਮੈਂਬਰ ਭਾਈ ਗੁਰਵਿੰਦਰ ਸਿੰਘ ਬਠਿੰਡਾ, ਜਿਲ੍ਹਾ ਕਾਰਜਕਾਰੀ ਪ੍ਰਧਾਨ ਭਾਈ ਜੀਵਨ ਸਿੰਘ ਗਿੱਲ ਕਲਾਂ, ਰਾਮ ਸਿੰਘ ਢਿਪਾਲੀ, ‘ਫ਼ਾਰਾਨ’ ਦੇ ਸੰਪਾਦਕੀ ਮੰਡਲ ਦੇ ਸਲਾਹਕਾਰ ਬਲਜਿੰਦਰ ਸਿੰਘ ਕੋਟਭਾਰਾ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਮਾਲਵਾ ਜੋਨ ਦੇ ਆਗੂ ਭਾਈ ਪਰਨਜੀਤ ਸਿੰਘ ਜੱਗੀ ਬਾਬਾ, ਨੌਜਵਾਨ ਆਗੂ ਭਾਈ ਪ੍ਰਦੀਪ ਸਿੰਘ ਭਾਗੀਬਾਂਦਰ ਨੇ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਜੀ ਨੇ ਆਪਣੀ ਜਿੰਦਗੀ ਦੇ ਪਿਛਲੇ ਸਮੇਂ ’ਚ ਕਰਤਾਰਪੁਰ (ਜੋ ਮੌਜੂਦਾ ਸਮੇਂ ਲਹਿੰਦੇ ਪੰਜਾਬ ’ਚ ਹੈ) ਵਸਾ ਕੇ ਕਿਰਤ ਕਰਨ ਤੇ ਲੋਕਾਂ ਨੂੰ ਗੁਰਮਤਿ ਫਲਸਫ਼ੇ ਮੁਤਾਬਿਕ ਅਮਲੀ ਰੂਪ ’ਚ ਜਿੰਦਗੀ ਜਿਉਣ ਦਾ ਉਪਦੇਸ ਦਿੱਤਾ। ਜਿਸ ਕਾਰਨ ਇਹ ਅਸਥਾਨ ਸਿੱਖ ਧਰਮ ਦਾ ਇਕ ਧੁਰਾ ਤੇ ਇਤਹਾਸਿਕ ਤੌਰ ’ਤੇ ਬਹੁਤ ਮਹੱਤਤਾ ਰੱਖਦਾ ਹੈ ਪਰ ਅਫਸੋਸ ਹੈ ਕਿ ਸੰਗਤ ਲਈ ਪੱਕੇ ਤੌਰ ’ਤੇ ਲਾਂਘਾ ਖੋਲਣ ਦੀ ਬਜਾਏ ਇਸ ’ਤੇ ਫ਼ਿਰਕੂ ਅਤੇ ਸੋੜੀ ਸਿਆਸਤ ਕੀਤੀ ਜਾ ਰਹੀ ਹੈ।
ਉਹਨਾ ਕਿਹਾ ਕਿ ਸਿੱਖ ਸਮਾਜ ਦੀ ਮੰਗ ’ਤੇ ਨਾ ਕੇਵਲ ਇਸ ਲਾਂਘੇ ਨੂੰ ਪੱਕੇ ਤੌਰ ’ਤੇ ਖੋਲਿਆ ਜਾਵੇ ਸਗੋਂ ਦਰਸ਼ਨਾਂ ਲਈ ਵੀ ਪਾਸਪੋਰਟ ਤੇ ਹੋਰ ਬੇਲੋੜੀ ਦੀਆਂ ਸ਼ਰਤਾਂ ਹਟਾ ਕੇ ਸੌਖੇ ਤੇ ਆਮ ਵਿਅਕਤੀ ਵੱਲੋਂ ਮੰਨੇ ਜਾਣ ਵਾਲੇ ਨਿਯਮ ਲਾਗੂ ਕੀਤੇ ਜਾਣ। ਉਹਨਾਂ ਕਿਹਾ ਕਿ ਕਿਸੇ ਵੀ ਧਰਮ ਦੇ ਲੋਕਾਂ ਵੱਲੋਂ ਉਹਨਾਂ ਦੇ ਇਤਿਹਾਸਕ ਧਾਰਮਿਕ ਅਸਥਾਨ ਨੂੰ ਦਰਸ਼ਨਾ ਲਈ ਖੋਲਣ ਨੂੰ ‘ਵੱਖਵਾਦੀ’, ‘ਅੱਤਵਾਦੀ’, ‘ਦੇਸ ਧਰੋਹੀ’ ਆਦਿ ਨਾਲ ਜੋੜਨ ਨਾਲ ਕੇਵਲ ਉਸ ਧਰਮ ਪ੍ਰਤੀ ਨਫ਼ਰਤ ਦਾ ਪ੍ਰਗਟਾਵਾ ਹੈ ਸਗੋਂ ਨੈਤਿਕ ਤੌਰ ’ਤੇ ਵੀ ਇਕ ਘਟੀਆ ਵਰਤਾਰਾ ਹੈ। ਉਹਨਾਂ ਸਿੱਖ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਪੱਕੇ ਤੌਰ ’ਤੇ ਖੋਲਣ ਤੇ ਦਰਸ਼ਨਾਂ ਲਈ ਨਿਯਮ ਸੌਖੇ ਕਰਨ ਲਈ ਸਰਕਾਰ ’ਤੇ ਦਬਾਅ ਬਣਾਉਣ।
90500cookie-checkਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਜਲਦੀ ਤੇ ਪੱਕੇ ਤੌਰ ’ਤੇ ਖੋਲਣ ਦੀ ਮੰਗ
error: Content is protected !!