ਰਾਮਪੁਰਾ ਫੂਲ 29 ਅਗਸਤ,ਚੜ੍ਹਤ ਪੰਜਾਬ ਦੀ, ( ਪ੍ਰਦੀਪ ਸ਼ਰਮਾ ): ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਚੋਣਾਂ ਲਈ ਤਿੰਨ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ਜਿਸ ਵਿਚ ਹਲਕਾ ਰਾਮਪੁਰਾ ਫੂਲ ਤੋਂ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਪਾਰਟੀ ਨੇ ਆਪਣਾ ਉਮੀਦਵਾਰ ਐਲਾਨਿਆ ਹੈ। ਮਲੂਕਾ ਨੇ ਕਿਹਾ ਕਿ ਉਹ ਹਲਕਾ ਰਾਮਪੁਰਾ ਫੂਲ ਤੋਂ ਚੋਣ ਨਹੀਂ ਲੜਨਗੇ। ਉਹ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਉਨਾਂ ਨੂੰ ਮਾਣ ’ਤੇ ਸਤਿਕਾਰ ਦੇਣ ਲਈ ਧੰਨਵਾਦ ਕਰਦੇ ਹਨ ਪਰ ਹਲਕਾ ਰਾਮਪੁਰਾ ਫੂਲ ਤੋਂ ਗੁਰਪ੍ਰੀਤ ਸਿੰਘ ਮਲੂਕਾ ਹੀ ਚੋਣ ਲੜਨਗੇ।
ਮਲੂਕਾ ਨੇ ਕਿਹਾ ਕਿ ਉਨਾਂ ਦੇ ਸਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਪਿਛਲੇ ਇੱਕ ਸਾਲ ਤੋਂ ਹਲਕੇ ਦੇ ਮੁੱਖ ਸੇਵਾਦਾਰ ਵੱਜੋਂ ਵਿਚਰ ਰਹੇ ਹਨ। ਗੁਰਪ੍ਰੀਤ ਸਿੰਘ ਮਲੂਕਾ ਵੱਲੋਂ ਹੀ ਹਲਕੇ ਵਿਚ ਸਾਰੀਆਂ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ ਤੇ ਉਨਾਂ ਨੂੰ ਰਾਮਪੁਰਾ ਹਲਕੇ ਵਿਚ ਭਾਰੀ ਸਮਰੱਥਨ ਮਿਲ ਰਿਹਾ ਹੈ। ਪਿਛਲੇ ਦੋ ਮਹੀਨਿਆਂ ਵਿਚ ਵੱਖ ਵੱਖ ਪਾਰਟੀਆਂ ਨਾਲ ਸੰਬੰਧਿਤ ਤਕਰੀਬਨ 600 ਤੋਂ ਵੱਧ ਪਰਿਵਾਰਾਂ ਨੇ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ ਹੈ। ਇਨਾਂ ਪਰਿਵਾਰਾਂ ਵਿਚ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਕਈ ਵੱਡੇ ਆਗੂਆਂ ਦੇ ਪਰਿਵਾਰ ਵੀ ਸ਼ਾਮਲ ਹਨ।
ਸਿਕੰਦਰ ਮਲੂਕਾ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਦੇ ਆਦੇਸ਼ਾਂ ਅਨੁਸਾਰ ਉਹ ਪਿਛਲੇ ਇੱਕ ਸਾਲ ਤੋਂ ਹਲਕਾ ਮੌੜ ਵਿੱਚ ਸਰਗਰਮੀਆਂ ਕਰ ਰਹੇ ਹਨ। ਉਨਾਂ ਦੀ ਅਗਵਾਈ ਵਿੱਚ ਹਲਕਾ ਮੌੜ ਦੀ ਸਮੁੱਚੀ ਜਥੇਬੰਦੀ ਇਕਜੁੱਟ ਹੋ ਕੇ ਕੰਮ ਕਰ ਰਹੀ ਹੈ। ਉਹ ਪਿਛਲੇ ਚਾਰ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਈ ਗਈ ਹਰ ਜਿੰਮੇਵਾਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਂਦੇ ਆ ਰਹੇ ਹਨ।ਮਲੂਕਾ ਨੇ ਕਿਹਾ ਕਿ ਉਹ ਹਲਕਾ ਮੌੜ ਤੋਂ ਚੋਣ ਲੜਨਾ ਚਾਹੁੰਦੇ ਹਨ ਪਾਰਟੀ ਹਾਈਕਮਾਂਡ ਨੂੰ ਵੀ ਉਨਾਂ ਨੂੰ ਮੌੜ ਹਲਕੇ ਦੇ ਉਮੀਦਵਾਰ ਵੱਜੋਂ ਚੋਣ ਲੜਾਉਣੀ ਚਾਹੀਦੀ ਹੈ। ਜੇਕਰ ਪਾਰਟੀ ਉਨਾਂ ਨੂੰ ਹਲਕਾ ਮੌੜ ਤੋਂ ਚੋਣ ਨਹੀਂ ਲੜਾਉਣਾ ਚਾਹੁੰਦੀ ਤਾਂ ਉਹ ਪਾਰਟੀ ਵੱਲੋਂ ਲਗਾਈ ਗਈ ਹੋਰ ਕੋਈ ਵੀ ਜਿੰਮੇਵਾਰੀ ਨੂੰ ਤਨਦੇਹੀ ’ਤੇ ਇਮਾਨਦਾਰੀ ਨਾਲ ਨਿਭਾਉਣਗੇ। ਉੱਕਤ ਜਾਣਕਾਰੀ ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ ਵੱਲੋਂ ਦਿੱਤੀ ਗਈ।