ਲੁਧਿਆਣਾ, 1 ਜੁਲਾਈ ( ਸਤਪਾਲ ਸੋਨੀ ) : ਕੇਂਦਰ ਦੀ ਭਾਜਪਾ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਖਿਲਾਫ ਅਕਾਲੀ ਦਲ ਆਪਣਾ ਸਟੈਂਡ ਸਪੱਸ਼ਟ ਕਰੇ ਇਹ ਸ਼ਬਦ ਅੱਜ ਇੱਕ ਲਿਖਤੀ ਬਿਆਨ ਰਾਹੀਂ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਚੇਅਰਮੈਨ ਪੰਜਾਬ ਸਟੇਟ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ (ਪੀ.ਐਸ.ਆਈ.ਡੀ.ਸੀ.) ਨੇ ਕਹੇ।ਸ਼੍ਰੀ ਬਾਵਾ ਨੇ ਕਿਹਾ ਕਿ ਹਰ ਚੜਦੀ ਸਵੇਰ ਮੋਦੀ ਸਰਕਾਰ ਡੀਜ਼ਲ ਪੈਟਰੋਲ ਦੇ ਰੇਟ ਵਧਾ ਰਹੀ ਪਰ ਅਕਾਲੀ ਦਲ ਬੀਬੀ ਹਰਸਿਮਰਤ ਕੌਰ ਦੀ ਵਜ਼ੀਰੀ ਸਲਾਮਤ ਰੱਖਣ ਲਈ ਪੰਜਾਬ ਦੇ ਲੋਕਾਂ ਨਾਲ ਨਹੀਂ ਕੇਂਦਰ ਦੀ ਭਾਜਪਾ ਸਰਕਾਰ ਨਾਲ ਖੜਾ ਹੈ ਜੋ ਕਿ ਅਕਾਲੀ ਦਲ ਵੱਲੋਂ ਪੰਜਾਬੀਆਂ ਨਾਲ ਵਿਸ਼ਵਾਸਘਾਤ ਹੈ।
ਕਿਸਾਨੀ ਦੇ ਨਾਮ ‘ਤੇ ਵੋਟਾਂ ਵਟੋਰਨ ਵਾਲਾ ਅਕਾਲੀ ਦਲ ਹੁਣ ਮੋਦੀ ਸਰਕਾਰ ਖਿਲਾਫ ਐਮ.ਐਸ.ਪੀ. ਦੇ ਮੁੱਦੇ ‘ਤੇ ਜ਼ੁਬਾਨ ਕਿਉਂ ਨਹੀਂ ਖੋਲਦਾ ਕੀ ਇੱਕ ਵਜ਼ੀਰੀ ਦੀ ਖਾਤਿਰ ਪੰਜਾਬ ਦੇ ਹਿੱਤ ਕੁਰਬਾਨ ਕਰ ਦਿੱਤੇ ਹਨ, ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਹਮੇਸ਼ਾ ਪੰਜਾਬ ਦੀ ਕਿਸਾਨੀ ਨੂੰ ਬੜਾਵਾ ਦਿੱਤਾ ਹੈ, ਇਸੇ ਕਰਕੇ ਉਨਾਂ ਨੂੰ ਪੰਜਾਬ ਦੇ ਕਿਸਾਨਾਂ ਦਾ ਮਸੀਹਾ ਕਿਹਾ ਜਾਂਦਾ ਹੈ, ਉਨਾਂ ਕਿਹਾ ਕਿ ਕਿਸਾਨਾਂ ਦਾ ਕਰਜ਼ਾ ਮੁਆਫ ਕਰਕੇ ਪੰਜਾਬ ਸਰਕਾਰ ਨੇ ਕਿਸਾਨ ਦੀ ਬਾਂਹ ਫੜੀ ਹੈ ਪਰ 10 ਸਾਲ ਦੇ ਰਾਜ ਵਿੱਚ ਅਕਾਲੀ–ਭਾਜਪਾ ਸਰਕਾਰ ਨੇ ਕਿਸਾਨਾਂ ਦੀ ਸਾਰ ਨਾ ਲਈ ਇਸ ਲਈ ਪੰਜਾਬ ਦੇ ਸੂਝਵਾਨ–ਦੂਰਅੰਦੇਸ਼ ਲੋਕਾਂ ਨੇ ਉਹ ਵੀ ਵਿਧਾਨ ਸਭਾ ਵਿੱਚ ਆਪੋਜੀਸ਼ਨ ਦੇ ਨੇਤਾ ਦੀ ਵੀ ਸੀਟ ਨਸੀਬ ਨਹੀਂ ਹੋਣ ਦਿੱਤੀ।