November 15, 2024

Loading

ਚੜ੍ਹਤ ਪੰਜਾਬ ਦੀ

ਲੁਧਿਆਣਾ (ਰਵੀ ਵਰਮਾ): ਦੇਸ਼ ਦੇ ਪ੍ਰਸਿੱਧ ਅਜਾਦੀ ਘੁਲਾਟੀ ਪਰਿਵਾਰ ਦੇ ਵਾਰਿਸ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ (63) ਦਾ ਬੀਤੇ ਦਿਨ ਸੀ. ਐਮ. ਸੀ ਹਸਪਤਾਲ ਲੁਧਿਆਣਾ ’ਚ ਦੇਹਾਂਤ ਹੋ ਗਿਆ। ਇੰਨਾ ਲਿੱਲਾਹੀ ਵਾ ਇੰਨਾ ਇਲੈਹੀ ਰਾਜੀਉਨ, 8 ਮਾਰਚ 1958 ਨੂੰ ਮੌਲਾਨਾ ਮੁਫ਼ਤੀ ਮੁਹੰਮਦ ਅਹਿਮਦ ਰਹਿਮਾਨੀ ਲੁਧਿਆਣਵੀ ਦੇ ਘਰ ਜੰਮੇ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਆਪਣੇ ਪਿਤਾ ਦੇ ਦੇਹਾਂਤ ਤੋਂ ਬਾਅਦ ਸ਼ਾਹੀ ਇਮਾਮ ਪੰਜਾਬ ਦਾ ਪਦ ਸੰਭਾਲਿਆ ਸੀ। ਆਪ ਪੰਜਾਬ ਹੀ ਨਹੀਂ ਦੇਸ਼ ਭਰ ਦੇ ਮੁਸਲਮਾਨਾਂ ’ਚ ਲੋਕਾਂ ਨੂੰ ਪਿਆਰੇ ਸਨ। ਆਪ ਨੇ ਪੰਜਾਬ ’ਚ ਆਪਸੀ ਭਾਈਚਾਰਾ ਕਾਇਮ ਰੱਖਣ ਦੇ ਨਾਲ-ਨਾਲ ਕਈ ਸੌ ਬੰਦ ਪਈਆਂ ਮਸਜਿਦਾਂ ਨੂੰ ਖੁੱਲਵਾਇਆ ਅਤੇ ਨਵੀਂ ਮਸਜਿਦਾਂ ਨੂੰ ਬਣਵਾਇਆ।

ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਹਮੇਸ਼ਾ ਹੀ ਹੱਕ ਅਤੇ ਸੱਚ ਦੀ ਅਵਾਜ ਬੁਲੰਦ ਕੀਤੀ, ਆਪ ਕਦੇ ਕਿਸੇ ਸਰਕਾਰ ਦੇ ਅੱਗੇ ਨਹੀਂ ਝੁੱਕੇ। ਸ਼ਾਹੀ ਇਮਾਮ ਪੰਜਾਬ ਬੇਦਾਗ ਸ਼ਖਸੀਅਤ ਦੇ ਮਾਲਿਕ ਸਨ। ਗਰੀਬਾਂ ਅਤੇ ਜਰੂਰਤਮੰਦਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੇ ਸਨ ਤੁਹਾਡੀ ਮਸਜਿਦ ਤੋਂ ਕਦੇ ਕੋਈ ਸਵਾਲ ਕਰਣ ਵਾਲਾ ਖਾਲੀ ਨਹੀਂ ਪਰਤਿਆ। ਬਿਨਾਂ ਧਰਮ ਅਤੇ ਜਾਤ ਦੇ ਭੇਦ-ਭਾਵ ਦੇ ਸੱਭ ਦੀ ਜਰੂਰਤ ਪੂਰੀ ਕਰਦੇ ਸਨ। ਲੋਕਡਾਉਨ ’ਚ ਸ਼ਾਹੀ ਇਮਾਮ ਸਾਹਿਬ ਨੇ ਐਲਾਨ ਕੀਤਾ ਕਿ ਅਸੀਂ ਬਿਨਾਂ ਫੋਟੋ ਲਏ ਰਾਸ਼ਨ ਘਰਾਂ ਤੱਕ ਪਹੁੰਚਾਵਾਂਗੇ ਅਤੇ ਫਿਰ ਹਜ਼ਾਰਾਂ ਘਰਾਂ ਤੱਕ ਸਮਾਨ ਪਹੁੰਚਵਾਇਆ। ਗਰੀਬ ਬੱਚੀਆਂ ਦੀ ਪੜਾਈ ਲਈ ਬਹੁਤ ਕੰਮ ਕੀਤਾ, ਜਗਾ-ਜਗਾ ਮਕਤਬ (ਬ੍ਰਾਂਚਾਂ) ਖੁਲਵਾਈਆ ਅਤੇ ਉੱਚ ਸਿੱਖਿਆ ਲਈ ਹਜਾਰਾਂ ਬੱਚੀਆਂ ਦੀ ਮਾਲੀ ਮਦਦ ਕਰਦੇ ਰਹੇ। ਆਪਣੇ ਦੇਸ਼ ਨਾਲ ਹਮੇਸ਼ਾ ਪਿਆਰ ਰਿਹਾ ਇਸ ਨਾਲ ਕਦੇ ਕੋਈ ਸਮਝੌਤਾ ਨਹੀਂ ਕੀਤਾ। ਪਾਕਿਸਤਾਨ ਨੂੰ ਵੀ ਲਤਾੜਦੇ ਰਹੇ, 15 ਅਗਸਤ ਨੂੰ ਕਦੇ ਵੀ ਤਿਰੰਗਾ ਲਹਿਰਾਉਣਾ ਨਹੀਂ ਭੁੱਲਦੇ ਸਨ, ਅੱਤਵਾਦ ਦੇ ਖਿਲਾਫ ਹਮੇਸ਼ਾ ਖੁੱਲ ਕੇ ਬੋਲੇ ਅਤੇ ਦੇਸ਼ ’ਚ ਫਿਰਕਾ ਪ੍ਰਸਤੀ ਦਾ ਵੀ ਹਮੇਸ਼ਾ ਡੱਟ ਕੇ ਮੁਕਾਬਲਾ ਕੀਤਾ। ਧਾਰਮਿਕ ਕੱਟੜਤਾਵਾਦ ਦੇ ਹਮੇਸ਼ਾ ਖਿਲਾਫ਼ ਰਹੇ।

ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੂੰ ਇਸਲਾਮੀ ਜਗਤ ’ਚ ਬਹੁਤ ਅਹਮਿਅਤ ਹਾਸਿਲ ਸੀ, ਮੁਸਲਮਾਨ ਰਾਜਨੀਤੀ ’ਚ ਤੁਹਾਡੇ ਬਿਆਨ ਅਤੇ ਮਸ਼ਵਰੇ ਨੂੰ ਖਾਸ ਸੱਮਝਿਆ ਜਾਂਦਾ ਸੀ, ਬੀਤੇ ਇੱਕ ਮਹੀਨੇ ਪਹਿਲਾਂ ਅਚਾਨਕ ਲੀਵਰ ਅਤੇ ਕਿਡਨੀ ’ਚ ਇੰਫੇਕਸ਼ਨ ਦੀ ਵਜਾ ਨਾਲ ਬੀਮਾਰ ਹੋ ਗਏ ਬੀਤੇੇ 25 ਦਿਨ ਤੱਕ ਚੇਂਨਈ ਦੇ ਰੇਲੇ ਹਸਪਤਾਲ ’ਚ ਇਲਾਜ ਚਲਦਾ ਰਿਹਾ ਹੁਣੇ ਤਿੰਨ ਦਿਨ ਪਹਿਲਾਂ ਹੀ ਲੁਧਿਆਣਾ ਵਾਪਸ ਆਏ ਸਨ ਕਿ ਤਬੀਅਤ ਦੀ ਖਰਾਬੀ ਦੀ ਵਜਾ ਨਾਲ ਸੀ. ਐਮ. ਸੀ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਅੱਜ ਆਪ ਜੀ ਦਾ ਦੇਹਾਂਤ ਹੋ ਗਿਆ, ਆਪ ਜੀ ਦੇ ਪਰਿਵਾਰ ’ਚ ਪਤਨੀ ਨਸੀਮ ਅਖ਼ਤਰ, ਧੀ ਨਗਮਾ ਹਬੀਬ, ਦੋ ਬੇਟੇ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਅਤੇ ਮੁਜਾਹਿਦ ਤਾਰਿਕ ਹਨ। ਵਰਨਣਯੋਗ ਹੈ ਕਿ ਪੰਜਾਬ ਦੀ ਸਰ-ਜਮੀਨ ਲੁਧਿਆਣਾ ’ਤੇ ਅੱਜ ਤੱਕ ਦੇ ਇਤਿਹਾਸ ’ਚ ਸੱਭ ਤੋਂ ਵੱਡੀ ਨਮਾਜ-ਏ-ਜਨਾਜਾ ’ਚ ਲੱਖਾਂ ਦੀ ਗਿਣਤੀ ’ਚ ਲੋਕਾਂ ਨੇ ਸ਼ਾਮਿਲ ਹੋ ਕੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀਂ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਆਪ ਜੀ ਦੇ ਦੇਹਾਂਤ ’ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ, ਪੰਜਾਬ ਦੇ ਕੈਬਿਨੇਟ ਮੰਤਰੀ ਭਾਰਤ ਭੂਸ਼ਨ ਆਸ਼ੂ ਅਤੇ ਭਾਰਤ ਦੇ ਪ੍ਰਮੁੱਖ ਇਸਲਾਮਿਕ ਵਿਦਵਾਨ ਮੌਲਾਨਾ ਸੱਜਾਦ ਨੋਮਾਨੀ ਨੇ ਸ਼ਾਹੀ ਇਮਾਮ ਸਾਹਿਬ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਇਸ ਤੋਂ ਇਲਾਵਾ ਪੰਜਾਬ ਭਰ ਦੇ ਸਾਰੇ ਸਮਾਜਿਕ, ਰਾਜਨੀਤਕ, ਧਾਰਮਿਕ ਅਤੇ ਪ੍ਰਸ਼ਾਸਨਿਕ ਲੋਕਾਂ ਨੇ ਜਾਮਾ ਮਸਜਿਦ ਪਹੁੰਚ ਕੇ ਸੋਗ ਦਾ ਪ੍ਰਗਟਾਵਾ ਕੀਤਾ। ਵਰਨਣਯੋਗ ਹੈ ਕਿ ਸ਼ਾਹੀ ਇਮਾਮ ਪੰਜਾਬ ਦੇ ਦੇਹਾਂਤ ’ਤੇ ਪੰਜਾਬ ਸਰਕਾਰ ਵੱਲੋਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾਂ ਨੇ ਫੁੱਲਮਾਲਾ ਭੇਂਟ ਕਰਕੇ ਸ਼ਰਧਾਂਜਲੀਂ ਦਿੱਤੀ।

ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦੀ ਨਮਾਜ-ਏ-ਜਨਾਜਾ ਭਾਰਤ ਦੇ ਪ੍ਰਸਿੱਧ ਇਸਲਾਮਿਕ ਵਿਦਵਾਨ ਪੀਰ ਜੀ ਹੁਸੈਨ ਅਹਿਮਦ ਬੁੜਿਆ (ਯਮੁਨਾਨਗਰ) ਵਾਲੀਆਂ ਨੇ ਅਦਾ ਕਰਵਾਈ, ਜਿਸਤੋਂ ਬਾਅਦ ਆਪ ਜੀ ਨੂੰ ਜਾਮਾ ਮਸਜਿਦ ਦੇ ਵਿਹੜੇ ’ਚ ਆਪਣੇ ਪਿਤਾ ਦੀ ਕਬਰ ਦੇ ਨਾਲ ਦਫ਼ਨਾਇਆ ਗਿਆ। ਇਸ ਮੌਕੇ ’ਤੇ ਜਿਲਾ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ।

82470cookie-checkਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀਂ ਸਪੁਰਦ-ਏ-ਖ਼ਾਕ
error: Content is protected !!