ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 16 ਦਸੰਬਰ(ਕੁਲਜੀਤ ਸਿੰਘ ਢੀਂਗਰਾ/ਪਰਦੀਪ ਸ਼ਰਮਾ): ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵੱਲੋਂ ਸੂਬੇ ਦੇ ਲੋਕਾਂ ਨਾਲ ਕੀਤੇ ਜਾ ਰਹੇ ਵਾਅਦੇ ਕੇਜਰੀਵਾਲ ਦੀ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਤੇ ਝੂਠ ਦੀ ਰਾਜਨੀਤੀ ਨੂੰ ਪੁਖਤਾ ਕਰ ਰਹੇ ਹਨ।ਇਹ ਦੋਸ਼ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਲੂਕਾ ਨੇ ਕੇਜਰੀਵਾਲ ਵੱਲੋਂ ਜਲੰਧਰ ਵਿਖੇ ਕੀਤੇ ਗਏ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਸਪੋਰਟਸ ਯੂਨੀਵਰਸਿਟੀ ਖੋਲ੍ਹੇ ਜਾਣ ਦੇ ਵਾਅਦਿਆਂ ਤੇ ਤਨਜ਼ ਕਰਦਿਆਂ ਲਗਾਏ।
ਮਲੂਕਾ ਨੇ ਕਿਹਾ ਕਿ ਕੇਜਰੀਵਾਲ ਜਲੰਧਰ ਵਿਖੇ ਸਪੋਰਟਸ ਯੂਨੀਵਰਸਿਟੀ ਖੋਲ੍ਹਣ ਦਾ ਵਾਅਦਾ ਕਰਨ ਤੋਂ ਪਹਿਲਾਂ ਦਿੱਲੀ ਵਿਖੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਗਏ ਉਪਰਾਲਿਆਂ ਬਾਰੇ ਜਾਣਕਾਰੀ ਦੇਣ ।ਦਿੱਲੀ ਵਿਖੇ ਕੇਜਰੀਵਾਲ ਵੱਲੋਂ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਕੁਝ ਵੀ ਨਹੀਂ ਕੀਤਾ ਗਿਆ ।ਓਲੰਪਿਕ ਖੇਡਾਂ ਵਿਚ ਦੇਸ਼ ਦੇ ਖਿਡਾਰੀਆਂ ਵੱਲੋਂ ਮੈਡਲ ਜਿੱਤਣ ਤੋਂ ਬਾਅਦ ਜੇਤੂ ਖਿਡਾਰੀਆਂ ਨੂੰ ਦਿੱਲੀ ਸਪੋਰਟਸ ਯੂਨੀਵਰਸਿਟੀ ਵੱਲੋਂ ਵਧਾਈ ਦੇ ਇਸ਼ਤਿਹਾਰ ਨਾਲ ਕੇਜਰੀਵਾਲ ਦੀ ਫੋਟੋ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਸੀ ।ਹਕੀਕਤ ਇਹ ਹੈ ਕਿ ਦਿੱਲੀ ਵਿਖੇ ਕੋਈ ਵੀ ਸਪੋਰਟਸ ਯੂਨੀਵਰਸਿਟੀ ਨਹੀਂ ਹੈ ।ਯੂਨੀਵਰਸਿਟੀ ਤਾਂ ਦੂਰ ਦੀ ਗੱਲ ਕੇਜਰੀਵਾਲ ਵੱਲੋਂ ਅੱਜ ਤੱਕ ਦਿੱਲੀ ਵਿਖੇ ਕੋਈ ਛੋਟਾ ਗਰਾਊਂਡ ਵੀ ਨਹੀਂ ਬਣਾਇਆ ਗਿਆ।
ਜਲੰਧਰ ਵਿਖੇ ਸਪੋਰਟਸ ਯੂਨੀਵਰਸਿਟੀ ਦਾ ਵਾਅਦਾ ਵੀ ਦਿੱਲੀ ਵਾਲੀ ਯੂਨੀਵਰਸਿਟੀ ਵਾਂਗ ਇਸ਼ਤਿਹਾਰਾਂ ਤਕ ਹੀ ਸੀਮਤ ਰਹੇਗਾ।ਇਸ ਤੋਂ ਇਲਾਵਾ ਜਲੰਧਰ ਵਿਖੇ ਅੰਤਰਰਾਸ਼ਟਰੀ ਹਵਾਈ ਅੱਡਾ ਬਣਾਏ ਜਾਣ ਦਾ ਵਾਅਦਾ ਵੀ ਸੱਚਾਈ ਤੋਂ ਕੋਹਾਂ ਦੂਰ ਹੈ। ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡਾ ਜਲੰਧਰ ਤੋਂ ਬਹੁਤ ਘੱਟ ਦੂਰੀ ਤੇ ਹੈ ਤੇ ਕੇਂਦਰ ਸਰਕਾਰ ਕਦੇ ਵੀ ਜਲੰਧਰ ਵਿਖੇ ਅੰਤਰਰਾਸ਼ਟਰੀ ਹਵਾਈ ਅੱਡਾ ਖੋਲ੍ਹਣ ਦੀ ਮਨਜ਼ੂਰੀ ਨਹੀਂ ਦੇਵੇਗੀ।ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਵੱਲੋਂ ਵੀ ਜਲੰਧਰ ਵਿਖੇ ਅੰਤਰਰਾਸ਼ਟਰੀ ਹਵਾਈ ਅੱਡਾ ਖੋਲ੍ਹਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਭੂਗੋਲਿਕ ਸਥਿਤੀਆਂ ਕਾਰਨ ਇਹ ਸੰਭਵ ਨਹੀਂ ਹੋ ਸਕਿਆ ।
ਕੇਜਰੀਵਾਲ ਬਿਨਾਂ ਜ਼ਮੀਨੀ ਹਕੀਕਤ ਜਾਣੇ ਹੀ ਝੂਠੇ ਵਾਅਦੇ ਕਰ ਰਿਹਾ ਹੈ। ਸੂਬੇ ਦੀਆਂ ਜ਼ਰੂਰਤਾਂ ਨੂੰ ਵੇਖਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਪਹਿਲਾਂ ਹੀ ਲੋੜ ਅਨੁਸਾਰ ਏਅਰਪੋਰਟ ਬਣਾਏ ਜਾ ਚੁੱਕੇ ਹਨ। ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋਡ਼ ਦੀ ਸਰਕਾਰ ਬਣਨ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਚੰਡੀਗੜ੍ਹ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਹੀ ਵੱਧ ਤੋਂ ਵੱਧ ਵਿਸਥਾਰ ਕੀਤਾ ਜਾਵੇਗਾ।ਸੂਬੇ ਦੀਆਂ ਮਹਿਲਾਵਾਂ ਨੌਂ 1000 ਰੁਪਏ ਪ੍ਰਤੀ ਮਹੀਨਾ ਦੇਣ ਵਾਲਾ ਵਾਅਦਾ ਵੀ ਚੋਣ ਸਟੰਟ ਤੋਂ ਵੱਧ ਕੁਝ ਨਹੀਂ ਕਿਉਂਕਿ ਦਿੱਲੀ ਵਿਖੇ ਰੈਵਨਿੳ ਸਰਪਲੱਸ ਸਟੇਟ ਹੋਣ ਦੇ ਬਾਵਜੂਦ ਵੀ ਅਜਿਹੀ ਕੋਈ ਸਹੂਲਤ ਨਹੀਂ ਦਿੱਤੀ ਅਸਲ ਵਿੱਚ ਕੇਜਰੀਵਾਲ ਦੀ ਸਾਰੀ ਰਾਜਨੀਤੀ ਝੂਠ ਦੇ ਸਹਾਰੇ ਚਲਦੀ ਹੈ।
ਦੇਸ਼ ਦੇ ਲੋਕਾਂ ਨੂੰ ਗੁਮਰਾਹ ਅਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਬਦਨਾਮ ਕਰਨ ਲਈ ਕੇਜਰੀਵਾਲ ਨੇ ਹਮੇਸ਼ਾ ਝੂਠ ਦਾ ਸਹਾਰਾ ਲਿਆ ਹੈ ।ਬਿਕਰਮਜੀਤ ਸਿੰਘ ਮਜੀਠੀਆ ਅਰੁਣ ਜੇਤਲੀ ਤੋਂ ਇਲਾਵਾ ਹੋਰ ਕਈ ਆਗੂਆਂ ਤੇ ਕੇਜਰੀਵਾਲ ਨੇ ਗੰਭੀਰ ਦੋਸ਼ ਲਾਏ ਸਨ।ਉਕਤ ਆਗੂਆਂ ਤੇ ਲਗਾਏ ਗਏ ਸਾਰੇ ਦੋਸ਼ ਨਿਰਆਧਾਰ ਤੇ ਝੂਠੇ ਸਨ ਜਿਸ ਲਈ ਕੇਜਰੀਵਾਲ ਨੇ ਜਨਤਕ ਤੌਰ ਤੇ ਮੁਆਫ਼ੀ ਮੰਗੀ ਸੀ ।ਸੂਬੇ ਦੇ ਲੋਕ ਹੁਣ ਕੇਜਰੀਵਾਲ ਤੇ ਵਿਸ਼ਵਾਸ ਨਹੀਂ ਕਰਨਗੇ ਕਿਉਂਕਿ ਉਹ ਜਾਣਦੇ ਹਨ ਕਿ ਅੱਜ ਕੇਜਰੀਵਾਲ ਗਾਰੰਟੀਆਂ ਦੇ ਕੇ ਕੱਲ੍ਹ ਨੂੰ ਜਨਤਕ ਤੌਰ ਤੇ ਮੁਆਫੀ ਮੰਗ ਸਕਦਾ ਹੈ । ਪ੍ਰੈੱਸ ਨੂੰ ਜਾਣਕਾਰੀ ਜ਼ਿਲ੍ਹਾ ਪ੍ਰੈੱਸ ਸਕੱਤਰ ਰਤਨ ਸ਼ਰਮਾ ਮਲੂਕਾ ਵੱਲੋਂ ਦਿੱਤੀ ਗਈ ।
953500cookie-checkਕੇਜਰੀਵਾਲ ਵੱਲੋਂ ਕੀਤੇ ਜਾ ਰਹੇ ਵਾਅਦਿਆਂ ਤੇ ਅਕਾਲੀ ਦਲ ਨੇ ਚੁੱਕੇ ਸਵਾਲ