ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 1 ਸਤੰਬਰ(ਕੁਲਜੀਤ ਸਿੰਘ/ ਢੀਂਗਰਾ/ਪ੍ਰਦੀਪ ਸ਼ਰਮਾ): ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਅਤੇ ਐਮ.ਐਸ.ਪੀ ਦੀ ਗਾਰੰਟੀ ਵਾਲਾ ਕਾਨੂੰਨ ਬਨਾਉਣ ਦੀ ਮੰਗ ਨੂੰ ਲੈ ਕੇ ਬੀ.ਕੇ.ਯੂ ਏਕਤਾ ਡਕੌਂਦਾ ਦੀ ਅਗਵਾਈ ਵਿੱਚ ਰਾਮਪੁਰਾ ਰੇਲਵੇ ਸਟੇਸ਼ਨ ਤੇ ਲੱਗਿਆ ਪੱਕਾ ਮੋਰਚਾ ਅੱਜ 336ਵੇ ਦਿਨ ਵੀ ਜਾਰੀ ਰਿਹਾ। ਭਾਕਿਯੂ ਏਕਤਾ ਡਕੌਂਦਾ ਦੇ ਆਗੂ ਸੁਖਵਿੰਦਰ ਸਿੰਘ ਭਾਈ ਰੂਪਾ, ਹਰਵੰਸ਼ ਸਿੰਘ ਫੂਲ, ਸੁਖਜਿੰਦਰ ਸਿੰਘ ਰਾਮਪੁਰਾ, ਹਰਭਜਨ ਸਿੰਘ ਢਪਾਲੀ, ਮਾਤਾ ਨਸੀਬ ਕੌਰ ਢਪਾਲੀ, ਰਣਜੀਤ ਸਿੰਘ ਕਰਾੜਵਾਲਾ, ਇਨਕਲਾਬੀ ਕੇਂਦਰ ਪੰਜਾਬ ਦੇ ਇਲਾਕਾ ਆਗੂ ਹਰਮੇਸ਼ ਕੁਮਾਰ ਰਾਮਪੁਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਹਕੂਮਤ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਪੱਖ ਵਿੱਚ ਬਣਾਏ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਸਮੁੱਚੇ ਭਾਰਤ ਵਿੱਚ ਪੱਕੇ ਮੋਰਚੇ ਲੱਗੇ ਹੋਏ ਹਨ ਅਤੇ ਸੰਘਰਸ਼ਸ਼ੀਲ ਲੋਕ, ਔਰਤਾਂ, ਮਜ਼ਦੂਰ ਕਿਸਾਨ ਲਗਾਤਾਰ ਨੌ ਮਹੀਨਿਆਂ ਤੋਂ ਉਪੱਰ ਦ੍ਰਿੜ ਇਰਾਦਿਆਂ ਅਤੇ ਬੁਲੰਦ ਹੌਸਲਿਆਂ ਨਾਲ ਖਰਾਬ ਮੌਸਮ ਮੀਂਹ ਹਨ੍ਹੇਰੀ ਝੱਖੜ ਦੀ ਪ੍ਰਵਾਹ ਕੀਤੇ ਬਗੈਰ ਪੱਕੇ ਮੋਰਚੇ ਵਿੱਚ ਸ਼ਾਮਲ ਹੋ ਰਹੇ ਹਨ।
ਕਿਸਾਨ ਅੰਦੋਲਨ ਕਾਰਨ ਮਿਹਨਤਕਸ਼ ਲੋਕਾਂ ਦੀ ਆਪਸੀ ਸਾਂਝ ਹੋਰ ਵੀ ਗੂੜੀ ਹੋਈ ਹੈ। ਉਨ੍ਹਾਂ ਅੱਗੇ ਕਿਹਾ ਕਿ ਬਰਸੀ ਸਮਾਗਮ ਗੁਰੂਆਂ, ਭਗਤ, ਸਰਾਭੇ, ਗ਼ਦਰੀ ਬਾਬਿਆਂ ਦੇ ਜਨਮ ਦਿਨ ਅਤੇ ਸ਼ਹੀਦੀ ਦਿਹਾੜੇ ਮੋਰਚੇ ਵਿੱਚ ਮਨਾਏ ਜਾਂਦੇ ਹਨ। ਮੋਰਚੇ ਵੱਲੋਂ ਇਕੱਠ ਲੋਹੇ ਦੀ ਲੱਠ ਬੱਜੇ ਸਿਰ ਜ਼ਾਲਮ ਦੇ ਨਾਹਰੇ ਨੂੰ ਬਲੰਦ ਕਰਕੇ ਜਾਬਰ ਤੇ ਜ਼ਾਲਮ ਸਰਕਾਰਾਂ ਚੋਣਾਂ ਵੇਲੇ ਝੂਠੇ ਬਾਅਦੇ ਕਰਨ ਵਾਲੀਆਂ ਵੋਟ ਵਟੋਰੂ ਰਾਜਨੀਤਕ ਪਾਰਟੀਆਂ ਦੇ ਮੰਤਰੀਆਂ ਆਗੂਆਂ ਵਿਧਾਇਕਾਂ ਨੂੰ ਪਿੰਡਾਂ ਸ਼ਹਿਰਾਂ ਵਿੱਚ ਘੇਰ ਕੇ ਸੁਆਲ ਪੁੱਛਣ ਦੀਆਂ ਵਿਉਂਤਾਂ ਬਣਾਈਆਂ ਜਾ ਰਹੀਆਂ ਹਨ। ਇਸ ਮੌਕੇ ਬਲਤੇਜ ਕੌਰ, ਤਰਸੇਮ ਕੌਰ, ਤਰਨਜੀਤ ਕੌਰ ਢਪਾਲੀ, ਜਵਾਲਾ ਸਿੰਘ, ਮੇਵਾ ਸਿੰਘ ਗਿੱਲ, ਭੋਲਾ ਸਿੰਘ ਸੇਲਬਰਾਹ ਆਦਿ ਹਾਜ਼ਰ ਸਨ।