ਚੜ੍ਹਤ ਪੰਜਾਬ ਦੀ
ਲੁਧਿਆਣਾ, 10 ਸਤੰਬਰ,(ਸਤ ਪਾਲ ਸੋਨੀ/ਰਵੀ ਵਰਮਾ) :ਨਗਰ ਸੁਧਾਰ ਟਰੱਸਟ ਲੁਧਿਆਣਾ ਵਿੱਚ ਹੋਏ ਕਰੋੜਾਂ ਰੁਪਏ ਦੇ ਕਥਿਤ ਘੁਟਾਲੇ ਦੇ ਇਲਜ਼ਾਮਾਂ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਅਧਿਕਾਰਤ ਤੌਰ ਤੇ ਇਸਦੀ ਬੋਲੀ ਰੱਦ ਕਰਨ ਦੀ ਚਰਚਾ ਨੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ , ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਹੋਰ ਸੰਬੰਧਤ ਧਿਰਾਂ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ । ਇਸ 350 ਕਰੋੜ ਰੁਪਏ ਦੇ ਘਪਲੇ ਨੂੰ ਲੋਕ ਕਚਿਹਰੀ ਵਿੱਚ ਲਿਜਾਣ ਵਾਲੇ ਭਾਰਤੀ ਜਨਤਾ ਪਾਰਟੀ ਦੇ ਉੱਘੇ ਆਗੂ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਇਸ ਬੋਲੀ ਨੂੰ ਰੱਦ ਕਰਨ ਦੀ ਜਿੱਤ ਦਾ ਸਿਹਰਾ ਲੁਧਿਆਣਾ ਵਾਸੀਆਂ ਤੇ ਲੁਧਿਆਣਾ ਦੇ ਮੀਡੀਆ ਨੂੰ ਦਿੱਤਾ ਹੈ ।
ਐਡਵੋਕੇਟ ਸਿੱਧੂ ਨੇ ਕਿਹਾ ਕਿ ਸਤਿਕਾਰਯੋਗ ਸ਼ਹਿਰਵਾਸੀਆਂ ਦੇ ਸਹਿਯੋਗ ਨਾਲ ਉਹ ਇਸ ਮਾਮਲੇ ਨੂੰ ਲੋਕਾਂ ਵਿੱਚ ਲੈ ਕੇ ਗਏ ਅਤੇ ਕਾਂਗਰਸ ਸਰਕਾਰ ਨੂੰ ਇਸ ਮਾਮਲੇ ਤੇ ਕਾਰਵਾਈ ਕਰਦਿਆਂ ਬੈਕ ਫੁੱਟ ਤੇ ਆਉਣਾ ਪਿਆ ਅਤੇ ਲੁਧਿਆਣਾ ਵਾਸੀਆਂ ਦੀ ਕਰੋੜਾਂ ਰੁਪਏ ਦੀ ਜਾਇਦਾਦ ਭੂਮਾਫੀਆ , ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ ਤੇ ਕੈਬਨਿਟ ਮੰਤਰੀ ਦੇ ਚੁੰਗਲ ਵਿੱਚੋਂ ਬਚ ਗਈ ਹੈ । ਉਹਨਾਂ ਕਿਹਾ ਕਿ ਇਸ ਸੰਬੰਧ ਵਿੱਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਇੱਕ ਟਵੀਟ ਵੀ ਕੀਤਾ ਹੈ ਜਿਸ ਤੋਂ ਇਹ ਭਲੀਭਾਂਤ ਸਾਬਤ ਹੋ ਗਿਆ ਹੈ ਕਿ ਇਸ ਟਰੱਸਟ ਦੀ ਪ੍ਰਾਪਰਟੀ ਦੀ ਬੋਲੀ ਵਿੱਚ ਅਰਬਾਂ ਰੁਪਏ ਦਾ ਘੁਟਾਲਾ ਹੋਇਆ ਹੈ । ਕੈਬਨਿਟ ਮੰਤਰੀ ਸਾਹਬ ਦੇ ਇਸ ਟਵੀਟ ਤੋਂ ਇਹ ਲੱਗਦਾ ਹੈ ਕਿ ਉਹਨਾਂ ਨੂੰ ਇਸ ਘੁਟਾਲੇ ਦੀ ਜਾਣਕਾਰੀ ਸੀ ਅਤੇ ਹੁਣ ਟਵੀਟ ਕਰਕੇ ਬੋਲੀ ਰੱਦ ਕਰਨ ਦੀ ਅਪੀਲ ਕਰਕੇ ਆਪ ਹੀ ਘਪਲੇ ਤੇ ਮੋਹਰ ਲਾ ਰਹੇ ਹਨ। ਮੰਤਰੀ ਸਾਹਬ ਨੂੰ ਬੇਨਤੀ ਹੈ ਕਿ ਉਹਨਾਂ ਨੂੰ ਹੋਰ ਟਵੀਟ ਕਰਨ ਲਈ ਵੀ ਤਿਆਰ ਰਹਿਣਾ ਚੀਹੀਦਾ ਹੈ ਕਿਉਂਕਿ ਇਹ ਤਾਂ ਇੱਕ ਛੋਟਾ ਜਿਹਾ ਸਕੈਮ ਹੈ ਅਤੇ ਅਜੇ ਹੋਰ ਵੀ ਅਰਬਾਂ ਖਰਬਾਂ ਰੁਪਏ ਦੇ ਸਕੈਮ ਸਾਹਮਣੇ ਆਉਣਗੇ ਜਿਹਨਾਂ ਲਈ ਉਹਨਾਂ ਨੂੰ ਭਵਿੱਖ ਵਿੱਚ ਵੀ ਟਵੀਟ ਕਰਨੇ ਪੈ ਸਕਦੇ ਹਨ ?
ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਕਿਹਾ ਕਿ ਇਸ ਅਰਬਾਂ ਰੁਪਏ ਦੇ ਘੁਟਾਲੇ ਵਿੱਚ ਸ਼ਾਮਿਲ ਸੰਬੰਧਤ ਮਹਿਕਮੇ ਦੇ ਅਧਿਕਾਰੀਆਂ , ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ , ਕੈਬਨਿਟ ਮੰਤਰੀ ਤੇ ਹੇਮੰਤ ਸੂਦ ਵਗੈਰਾ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਅਤੇ ਇਸ ਮਾਮਲੇ ਦੀ ਡੂੰਘੀ ਤਹਿਕੀਕਾਤ ਹੋਣੀ ਚਾਹੀਦੀ ਹੈ ਅਤੇ ਜੋ ਵੀ ਇਸ ਮਾਮਲੇ ਵਿੱਚ ਦੋਸ਼ੀ ਪਾਇਆ ਜਾਵੇ ਉਸ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਹੋਵੇ ਕਿਉਂਕਿ ਜ਼ੁਰਮ ਕਰਨ ਤੋਂ ਬਾਦ ਜੇਕਰ ਜ਼ੁਰਮ ਠੀਕ ਵੀ ਕਰ ਦਿੱਤਾ ਜਾਵੇ ਤਾਂ ਵੀ ਜ਼ੁਰਮ ਦੇ ਸੰਬੰਧ ਵਿੱਚ ਕਾਰਵਾਈ ਹੋਣੀ ਲਾਜ਼ਮੀ ਹੈ ਕਿਉਂਕਿ ਕਾਨੂੰਨ ਪੱਖ ਦਾ ਅਸੂਲ ਹੈ ਕਿ ਦੋਸ਼ੀ ਬਚਣੇ ਨਹੀਂ ਚੀਹੀਦੇ । ਐਡਵੋਕੇਟ ਬਿਕਰਮ ਸਿੱਧੂ ਨੇ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਇਸ ਮਾਮਲੇ ਵਿੱਚ ਲੁਧਿਆਣਾ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ , ਟਰੱਸਟ ਦੇ ਚੇਅਰਮੈਨ ਰਮਨ ਬਾਲੀ ਸੁਬਰਾਮਨੀਅਮ ਤੇ ਖਰੀਦਦਾਰ ਵਿਚਕਾਰ ਨੇੜਲੇ ਸੰਬੰਧ ਹਨ ਜਿਸ ਸਦਕਾ ਟਰੱਸਟ ਦੀ ਮਹਿੰਗੀ ਜਮੀਨ ਆਪਣੇ ਚਹੇਤਿਆਂ ਨੂੰ ਅਲਾਟ ਕੀਤੀ ਗਈ ਅਤੇ ਇਹ ਸਾਰੇ ਖੁਲਾਸੇ ਤਫਤੀਸ਼ ਵਿੱਚ ਸਾਹਮਣੇ ਆ ਸਕਦੇ ਹਨ , ਇਸ ਲਈ ਉਹ ਮੰਗ ਕਰਦੇ ਹਨ ਕਿ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਤੇ ਜਿਲ੍ਹਾ ਪੁਲਸ ਕਮਿਸ਼ਨਰ ਇਸ ਮਾਮਲੇ ਤੇ ਐਫ ਆਈ ਆਰ ਦਰਜ ਕਰਵਾਉਣ । ਐਡਵੋਕੇਟ ਸਿੱਧੂ ਨੇ ਕਿਹਾ ਕਿ ਉਹ ਆਸ ਕਰਦੇ ਹਨ ਕਿ ਜਿਲ੍ਹੇ ਦੇ ਇਮਾਨਦਾਰ ਅਫਸਰ ਜਰੂਰ ਇਸ ਮਾਮਲੇ ਤੇ ਸੰਜ਼ੀਦਗੀ ਨਾਲ ਕਾਰਵਾਈ ਕਰਨਗੇ । ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਲੁਧਿਆਣਾ ਸ਼ਹਿਰ ਦੇ ਸੂਝਵਾਨ ਵਾਸੀਆਂ ਦਾ ਇਸ ਭ੍ਰਿਸ਼ਟਾਚਾਰ ਦੀ ਲੜਾਈ ਨੂੰ ਹਰਾਉਣ ਲਈ ਤਹਿ ਦਿਲ ਤੋਂ ਧੰਨਵਾਦ ਕਰਦਿਆਂ ਕਿਹਾ ਕਿ ਇਹ ਨੇਕੀ ਦੀ ਬਦੀ ਤੇ ਜਿੱਤ ਹੈ ਜਿਸ ਲਈ ਲੁਧਿਆਣਾ ਵਾਸੀ ਵਧਾਈ ਦੇ ਪਾਤਰ ਹਨ ਅਤੇ ਉਹ ਭਵਿੱਖ ਵਿੱਚ ਵੀ ਸ਼ਹਿਰ ਦੇ ਵਿਕਾਸ ਤੇ ਤਰੱਕੀ ਲਈ ਹਮੇਸ਼ਾ ਯਤਨਸ਼ੀਲ ਹਨ ।