ਲੁਧਿਆਣਾ, 29 ਮਈ ( ਸਤ ਪਾਲ ਸੋਨੀ ) : ਪੰਜਾਬ ਸਰਕਾਰ ਵੱਲੋਂ ਬੇਰੋਜ਼ਗਾਰੀ ਦੀ ਸਮੱਸਿਆ ਦਾ ਹੱਲ ਕਰਨ ਵਾਸਤੇ ਰੋਜ਼ਗਾਰ ਉੱਤਪਤੀ ਅਤੇ ਸਿਖ਼ਲਾਈ ਵਿਭਾਗ ਦੇ ਸਾਰੇ ਦਫ਼ਤਰ ਆਨਲਾਈਨ ਸੇਵਾਵਾਂ ਹਿੱਤ ਮੁੜ ਖੋਲ ਦਿੱਤੇ ਗਏ ਹਨ। ਇਹ ਜਾਣਕਾਰੀ ਅੱਜ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਅੱਜ ਸਥਾਨਕ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਵੱਖ–ਵੱਖ ਧਿਰਾਂ ਨਾਲ ਮੀਟਿੰਗ ਉਪਰੰਤ ਦਿੱਤੀ। ਮੀਟਿੰਗ ਦੌਰਾਨ ਉਨਾਂ ਬਿਊਰੋ ਨਾਲ ਜੁੜੇ ਸਾਰੇ ਕੰਮਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ।ਸ੍ਰੀ ਅਗਰਵਾਲ ਨੇ ਦੱਸਿਆ ਕਿ ਸਾਰੇ ਬੇਰੁਜ਼ਗਾਰ ਨੌਜਵਾਨ ਇਸ ਬਿਊਰੋ ਨਾਲ ਆਨਲਾਈਨ ਹੀ ਰਾਬਤਾ ਕਰ ਸਕਦੇ ਹਨ ਅਤੇ ਰੋਜ਼ਗਾਰ ਸਬੰਧੀ ਕੋਈ ਵੀ ਸਹਾਇਤਾ ਅਤੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਉਨਾਂ ਦੱਸਿਆ ਕਿ ਜ਼ਿਲਾ ਲੁਧਿਆਣਾ ਦੇ ਨੌਜਵਾਨਾਂ ਲਈ ਹੈੱਲਪਲਾਈਨ ਨੰਬਰ 7740001682 ਹੈ, ਜਦਕਿ ਈਮੇਲ ਪਤਾ dbeeludhelp0gmail.com ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਵਧੇਰੇ ਜਾਣਕਾਰੀ ਲਈ ਇਸ ਲਿੰਕ pgrkam.com/employment ‘ਤੇ ਜਾ ਕੇ ਵੀ ਸੂਚਨਾ ਪ੍ਰਾਪਤ ਕੀਤੀ ਜਾ ਸਕਦੀ ਹੈ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਜੇਕਰ ਕੋਈ ਵੀ ਬੇਰੁਜ਼ਗਾਰ ਜਾਂ ਨਿਯੋਜਕ ਰੁਜ਼ਗਾਰ ਸੰਬੰਧੀ ਕਿਸੇ ਵੀ ਕਿਸਮ ਦੀ ਕੋਈ ਸਹਾਇਤਾ ਜਾਂ ਜਾਣਕਾਰੀ ਲੈਣਾ ਚਾਹੁੰਦਾ ਹੈ ਤਾਂ ਸਰਕਾਰੀ ਕੰਮ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਉਕਤ ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨਾਂ ਸਪੱਸ਼ਟ ਕੀਤਾ ਕਿ ਕੋਵਿਡ 19 ਕਰਕੇ ਫਿਲਹਾਲ ਦਫ਼ਤਰਾਂ ਵਿੱਚ ਪਬਲਿਕ ਡੀਲਿੰਗ ਨਹੀਂ ਹੋਵੇਗੀ ਪਰ ਆਨਲਾਈਨ ਸਾਰਾ ਕੰਮ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਬਿਊਰੋ ਦੇ ਸੀ. ਈ. ਓ.-ਕਮ–ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਨੀਰੂ ਕਤਿਆਲ ਗੁਪਤਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।