November 22, 2024

Loading

 ਚੜ੍ਹਤ ਪੰਜਾਬ ਦੀ
ਚੰਡੀਗੜ੍ਹ, 16 ਦਸੰਬਰ, (ਬਿਊਰੋ):ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਪੰਜਾਬੀ ਫਿਲਮ ਵਿਕਾਸ ਕੌਂਸਲ, ਪੰਜਾਬ ਦੇ ਗਠਨ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਸ ਸਬੰਧੀ ਪ੍ਰਸਤਾਵ ਨੂੰ ਆਉਣ ਵਾਲੀ ਕੈਬਨਿਟ ਮੀਟਿੰਗ ਵਿੱਚ ਹਰੀ ਝੰਡੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਦੀ ਸ਼ਾਨਾਮੱਤੀ ਸੱਭਿਆਚਾਰਕ ਵਿਰਾਸਤ ਨੂੰ ਫਿਲਮਾਂ ਰਾਹੀਂ ਪ੍ਰਫੁੱਲਤ ਕਰਨਾ ਸਮੇਂ ਦੀ ਲੋੜ ਹੈ, ਜੋ ਕਿ ਅਜੋਕੇ ਸਮੇਂ ਵਿੱਚ ਸੰਚਾਰ ਦਾ ਨਵੀਨਤਮ ਅਤੇ ਪ੍ਰਭਾਵਸ਼ਾਲੀ ਸਾਧਨ ਹਨ।
ਮੁੱਖ ਮੰਤਰੀ ਚੰਨੀ ਨੇ ਕਲਪਨਾ ਕੀਤੀ ਕਿ ਇਹ ਕਦਮ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਵਿਸ਼ਵ ਭਰ ਵਿੱਚ ਪ੍ਰਦਰਸ਼ਿਤ ਕਰਨ ਲਈ ਵਧੇਰੇ ਅਹਿਮ ਸਾਬਤ ਹੋਵੇਗਾ।ਮੁੱਖ ਮੰਤਰੀ ਨੇ ਇਹ ਗੱਲ ਅੱਜ ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ਵਿਖੇ ਪੰਜਾਬੀ ਕਲਾਕਾਰਾਂ, ਗਾਇਕਾਂ, ਸੰਗੀਤਕਾਰਾਂ ਅਤੇ ਬੈਕਗ੍ਰਾਊਂਡ `ਤੇ ਕੰਮ ਕਰਨ ਵਾਲੇ ਕਲਾਕਾਰਾਂ ਨੂੰ ਪੰਜਾਬੀ ਸੱਭਿਆਚਾਰ ਵਿੱਚ ਪਾਏ ਯੋਗਦਾਨ ਸਬੰਧੀ ਸਨਮਾਨਿਤ ਕਰਨ ਲਈ ਕਰਵਾਏ ਗਏ ਇੱਕ ਐਵਾਰਡ ਸਮਾਰੋਹ ਦੌਰਾਨ ਕਹੀ।
ਪੰਜਾਬੀ ਫਿਲਮ, ਸੰਗੀਤ ਅਤੇ ਟੈਲੀਵਿਜ਼ਨ ਗਿਲਡ ਸੁਸਾਇਟੀ ਅਤੇ ਪੰਜਾਬ ਸੈਰ ਸਪਾਟਾ ਵਿਭਾਗ ਵੱਲੋਂ ਕਰਵਾਏ ਇਸ ਸ਼ਾਨ-ਏ-ਪੰਜਾਬ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਪੰਜਾਬੀ ਲੋਕ ਗਾਇਕ ਮਰਹੂਮ ਗੁਰਮੀਤ ਬਾਵਾ ਅਤੇ ਸਰਦੂਲ ਸਿਕੰਦਰ ਨੂੰ ਸ਼ਾਨ-ਏ-ਪੰਜਾਬ ਸ਼ਰਧਾਂਜਲੀ ਪੁਰਸਕਾਰ ਅਤੇ ਉੱਘੇ ਪੰਜਾਬੀ ਸੰਗੀਤਕਾਰ ਚਰਨਜੀਤ ਆਹੂਜਾ ਅਤੇ ਪੰਜਾਬੀ ਅਭਿਨੇਤਾ ਗੱਗੂ ਗਿੱਲ ਨੂੰ ਸ਼ਾਨ-ਏ-ਪੰਜਾਬ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਿੱਧੂ ਮੂਸੇਵਾਲਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਅਤੇ ਪੰਜਾਬੀ ਫ਼ਿਲਮ ਅਦਾਕਾਰ ਯੋਗਰਾਜ ਸਿੰਘ, ਉਪਾਸਨਾ ਸਿੰਘ, ਸਤਿੰਦਰ ਸੱਤੀ, ਰਣਜੀਤ ਬਾਵਾ, ਮਾਸਟਰ ਸਲੀਮ ਵੀ ਹਾਜ਼ਰ ਰਹੇ।
ਦਿਨੇਸ਼ ਸਪੀਡ ਰਿਕਾਰਡਜ਼ ਸਕੱਤਰ ਪੰਜਾਬੀ ਫਿਲਮ, ਸੰਗੀਤ, ਟੀਵੀ ਗਿਲਡ ਸੁਸਾਇਟੀ ਨੇ ਇਸ ਸਮਾਗਮ ਵਿੱਚ ਸਹਿਯੋਗ ਦੇਣ ਲਈ ਪੰਜਾਬ ਸਰਕਾਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦਾ ਧੰਨਵਾਦ ਕੀਤਾ।ਇਸ ਸਮਾਰੋਹ ਵਿੱਚ ਵਧੀਕ ਮੁੱਖ ਸਕੱਤਰ ਸੈਰ ਸਪਾਟਾ ਤੇ ਸੱਭਿਆਚਾਰ ਸੰਜੇ ਕੁਮਾਰ, ਡਾਇਰੈਕਟਰ ਸੈਰ ਸਪਾਟਾ ਤੇ ਸੱਭਿਆਚਾਰ ਕਮਲਪ੍ਰੀਤ ਕੌਰ ਬਰਾੜ, ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸੰਧੂ ਨੇ ਵੀ ਸ਼ਿਰਕਤ ਕੀਤੀ।ਇਸ ਮੌਕੇ ਮੁੱਖ ਮੰਤਰੀ ਵੱਲੋਂ ਉੱਘੇ ਪੰਜਾਬੀ ਗਾਇਕ ਗਿੱਪੀ ਗਰੇਵਾਲ, ਸੁਨੰਦਾ ਸ਼ਰਮਾ, ਰਣਜੀਤ ਬਾਵਾ ਤੋਂ ਇਲਾਵਾ ਅਦਾਕਾਰ ਦੇਵ ਖਰੋੜ, ਗੁਰਲੇਜ ਅਖ਼ਤਰ ਅਤੇ ਕੁਲਵਿੰਦਰ ਕੈਲੀ ਨੂੰ ਵੀ ਸਨਮਾਨਿਤ ਕੀਤਾ ਗਿਆ।
95380cookie-checkਪੰਜਾਬ ਸਰਕਾਰ ਵੱਲੋਂ ਪੰਜਾਬੀ ਫਿਲਮ ਵਿਕਾਸ ਕੌਂਸਲ ਦਾ ਕੀਤਾ ਜਾਵੇਗਾ ਗਠਨ
error: Content is protected !!