October 10, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ 24 ਜੁਲਾਈ,(ਸਤ ਪਾਲ ਸੋਨੀ) : ਬੀਤੀ 19 ਜੁਲਾਈ ਨੂੰ ਮੰਡਿਆਣੀ (ਨੇੜੇ ਮੁੱਲਾਂਪੁਰ ਦਾਖਾ )ਪਿੰਡ ਵਿੱਚ ਧੜੱਲੇ ਨਾਲ ਵੇਚੇ ਜਾ ਰਹੇ ਚਿੱਟੇ ਨਸ਼ੇ ਦੇ ਖ਼ਿਲਾਫ਼ ਜਨਤਕ ਜੰਗ ਛੇੜਨ ਵਾਲੀ ਪਿੰਡ ਦੀ ਲੇਡੀ ਸਰਪੰਚ ਬੀਬੀ ਗੁਰਪ੍ਰੀਤ ਕੌਰ ਦੀ ਪੰਜਾਬ ਦੇ ਪੰਚਾਇਤ ,ਪੇਂਡੂ ਵਿਕਾਸ ਤੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਉਚੇਚਾ ਟੈਲੀਫੋਨ ਕਰਕੇ ਭਰਪੂਰ ਸ਼ਲਾਘਾ ਕੀਤੀ ਹੈ ਜ਼ਿਕਰਯੋਗ ਗੱਲ ਇਹ ਹੈ ਕਿ ਜਗਰਾਉਂ ਪੁਲਿਸ ਵਲੋਂ ਜ਼ਿਲੇ ਦੇ ਪਿੰਡ ਮੰਡਿਆਣੀ ਵਿੱਚ ਚਿੱਟਾ ਨਸ਼ਾ ਵੇਚਣ ਵਾਲਿਆਂ ਤੇ ਕੋਈ ਠੋਸ ਕਾਰਵਾਈ ਨਾ ਹੁੰਦੀ ਦੇਖ ਕੇ ਲੇਡੀ ਸਰਪੰਚ ਗੁਰਪ੍ਰੀਤ ਕੌਰ ਨੇ ਪੰਚਾਇਤ ਅਤੇ ਹੋਰ ਜ਼ਿੰਮੇਵਾਰ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਪੁਲਿਸ ਦੀ ਹਾਜ਼ਰੀ ਚ ਕਥਿੱਤ ਨਸ਼ਾ ਵਪਾਰੀਆਂ ਦੇ ਘਰਾਂ ਦੀ ਜਦੋਂ ਤਲਾਸ਼ੀ ਲਈ ਤਾਂ ਉੱਥੋਂ ਨਿਕਲੀ ਲੱਖਾਂ ਰੁਪਏ ਦੀ ਨਗਦੀ, ਪੋਟਲ਼ੀਆਂ ਚ ਨਾਮ ਲਿਖ ਲਿਖ ਕੇ ਰੱਖੇ ਸੋਨੇ ਦੇ ਗਹਿਣੇ , ਕੰਪਿਊਟਰੀ ਤੋਲ ਕਰਨ ਵਾਲਾ ਕੰਡਾ ਤੇ ਸਰਿੰਜਾਂ ਨਿਕਲਣ ਨਾਲ ਇਹ ਗੱਲ ਸਹੀ ਜਾਪਣ ਲੱਗੀ ਕਿ ਇੱਥੇ ਸੱਚ ਮੁੱਚ ਹੀ ਨਸ਼ਾ ਵੇਚਿਆ ਜਾਂਦਾ ਹੋਵੇਗਾ।
ਛੋਟੇ ਛੋਟੇ ਇਹਨਾਂ ਘਰਾਂ ਚੋਂ ਨਿਕਲਿਆ ਅਜਿਹਾ ਸਮਾਨ ਪੱਤਰਕਾਰਾਂ ਅਤੇ ਪਬਲਿਕ ਨੂੰ ਦਿਖਾ ਰਹੀ ਇਸ ਲੇਡੀ ਸਰਪੰਚ ਦੀ ਵੀਡੀਓ ਖੂਬ ਵਾਇਰਲ ਹੋਈ ਤੇ ਵੱਡੇ ਵੱਡੇ ਪੰਜਾਬੀ ਨਿੳਜ਼ ਚੈਨਲਾਂ ਅਤੇ ਅਖਬਾਰਾਂ ਨੇ ਇਸ ਘਟਨਾ ਨੂੰ ਖ਼ਾਸ ਅਹਿਮੀਅਤ ਨਾਲ ਨਸ਼ਰ ਕੀਤਾ ਅਤੇ ਖਬਰਾਂ ਦੇ ਪੜਚੋਲ ਪ੍ਰੋਗਰਾਮਾਂ ਵਿੱਚ ਵੀ ਥਾਂ ਦਿੱਤੀ।ਲੁਧਿਆਣਾ ਰੇਂਜ ਦੇ ਆਈ ਜੀ ਸਃ ਸਪ ਸ ਪਰਮਾਰ ਤੇ ਜਿਲਾ ਐਸ ਐਸ ਪੀ ਦੀਪਕ ਹਿਲੋਰੀ ਨੇ 20 ਜੁਲਾਈ ਨੂੰ ਪਿੰਡ ਦਾ ਦੌਰਾ ਕੀਤਾ ਤੇ ਮੁੱਦੇ ਨੂੰ ਗੰਭੀਰਤਾ ਨਾਲ ਲਿਆ।
ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਆਏ ਫ਼ੋਨ ਨੇ ਲੇਡੀ ਸਰਪੰਚ ਨੂੰ ਦਿੱਤੀ ਹੈਰਾਨੀ ਭਰੀ ਖੁਸ਼ੀ
ਇਸ ਗੱਲ ਦੀ ਜਾਣਕਾਰੀ ਦਿੰਦਿਆਂ ਮੰਡਿਆਣੀ ਦੀ ਸਰਪੰਚ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਮੇਰੀ ਹੈਰਾਨੀ ਦੀ ਉਦੋਂ ਕੋਈ ਹੱਦ ਨਾ ਰਹੀ ਜਦੋਂ ਮੈਨੂੰ ਸਵੇਰੇ ਸਵੇਰੇ ਉੱਠਣ ਸਾਰ ਪੰਜਾਬ ਦੇ ਪੰਚਾਇਤ ਤੇ ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਫ਼ੋਨ ਆਇਆ।ਕੁਲਦੀਪ ਸਿੰਘ ਧਾਲੀਵਾਲ ਨੇ ਨਸ਼ਿਆਂ ਖ਼ਿਲਾਫ਼ ਪੰਚਾਇਤ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵਿੱਢੀ ਗਈ ਜਨਤਕ ਮੁਹਿੰਮ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਤੁਹਾਡੇ ਵਰਗੀ ਦਲੇਰ ਸਰਪੰਚ ਵੱਲੋਂ ਲਿਆ ਗਿਆ ਇਹ ਦਲੇਰਾਨਾ ਸਟੈਂਡ ਹੋਰਨਾਂ ਸਰਪੰਚਾਂ ਲਈ ਵੀ ਪ੍ਰੇਰਨਾ ਵਜੋਂ ਕੰਮ ਕਰੇਗਾ।
ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਰਪੰਚ ਨੂੰ ਯਕੀਨ ਦਵਾਇਆ ਕਿ ਪੰਜਾਬ ਸਰਕਾਰ ਪੰਚਾਇਤਾਂ ਵੱਲੋਂ ਸਮਾਜਿਕ ਬੁਰਾਈਆਂ ਦੇ ਖ਼ਿਲਾਫ਼ ਵਿੱਢੀ ਗਈ ਹਰੇਕ ਕੋਸ਼ਿਸ਼ ਦੀ ਪੂਰੀ ਪਿੱਠ ਥਾਪੜੇਗੀ।
ਗੁਰਪ੍ਰੀਤ ਕੌਰ ਨੇ ਪੰਚਾਇਤ ਮੰਤਰੀ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਮੰਤਰੀ ਵੱਲੋਂ ਹੌਸਲਾ ਅਫ਼ਜ਼ਾਈ ਕਰਨ ਨਾਲ ਮੇਰਾ ਹੌਂਸਲਾ ਹੋਰ ਵਧਿਆ ਹੈ ਤੇ ਮੈਂ ਉਮੀਦ ਕਰਦੀ ਹਾਂ ਕਿ ਉਨ੍ਹਾਂ ਦੇ ਸਹਿਯੋਗ ਸਦਕਾ ਅਸੀਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਨ ਚ ਕਾਮਯਾਬ ਹੋਵਾਂਗੇ ਅਤੇ ਪਿੰਡ ਵਿਕਾਸ ਲਈ ਵੀ ਅੱਗੇ ਵਧਾਂਗੇ।
#For any kind of News and advertisment contact us on 980-345-0601   
123820cookie-checkਨਸ਼ਿਆਂ ਖਿਲਾਫ ਸਟੈਂਡ ਲੈਣ ਕਰਕੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਲੇਡੀ ਸਰਪੰਚ ਬੀਬੀ ਗੁਰਪ੍ਰੀਤ ਕੌਰ ਦੀ ਪਿੱਠ ਥਾਪੜੀ
error: Content is protected !!