ਚੜ੍ਹਤ ਪੰਜਾਬ ਦੀ
ਲੁਧਿਆਣਾ, 03 ਮਈ (ਸਤ ਪਾਲ ਸੋਨੀ) : ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਕੀਮਤੀ ਜਾਨਾਂ ਬਚਾਉਣ ਲਈ ਜੀਵਨ ਬਚਾਉਣ ਵਾਲੀ ਗੈਸ ਦੀ ਮੰਗ ਵਿੱਚ ਹੋਰ ਰਹੇ ਲਗਾਤਾਰ ਇਜ਼ਾਫੇ ਨੂੰ ਪੂਰਾ ਕਰਨ ਲਈ ਪ੍ਰਸ਼ਾਸਨ ਨੂੰ ਆਕਸੀਜਨ ਸਿਲੰਡਰ ਦੇਣ ਦੀ ਅਪੀਲ ਦਾ ਹਾਂ ਪੱਖੀ ਹੁੰਗਾਰਾ ਦਿੰਦਿਆਂ ਸ਼ਹਿਰ ਦੇ ਉਦਯੋਗਾਂ/ਫੈਕਟਰੀਆਂ ਵੱਲੋਂ ਪ੍ਰਸ਼ਾਸ਼ਨ ਨੂੰ 91 ਆਕਸੀਜਨ ਸਿਲੰਡਰ ਸਪੁਰਦ ਕੀਤੇ ਗਏ ਜਿਸ ਵਿੱਚ 17 ਸਿਲੰਡਰ ਭਰੇ ਹੋਏ ਵੀ ਸ਼ਾਮਲ ਹਨ।ਇਹ ਸਾਰੇ 17 ਭਰੇ ਹੋਏੇ ਸਿਲੰਡਰ ਤੁਰੰਤ ਆਈ.ਸੀ.ਯੂ. ਦੇ ਮਰੀਜ਼ਾਂ ਦੇ ਇਲਾਜ ਲਈ ਸਿਵਲ ਹਸਪਤਾਲ ਨੂੰ ਸੌਂਪ ਦਿੱਤੇ ਗਏ।
ਵੇਰਵਿਆਂ ਨੂੰ ਜਾਰੀ ਕਰਦਿਆਂ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਪ੍ਰਸ਼ਾਸਨ ਨੂੰ ਸਿਲੰਡਰ ਸੌਂਪਣ ਲਈ ਉਦਯੋਗਾਂ/ਫੈਕਟਰੀਆਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਔਖੀ ਘੜੀ ਵਿੱਚ ਲੋਕਾਂ ਦੀ ਸਹਾਇਤਾ ਕਰਨ ਲਈ ਪੰਜਾਬੀਆਂ ਦੀ ਪਰੰਪਰਾ ਨੂੰ ਕਾਇਮ ਰੱਖਿਆ ਹੈ। ਉਨਾਂ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਉਦਯੋਗਾਂ/ਫੈਕਟਰੀਆਂ ਤੋਂ ਮਿਲੇ ਸਿਲੰਡਰਾਂ ਨੂੰ ਤੁਰੰਤ ਆਕਸੀਜਨ ਨਾਲ ਭਰਿਆ ਜਾਵੇ।ਉਨਾਂ ਹੋਰ ਉਦਯੋਗਾਂ/ਫੈਕਟਰੀਆਂ ਨੂੰ ਅੱਗੇ ਆ ਕੇ ਆਕਸੀਜਨ ਸਿਲੰਡਰ ਦੇਣ ਦੀ ਅਪੀਲ ਕੀਤੀ ਭਾਵੇਂ ਉਹ ਖਾਲੀ ਪਏ ਹੋਣ ਜਾਂ ਭਰੇ ਹੋਏ, ਪ੍ਰਸ਼ਾਸ਼ਨ ਨੂੰ ਇਸ ਸੰਕਟ ਵਿੱਚ ਕੋਵਿਡ-19 ਨਾਲ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਦੇਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਸ਼ਾਸਨ ਨੇ ਪਹਿਲਾਂ ਹੀ ਗੰਭੀਰ ਮਰੀਜ਼ਾਂ ਵਿੱਚ ਤੇਜ਼ ਵਾਧੇ ਦੇ ਮੱਦੇਨਜ਼ਰ ਆਕਸੀਜਨ ਉਤਪਾਦਨ ਸਮਰੱਥਾ ਵਿੱਚ ਵਾਧਾ ਕੀਤਾ ਹੈ।ਇਸ ਦੌਰਾਨ ਨੋਡਲ ਅਫ਼ਸਰ ਹਰਪ੍ਰੀਤ ਸਿੰਘ ਸੇਖੋਂ ਨੇ ਕਿਹਾ ਕਿ ਕੋਈ ਵੀ ਉਦਯੋਗ/ਫੈਕਟਰੀ ਸਿਲੰਡਰ ਦੇਣ ਲਈ ਉਨਾਂ ਦੇ ਮੋਬਾਈਲ ਨੰਬਰ (83901-00001) ‘ਤੇ ਸੰਪਰਕ ਕਰ ਸਕਦੀ ਹੈ ਅਤੇ ਉਨਾਂ ਦੱਸਿਆ ਕਿ ਸਿਲੰਡਰਾਂ ਦਾ ਸਾਰਾ ਸਟਾਕ ਰੱਖਿਆ ਜਾ ਰਿਹਾ ਹੈ ਅਤੇ ਮਹਾਂਮਾਰੀ ਖਤਮ ਹੋਣ ‘ਤੇ ਇਹ ਸਿਲੰਡਰ ਵਾਪਸ ਕਰ ਦਿੱਤੇ ਜਾਣਗੇ।ਜਿਕਰਯੋਗ ਹੈ ਕਿ ਮੈਡੀਕਲ ਆਕਸੀਜਨ ਦੀ ਮੰਗ ਵਿਚ ਭਾਰੀ ਵਾਧੇ ਦੇ ਮੱਦੇਨਜ਼ਰ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਉਦਯੋਗਿਕ ਇਕਾਈਆਂ ਨੂੰ ਖਾਲੀ ਜਾਂ ਭਰੇ ਸਿਲੰਡਰ ਜਮ੍ਹਾਂ ਕਰਾਉਣ ਦੀ ਅਪੀਲ ਦੇ ਬਾਵਜੂਦ ਵੀ ਕਈ ਇਕਾਈਆਂ ਵੱਲੋਂ ਸਿਲੰਡਰ ਜਮ੍ਹਾਂ ਨਹੀਂ ਕਰਵਾਏ ਗਏ ਜਿਸਦੇ ਤਹਿਤ ਜ਼ਿਲਾ ਮੈਜਿਸਟ੍ਰੇਟ–ਕਮ–ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਵੱਲੋਂ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਜੋ ਸਿਲੰਡਰਾਂ ਦੀ ਜਾਂਚ ਅਤੇ ਸਿਲੰਡਰ ਇਕੱਤਰ ਕਰੇਗੀ।ਇਸ ਕਮੇਟੀ ਦੇ ਚੇਅਰਮੈਨ ਗਲਾਡਾ ਦੇ ਮੁੱਖ ਪ੍ਰਬੰਧਕ ਪਰਮਿੰਦਰ ਸਿੰਘ ਗਿੱਲ ਹਨ, ਇਸ ਤੋਂ ਬਾਅਦ ਏ.ਡੀ.ਸੀ.ਪੀ. ਜਸਕਰਨ ਸਿੰਘ ਤੇਜਾ, ਪੀ.ਪੀ.ਸੀ.ਬੀ. ਦੇ ਐਸ.ਈ ਸੰਦੀਪ ਬਹਿਲ, ਕਾਰਜਕਾਰੀ ਇੰਜੀਨੀਅਰ ਪੀ.ਪੀ.ਸੀ.ਬੀ. ਮਨੋਹਰ ਲਾਲ, ਡਿਪਟੀ ਡਾਇਰੈਕਟਰ ਫੈਕਟਰੀਆਂ ਐਸ.ਐਸ. ਭੱਟੀ, ਸਹਾਇਕ ਲੇਬਰ ਕਮਿਸ਼ਨਰ ਬਲਜੀਤ ਸਿੰਘ ਤੋਂ ਇਲਾਵਾ 5 ਹੋਰ ਅਧਿਕਾਰੀ ਮੈਬਰ ਵਜੋਂ ਵੀ ਸ਼ਾਮਲ ਹਨ।