ਚੜ੍ਹਤ ਪੰਜਾਬ ਦੀ
ਲੁਧਿਆਣਾ, 05 ਫਰਵਰੀ (ਵਿਨੇ) : ਲੁਧਿਆਣਾ ਦੇ ਸਥਾਨਕ ਹੋਟਲ ਵਿੱਚ ਅਕਸਰ ਆਉਣ ਵਾਲ਼ੇ ਜਰਮਨ ਦੇ ਐੱਨਆਰਆਈ ਵੱਲੋਂ ਹੋਟਲ ਦੀ ਅਸਿਸਟੈਂਟ ਮੈਨੇਜਰ ਨਾਲ ਜਬਰ ਜਨਾਹ ਕਰਨ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ । ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਕੂੰਮਕਲਾਂ ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਪਿੰਡ ਕਨੇਚ ਦੇ ਰਹਿਣ ਵਾਲੇ ਐੱਨਆਰਆਈ ਪਰਮਜੀਤ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।
ਪੁਲਿਸ ਨੂੰ ਜਾਣਕਾਰੀ ਦਿੰਦਿਆਂ ਪੀੜਤ ਮੁਟਿਆਰ ਨੇ ਦੱਸਿਆ ਕਿ ਉਹ ਦੋਰਾਹਾ ਦੇ ਹੋਟਲ ਰਿਹਾਨ ਵਿੱਚ ਬਤੌਰ ਅਸਿਸਟੈਂਟ ਮੈਨੇਜਰ ਨੌਕਰੀ ਕਰਦੀ ਹੈ । ਕੂੰਮਕਲਾਂ ਦੇ ਪਿੰਡ ਕਨੇਚ ਦਾ ਰਹਿਣ ਵਾਲਾ ਪਰਮਜੀਤ ਸਿੰਘ ਜਰਮਨ ਦਾ ਵਸਨੀਕ ਹੈ ਤੇ ਉਹ ਅਕਸਰ ਹੋਟਲ ਵਿੱਚ ਆਉਂਦਾ ਸੀ । ਅਕਸਰ ਹੋਟਲ ਵਿਚ ਆਉਣ ਵਾਲੇ ਪਰਮਜੀਤ ਸਿੰਘ ਨੇ ਅਸਿਸਟੈਂਟ ਮੈਨੇਜਰ ਨੂੰ ਕਿਸੇ ਕੰਮ ਦੇ ਬਹਾਨੇ ਆਪਣੇ ਘਰ ਬੁਲਾ ਲਿਆ । ਪੀੜਤ ਮੁਟਿਆਰ ਨੇ ਦੱਸਿਆ ਕਿ ਘਰ ਬੁਲਾ ਕੇ ਮੁਲਜ਼ਮ ਨੇ ਉਸ ਦੀ ਆਬਰੂ ਲੁੱਟ ਲਈ । ਇਸ ਮਾਮਲੇ ਵਿੱਚ ਤਫਤੀਸ਼ੀ ਅਫਸਰ ਕਮਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲੜਕੀ ਦੇ ਬਿਆਨਾਂ ਉਪਰ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ।ਪੁਲਿਸ ਦੇ ਮੁਤਾਬਕ ਲੜਕੀ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਹੈ ।
ਦੂਸਰੇ ਪਾਸੇ ਐਨ ਆਰ ਆਈ ਪਰਮਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਅਸਿਸਟੈਂਟ ਮੈਨੇਜਰ ਉਸ ਨਾਲ ਕੁਝ ਸਮੇਂ ਤੋਂ ਲਿਵ ਇਨ ਰਿਲੇਸ਼ਨਸ਼ਿਪ ਵਿਚ ਹੈ , ਜਦ ਵੀ ਉਹ ਜਰਮਨ ਤੋਂ ਆਉਂਦਾ ਤਾਂ ਮੁਟਿਆਰ ਉਸ ਕੋਲ ਆ ਜਾਂਦੀ ਸੀ।ਪਰਮਜੀਤ ਸਿੰਘ ਨੇ ਦੋਸ਼ ਲਗਾਏ ਕਿ ਮੁਟਿਆਰ ਨੇ ਕਈ ਵਾਰ ਉਸ ਦੇ ਪੈਸੇ ਚੋਰੀ ਕੀਤੇ ਹਾਲ ਹੀ ਵਿੱਚ ਲੜਕੀ ਨੇ ਉਸਦੇ 600 ਯੂਰੋ ਅਤੇ 15 ਹਜ਼ਾਰ ਰੁਪਏ ਚੋਰੀ ਕਰ ਲਏ । ਐਨਆਰਆਈ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਉਸ ਨੇ ਲੜਕੀ ਦੀ ਜੁੱਤੀ ਦੇ ਪਤਾਵੇ ਚੈੱਕ ਕੀਤੇ ਤਾਂ ਪਤਾਵਿਆਂ ‘ਚੋਂ ਨਕਦੀ ਬਰਾਮਦ ਕੀਤੀ ਗਈ । ਥਾਣਾ ਕੂੰਮਕਲਾਂ ਦੀ ਪੁਲਿਸ ਨੇ ਇਸ ਕੇਸ ਵਿੱਚ ਹੋਟਲ ਦੀ ਅਸਿਸਟੈਂਟ ਮੈਨੇਜਰ ਦੇ ਖ਼ਿਲਾਫ਼ ਵੀ ਚੋਰੀ ਦਾ ਮੁਕੱਦਮਾ ਦਰਜ ਕਰ ਲਿਆ ਹੈ ।