December 30, 2024

Loading

ਚੜ੍ਹਤ ਪੰਜਾਬ ਦੀ 
ਲੁਧਿਆਣਾ, 09 ਅਪ੍ਰੈਲ (ਸਤ ਪਾਲ ਸੋਨੀ): ਨਵੇਂ ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਅੱਜ ਕਿਹਾ ਕਿ ਸ਼ਹਿਰ ਵਿੱਚ ਅਪਰਾਧਾਂ ਦਾ ਪਤਾ ਲਗਾਉਣਾ ਤੇ ਠੱਲ ਪਾਉਣ ਦੇ ਨਾਲ-ਨਾਲ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਰੰਤ ਹੱਲ ਕਰਨ ਨੂੰ ਮੁੱਖ ਤਰਜ਼ੀਹ ਦਿੱਤੀ ਜਾਵੇਗੀ।

ਅਹੁਦਾ ਸੰਭਾਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਕਮਿਸ਼ਨਰ ਸ੍ਰੀ ਸ਼ਰਮਾ ਨੇ ਕਿਹਾ ਕਿ ਅਪਰਾਧੀਆਂ ਦੀ ਸ਼੍ਰੇਣੀਬੱਧਤਾ ਅਤੇ ਉਨ੍ਹਾਂ ਦੀ ਨਿਗਰਾਨੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ‘ਤੇ ਮੁੱਖ ਧਿਆਨ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਕਮਿਸ਼ਨਰੇਟ ਵਿੱਚੋਂ ਇਸ ਸ਼ਰਾਪ ਨੂੰ ਪੂਰੀ ਤਰ੍ਹਾਂ ਮਿਟਾਉਣ ‘ਤੇ ਜ਼ੋਰ ਦਿੱਤਾ ਜਾਵੇਗਾ।
 ਸ਼ਹਿਰ ਵਾਸੀਆਂ ਨੂੰ ਵਧੀਆ, ਜਵਾਬਦੇਹ ਤੇ ਪਾਰਦਰਸ਼ੀ ਪੁਲਿਸ ਪ੍ਰਣਾਲੀ ਮੁਹੱਈਆ ਕਰਵਾਉਣ ਦਾ ਲਿਆ ਅਹਿਦ
2001 ਬੈਚ ਦੇ ਆਈ.ਪੀ.ਐਸ. ਅਧਿਕਾਰੀ ਨੇ ਇਹ ਵੀ ਕਿਹਾ ਕਿ ਸ਼ਹਿਰ ਵਿੱਚ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਅਤੇ ਕਮਿਸ਼ਨਰੇਟ ਪੁਲਿਸ ਦੀ ਸਮੁੱਚੀ ਟ੍ਰੈਫਿਕ ਪ੍ਰਬੰਧਨ ਯੋਜਨਾ ਦੀ ਸਮੀਖਿਆ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਟ੍ਰੈਫਿਕ ਵਿੰਗ ਦੇ ਸੀਨੀਅਰ ਅਧਿਕਾਰੀਆਂ ਨੂੰ ਫੀਲਡ ਵਿੱਚ ਤਾਇਨਾਤ ਕੀਤਾ ਜਾਵੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਟ੍ਰੈਫਿਕ ਜਾਮ ਕਾਰਨ ਆਉਣ-ਜਾਣ ਵਾਲਿਆਂ ਨੂੰ ਕੋਈ ਸਮੱਸਿਆ ਨਾ ਆਵੇ।
ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਪੀ.ਸੀ.ਆਰ. ਨੂੰ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਹੋਰ ਚੁਸਤ-ਦਰੁਸਤ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਥਾਣਿਆਂ ਵਿੱਚ ਪਬਲਿਕ ਡੀਲਿੰਗ ਨੂੰ ਹੋਰ ਮਜ਼ਬੂਤ ​​ਕੀਤਾ ਜਾਵੇਗਾ ਜਿਸ ਲਈ ਪੁਲਿਸ ਅਧਿਕਾਰੀਆਂ ਨੂੰ ਜਵਾਬਦੇਹ ਬਣਾਇਆ ਜਾਵੇਗਾ।ਡਾ. ਸ਼ਰਮਾ, ਜੋ ਕਿ ਇੱਕ ਗੋਲਡ ਮੈਡਲ ਜੇਤੂ ਐਮ.ਬੀ.ਬੀ.ਐਸ. ਅਤੇ ਐਮਡੀ (ਮੈਡੀਸਨ) ਹਨ, ਨੇ ਇਹ ਵੀ ਕਿਹਾ ਕਿ ਚੰਗੀ, ਜਵਾਬਦੇਹ ਅਤੇ ਪਾਰਦਰਸ਼ੀ ਪੁਲਿਸ ਪ੍ਰਣਾਲੀ ‘ਤੇ ਪੂਰਾ ਧਿਆਨ ਦਿੱਤਾ ਜਾਵੇਗਾ, ਜਿਸ ਲਈ ਆਮ ਲੋਕਾਂ ਅਤੇ ਪ੍ਰੈਸ ਤੋਂ ਫੀਡਬੈਕ ਲਿਆ ਜਾਵੇਗਾ, ਜੋਕਿ ਲੋਕਤੰਤਰ ਪ੍ਰਣਾਲੀ ਦਾ ਚੌਥਾ ਥੰਮ ਮੰਨਿਆ ਜਾਂਦਾ ਹੈ।
ਪੁਲਿਸ ਕਮਿਸ਼ਨਰ ਨੇ ਇਹ ਵੀ ਐਲਾਨ ਕੀਤਾ ਕਿ ਪੁਲਿਸ ਫੋਰਸ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਨਵੀਆਂ ਪਹਿਲਕਦਮੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਸ਼ਹਿਰ ਵਿੱਚ ਬਜ਼ੁਰਗਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵੀ ਜ਼ੋਰ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਇਹ ਅਜੇ ਸ਼ੁਰੂਆਤ ਹੈ ਅਤੇ ਉਹ ਸ਼ਹਿਰ ਨੂੰ ਦਰਪੇਸ਼ ਸਾਰੇ ਅਹਿਮ ਮੁੱਦਿਆਂ ਦਾ ਅਧਿਐਨ ਕਰਨਗੇ ਅਤੇ ਸਮੇਂ ਸਿਰ ਹੱਲ ਕਰਨ ਨੂੰ ਯਕੀਨੀ ਬਣਾਉਣਗੇ।
ਇਸ ਤੋਂ ਪਹਿਲਾਂ ਪੁਲਿਸ ਕਮਿਸ਼ਨਰ ਨੇ ਦਫ਼ਤਰ ਪੁੱਜਣ ‘ਤੇ ਪੰਜਾਬ ਪੁਲੀਸ ਵੱਲੋਂ ਦਿੱਤੇ ਗਾਰਡ ਆਫ਼ ਆਨਰ ਤੋਂ ਸਲਾਮੀ ਲਈ। ਬਾਅਦ ਵਿੱਚ ਉਨ੍ਹਾਂ ਨੇ ਕਮਿਸ਼ਨਰੇਟ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਵਿਸਥਾਰਪੂਰਵਕ ਵਿਚਾਰ ਵਟਾਂਦਰਾ ਕੀਤਾ।
113960cookie-checkਨਵੇਂ ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਅਹੁਦਾ ਸੰਭਾਲਿਆ
error: Content is protected !!