ਲੁਧਿਆਣਾ, ( ਬਿਊਰੋ ) : ਗੁਰਦੁਆਰਾ ਦੁਖ ਨਿਵਾਰਣ ਸਾਹਿਬ ਲੁਧਿਆਣਾ ਵਿਖੇ ਅੱਜ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹਮੰਦ ਉਸਮਾਨ ਲੁਧਿਆਣਵੀ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਕੇ ਉਨਾਂ ਵੱਲੋਂ ਦੇਸ਼ ਭਰ ਵਿੱਚ ਸੀ.ਏ.ਏ ਅਤੇ ਐਨ.ਆਰ.ਸੀ. ਖਿਲਾਫ ਚਲ ਰਹੇ ਜਨ ਅੰਦੋਲਨ ਦਾ ਸਮਰਥਨ ਕਰਨ ’ਤੇ ਮੁਸਲਿਮ ਭਾਈਚਾਰੇ ਵੱਲੋਂ ਆਭਾਰ ਪ੍ਰਗਟਾਇਆ।
ਇਸ ਮੌਕੇ ਤੇ ਪ੍ਰਧਾਨ ਸ. ਪਿ੍ਰਤਪਾਲ ਸਿੰਘ, ਮੁਹਮੰਦ ਮੁਸਤਕੀਮ, ਕੰਵਲਜੀਤ ਸਿੰਘ, ਗੁਰਪ੍ਰੀਤ ਸਿੰਘ ਵਿੰਕਲ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹਮੰਦ ਉਸਮਾਨ ਲੁਧਿਆਣਵੀ ਨੇ ਜੱਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਦੱਸਿਆ ਕਿ ਦੇਸ਼ ਭਰ ਵਿੱਚ ਅੰਦੋਲਨ ਕਰ ਰਹੇ ਲੋਕ ਸ਼ਰਣਾਰਥੀ ਭੈਣ-ਭਰਾ ਦੇ ਖਿਲਾਫ ਨਹੀਂ, ਭਾਰਤ ਦੇ ਸਾਰੇ ਨਾਗਰਿਕ ਚਾਹੁੰਦੇ ਹਨ ਕਿ ਨਾਗਰਿਕਤਾ ਕਾਨੂੰਨ ਵਿੱਚ ਧਰਮ ਦੇ ਨਾਮ ਤੇ ਸੰਵਿਧਾਨ ਨੂੰ ਤੋੜਣ ਦੀ ਜਗਾ, ਇਨਸਾਨਿਅਤ ਦੇ ਅਧਾਰ ਤੇ ਨਾਗਰਿਕਤਾ ਦੇਣ। ਨਾਇਬ ਸ਼ਾਹੀ ਇਮਾਮ ਨੇ ਕਿਹਾ ਕਿ ਅੱਜ ਜੇਕਰ ਸਾਰੇ ਦੇਸ਼ ਵਾਸੀ ਇਸ ਧਰਮ ਅਧਾਰਿਤ ਨਾਗਰਿਕਤਾ ਕਾਨੂੰਨ ਨੂੰ ਮੰਨ ਲੈਂਦੇ ਹਨ ਤਾਂ ਇੱਥੇ ਇੱਕ ਗਲਤ ਰਸਮ ਸ਼ੁਰੂ ਹੋ ਜਾਵੇਗੀ। ਹਰ ਨਵੀਂ ਆਉਣ ਵਾਲੀ ਸਰਕਾਰ ਕਿਸੇ ਵੀ ਧਰਮ ਦੇ ਲੋਕਾਂ ਨੂੰ ਦੇਸ਼ ਦੀ ਨਾਗਰਿਕਤਾ ਤੋਂ ਬਾਹਰ ਕੱਢ ਸਕਦੀ ਹੈ। ਇਸ ਲਈ ਕਾਲੇ ਕਾਨੂੰਨ ਦਾ ਵਿਰੋਧ ਜਰੂਰੀ ਹੈ, ਨਾਇਬ ਸ਼ਾਹੀ ਇਮਾਮ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਦੱਸਿਆ ਕਿ ਲੁਧਿਆਣਾ ਵਿੱਚ ਵੀ ਸ਼ਾਹੀਨ ਬਾਗ ਬਣਾ ਦਿੱਤਾ ਗਿਆ ਹੈ ਜਿੱਥੇ ਲਗਾਤਾਰ ਵਿਰੋਧ ਪ੍ਰਦਰਸ਼ਨ ਜਾਰੀ ਹੈ।