ਲੁਧਿਆਣਾ ( ਬਿਊਰੋ ) : ਪੰਜਾਬ ਸਰਕਾਰ ਵੱਲੋਂ ਭਾਰਤ ਸਰਕਾਰ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਜ਼ਿਲਾ ਪੱਧਰੀ ਸੂਖਮ, ਲਘੂ ਅਤੇ ਮੱਧਮ ਉਦਯੋਗਾਂ ਬਾਰੇ ਕੰਨਕਲੇਵ ‘ਡਿਸਟ੍ਰਿਕਟ ਉਦਯਮ ਸਮਾਗਮ’ ਦਾ ਆਯੋਜਨ ਮਿਤੀ 14 ਤੋਂ 16 ਮਾਰਚ, 2020 ਤੱਕ ਲੁਧਿਆਣਾ ਦੇ ਇੰਡਸਟਰੀਅਲ ਅਸਟੇਟ ਸਥਿਤ ਪੰਜਾਬ ਟਰੇਡ ਸੈਂਟਰ ਵਿਖੇ ਕੀਤਾ ਜਾ ਰਿਹਾ ਹੈ। ਇਸ ਕੰਨਕਲੇਵ ਨੂੰ ਵਧੀਆ ਅਤੇ ਸੁਚਾਰੂ ਤਰੀਕੇ ਨਾਲ ਨੇਪਰੇ ਚਾੜਨ ਲਈ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਵੱਲੋਂ ਆਪਣੇ ਦਫ਼ਤਰ ਵਿੱਚ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜਗਰਾਂਉ)-ਕਮ-ਸੀ. ਈ. ਓ. ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸ੍ਰੀਮਤੀ ਨੀਰੂ ਕਤਿਆਲ ਗੁਪਤਾ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਕੁਲਪ੍ਰੀਤ ਸਿੰਘ, ਜ਼ਿਲਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਮਹੇਸ਼ ਖੰਨਾ, ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਅਤੇ ਹੋਰ ਹਾਜ਼ਰ ਸਨ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਇਸ ਕੰਨਕਲੇਵ ਵਿੱਚ ਕਈ ਗਤੀਵਿਧੀਆਂ ਕੀਤੀਆਂ ਜਾਣਗੀਆਂ, ਜਿਨਾਂ ਨੂੰ ਤਕਨੀਕੀ ਸੈਸ਼ਨ ਅਤੇ ਹੋਰ ਸੈਸ਼ਨਾਂ ਵਿੱਚ ਵੰਡਿਆ ਜਾਵੇਗਾ। ਕੰਨਕਲੇਵ ਵਿੱਚ ਵੱਖ-ਵੱਖ ਵਿਸ਼ਾ ਮਾਹਿਰਾਂ ਵੱਲੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਸੂਬੇ ਵਿੱਚ ਸਨਅਤੀ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਗਰੂਕ ਕੀਤਾ ਜਾਵੇਗਾ। ਕੰਨਕਲੇਵ ਵਿੱਚ ਕਈ ਵੱਡੇ ਉਦਯੋਗਿਕ ਘਰਾਣੇ ਵੀ ਭਾਗ ਲੈਣ ਲਈ ਆ ਰਹੇ ਹਨ। ਸਨਅਤਕਾਰ ਆਪਣੇ ਤਜ਼ਰਬੇ ਸਾਂਝੇ ਕਰ ਸਕਣਗੇ। ਇਸ ਤੋਂ ਇਲਾਵਾ ਇਸ ਕੰਨਕਲੇਵ ਵਿੱਚ ਰੋਜ਼ਗਾਰ ਦੇ ਹੋਰ ਮੌਕੇ ਪੈਦਾ ਕਰਨ ਬਾਰੇ ਵੀ ਵਿਚਾਰਾਂ ਕੀਤੀਆਂ ਜਾਣਗੀਆਂ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਨਵੀਂਆਂ ਤਕਨੀਕਾਂ ਅਤੇ ਟੂਲਜ਼ ਨੂੰ ਲੋਕਾਂ ਤੱਕ ਲਿਜਾਣ ਲਈ ਟਰੇਡ ਮੇਲਾ ਅਤੇ ਪ੍ਰਦਰਸ਼ਨੀ ਵੀ ਲਗਾਈ ਜਾ ਰਹੀ ਹੈ। ਇਸ ਸਮਾਗਮ ਨੂੰ ਨੇਪਰੇ ਚਾੜਨ ਲਈ ਵਧੀਕ ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਸਕਰੀਨਿੰਗ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ, ਜਿਸ ਵਿੱਚ ਜ਼ਿਲਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ, ਡਾਇਰੈਕਟਰ ਐੱਮ. ਐੱਸ. ਐੱਮ. ਈ. ਡੀ. ਆਈ ਅਤੇ ਹੋਰ ਸਨਅਤੀ ਜਥੇਬੰਦੀਆਂ ਦੇ ਨੁਮਾਇੰਦੇ ਪਾਏ ਗਏ ਹਨ। ਇਹ ਕਮੇਟੀ ਵੱਖ-ਵੱਖ 70 ਗਰੁੱਪਾਂ ਨੂੰ ਮੁਫ਼ਤ ਵਿੱਚ ਸਟਾਲ ਅਲਾਟ ਕਰਨ ਦਾ ਕੰਮ ਦੇਖੇਗੀ।