ਲੁਧਿਆਣਾ, (ਸਮਰਾਟ ਸ਼ਰਮਾ) : ਪਾਰਕਿੰਗ ਠੇਕੇਦਾਰਾਂ ਦੇ ਕਰਿੰਦਿਆਂ ਵੱਲੋਂ ਲੋਕਾਂ ਨਾਲ ਕੀਤੇ ਜਾਂਦੇ ਮਾੜੇ ਵਤੀਰੇ,ਪਾਰਕਿੰਗ ਦੀ ਵਾਧੂ ਫੀਸ ਵਸੂਲੀ ਅਤੇ ਟੈਕਸ ਚੋਰੀ ਕਰਨ ਕਰਕੇ ਆਮ ਲੋਕਾਂ ਵਿੱਚ ਰੋਸ ਹੈ। ਡਿਪਟੀ ਕਮਿਸ਼ਨਰ ਦਫਤਰ ਸਮੇਤ ਹੋਰ ਥਾਵਾਂ ‘ਤੇ ਪਾਰਕਿੰਗ ਠੇਕੇਦਾਰ ਵੱਲੋਂ ਨਿਯੁਕਤ ਕੀਤੇ ਗਏ ਮੁਲਾਜਮ ਵਾਹਨ ਮਾਲਕਾਂ ਨਾਲ ਕਥਿਤ ਬਦਸਲੂਕੀ ਕਰਦੇ ਹਨ ‘ਤੇ ਤੈਅ ਪਾਰਕਿੰਗ ਫੀਸ ਤੋਂ ਵਾਧੂ ਪਾਰਕਿੰਗ ਫੀਸ ਦੀ ਵਸੂਲੀ ਕੀਤੀ ਜਾਂਦੀ ਹੈ। ਕਈਂ ਥਾਂਵੇਂ ਤਾਂ ਪਾਰਕਿੰਗ ਠੇਕੇਦਾਰ ਕਥਿਤ ਤੌਰ ‘ਤੇ ਟੈਕਸ ਦੀ ਚੋਰੀ ਵੀ ਕਰਦੇ ਹਨ ਪ੍ਰੰਤੂ ਇਨਾਂ ਪਾਰਕਿੰਗ ਵਾਲਿਆਂ ਖਿਲਾਫ ਸ਼ਿਕਾਇਤਾਂ ਮਿਲਣ ਮਗਰੋਂ ਵੀ ਕੋਈ ਕਾਰਵਾਈ ਨਹੀਂ ਹੁੰਦੀ। ਅੱਜ ਬੰਦਾਬਹਾਦਰ ਨਗਰ,ਕਾਰਬਰਾ ਚੌਂਕ, ਵਾਸੀ ਗੁਰਮੇਲ ਸਿੰਘ ਪੁੱਤਰ ਸੁਰਜੀਤ ਸਿੰਘ ਨੇ ਸਿਵਿਲ ਹਸਪਤਾਲ ਦੇ ਪਾਰਕਿੰਗ ਠੇਕੇਦਾਰ ਦੇ ਮੁਲਾਜਮਾਂ ਵਲੋਂ ਪਾਰਕਿੰਗ ਦੀ ਫੀਸ ਵੱਧ ਵਸੂਲੀ ਕਰਨ ਅਤੇ ਮਾੜਾ ਵਤੀਰਾ ਕਰਨ ਸੰਬਧੀ ਜਿਲਾ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਕਰਕੇ ਉਨ੍ਹਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਡਿਪਟੀ ਕਮਿਸ਼ਨਰ ਪ੍ਰਦੀਪ ਅੱਗਰਵਾਲ ਨੂੰ ਸ਼ਿਕਾਇਤ ਸੌਂਪਣ ਮਗਰੋਂ ਦਿੱਤੀ ਗਈ ਸ਼ਿਕਾਇਤ ਬਾਰੇ ਜਾਣਕਾਰੀ ਦਿੰਦਿਆਂ ਸ਼ਿਕਾਇਤਕਰਤਾ ਗੁਰਮੇਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸੰਬਧੀ ਉਨਾਂ ਵਲੋਂ ਘਟਨਾ ਵਾਲੇ ਦਿਨ ਹੀ 104 ਨੰਬਰ ਫੋਨ ‘ਤੇ ਸਿਵਲ ਸਰਜਨ ਨੂੰ ਇਸਦੀ ਸ਼ਿਕਾਇਤ ਕਰ ਦਿੱਤੀ ਸੀ ਅਤੇ ਐਸ ਐਮ ਓ ਸਾਹਿਬ ਵਲੋਂ ਜਾਂਚ ਕੀਤੀ ਜਾ ਰਹੀ ਹੈ। ਉਨਾਂ ਇਹ ਵੀ ਦੱਸਿਆ ਕਿ ਇਸ ਮਾਮਲੇ ਸੰਬਧੀ ਉਨਾਂ ਬੀਤੇ ਦਿਨੀ ਏ ਡੀ ਸੀ (ਜ) ਇਕਬਾਲ ਸਿੰਘ ਸੰਧੂ ਨਾਲ ਵੀ ਮੁਲਾਕਤ ਕੀਤੀ ਸੀ’ ਤੇ ਅੱਜ ਡੀਸੀ ਸਾਹਿਬ ਨੂੰ ਲਿਖਤੀ ਸ਼ਿਕਾਇਤ ਸੌਂਪੀ ਗਈ ਹੈ । ਉਨਾਂ ਦੱਸਿਆ ਕਿ ਸਿਵਿਲ ਹਸਪਤਾਲ ਦੇ ਪਾਰਕਿੰਗ ਠੇਕੇਦਾਰ ਖਿਲਾਫ ਕਾਰਵਾਈ ਕਰਨ ਲਈ ਡਾਕ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਸ਼ਿਕਾਇਤ ਭੇਜੀ ਜਾਵੇਗੀ ਅਤੇ ਪੁਲਿਸ ਕਮਿਸ਼ਨਰ,ਸਿਵਲ ਸਰਜਨ ਆਦਿ ਨੂੰ ਲਿਖਤੀ ਸ਼ਿਕਾਇਤ ਦਿੱਤੀ ਜਾਵੇਗੀ । ਸ਼ਿਕਾਇਤਕਰਤਾ ਨੇ ਡਿਪਟੀ ਕਮਿਸ਼ਨਰ ਸ਼੍ਰੀ ਅਗਰਵਾਲ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਉਹ 29 ਜਨਵਰੀ 2020 ਨੂੰ ਸਿਵਲ ਹਸਪਤਾਲ ਖੂਨ ਦਾਨ ਕਰਨ ਦੇ ਮੰਤਵ ਨਾਲ ਗਿਆ ਸੀ। ਪਾਰਕਿੰਗ ਠੇਕੇਦਾਰ ਦੇ ਮੁਲਾਜਮਾਂ ਵੱਲੋਂ ਉਸ ਪਾਸੋਂ ਪਾਰਕਿੰਗ ਫੀਸ 15 ਰੁਪਏ ਵਸੂਲੀ ਗਈ। ਉਸਨੇ ਦੱਸਿਆ ਕਿ ਪਾਰਕਿੰਗ ਵਾਲਿਆਂ ਵੱਲੋਂ ਉਸ ਨੂੰ ਕਿਹਾ ਗਿਆ ਕਿ ਜੇਕਰ ਚਾਰ ਘੰਟੇ ਤੋਂ ਬਾਅਦ ਵੀ ਦੋ ਪਹੀਆ ਵਾਹਨ ਪਾਰਕਿੰਗ ਵਿਚ ਰਿਹਾ ਤਾਂ ਉਸਦੀ ਫੀਸ ਦੁਬਾਰਾ ਭਰਨੀ ਹੋਵੇਗੀ।
31 ਜਨਵਰੀ ਨੂੰ ਮੁੜ ਜਾਨ ‘ਤੇ ਉਹ ਹੀ ਫੀਸ ਵਸੂਲ ਕੀਤੀ ਗਈ ਅਤੇ ਚਾਰ ਘੰਟੇ ਬਾਅਦ ਦੁਬਾਰਾ ਪਰਚੀ ਕਟਵਾਉਣ ਦੀ ਹਦਾਇਤ ਕੀਤੀ ਗਈ । ਉਨਾਂ ਕਿਹਾ ਕਿ ਉਸ ਦਿਨ ਸਮਾਂ ਜਿਆਦਾ ਲੱਗਣ ਕਰਕੇ ਉਸਨੇ ਪਾਰਕਿੰਗ ਠੇਕੇਦਾਰ ਦੇ ਮੁਲਾਜਮਾਂ ਨਾਲ ਗੱਲ ਕੀਤੀ ਤਾਂ ਉਨਾਂ ਉਸਦੇ ਨਾਲ ਮਾੜਾ ਵਤੀਰਾ ਕੀਤਾ ਅਤੇ ਮਾੜੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ । ਸ਼ਿਕਾਇਤ ਪੱਤਰ ‘ਚ ਕਿਹਾ ਗਿਆ ਹੈ ਕਿ ਉਸਨੇ ਨਿਜੀ ਤੌਰ ‘ਤੇ ਸਿਵਿਲ ਹਸਪਤਾਲ ਦੀ ਪਾਰਕਿੰਗ ਠੇਕੇ ਸੰਬਧੀ ਪਤਾ ਕੀਤਾ ਤਾਂ ਤੱਥ ਸਾਹਮਣੇ ਆਏ ਕਿ ਪਾਰਕਿੰਗ ਦਾ ਠੇਕਾ ਲੈਣ ਲਈ ਜੋ ਐਗਰੀਮੈਂਟ ਡੀਡ ਹੋਈ ਹੈ ‘ਚ ਪ੍ਰਤੀ ਦੋ ਪਹੀਆ ਵਾਹਨ ਦੀ ਪਾਰਕਿੰਗ ਫੀਸ 5 ਰੁਪਏ ਤੈਅ ਕੀਤੀ ਗਈ ਹੈ ਅਤੇ ਸਾਈਕਲ ਦੀ ਕੋਈ ਫੀਸ ਨਹੀਂ ਹੈ,ਪ੍ਰੰਤੂ ਸਾਈਕਲ ਪਾਰਕਿੰਗ ਫੀਸ ਵੀ ਕਥਿਤ ਤੌਰ ‘ਤੇ ਵਸੂਲ ਕੀਤੀ ਜਾਂਦੀ ਹੈ । ਇਸ ਤੋਂ ਇਲਾਵਾ ਪਾਰਕਿੰਗ ਫੀਸ ਦੀ ਕੱਟੀ ਜਾਂਦੀ ਪਰਚੀ ‘ਤੇ ਜੀ ਐਸ ਟੀ ਨਹੀਂ ਹੈ ਜਿਸ ਨਾਲ ਜੀ ਐਸ ਟੀ ਦੀ ਚੋਰੀ ਕਰਕੇ ਸਰਕਾਰੀ ਖਜਾਨੇ ਨੂੰ ਚੂਨਾ ਲਗਾਇਆ ਜਾ ਰਿਹਾ ਹੈ । ਗੁਰਮੇਲ ਸਿੰਘ ਨੇ ਮੰਗ ਕੀਤੀ ਹੈ ਕਿ ਤੱਥਾਂ ਦੀ ਗੰਭੀਰਤਾ ਨਾਲ ਜਾਂਚ ਕਰਕੇ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇ ਤਾਕਿ ਆਮ ਲੋਕਾਂ ਨੂੰ ਪਾਰਕਿੰਗ ਵਿੱਚ ਹੋ ਰਹੀ ਲੁੱਟ ਤੋਂ ਰਾਹਤ ਮਿਲ ਸਕੇ ਅਤੇ ਸਰਕਾਰੀ ਖਜਾਨੇ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ।