ਲੁਧਿਆਣਾ, 22 ਅਪ੍ਰੈੱਲ ( ਸਤਪਾਲ ਸੋਨੀ ) : ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਪਿਛਲੇ ਦਿਨੀਂ ਇਕ 72 ਸਾਲਾ ਮਹਿਲਾ ਸਵਰਨ ਕਾਂਤਾ, ਜੋ ਕਿ ਜਲੰਧਰ ਦੀ ਰਹਿਣ ਵਾਲੀ ਹਨ ਅਤੇ ਕਰੋਨਾ ਵਾਇਰਸ ਪੋਜ਼ਿਟਿਵ ਪਾਏ ਗਏ ਸਨ, ਨੂੰ ਤਕਰੀਬਨ 04 ਹਫਤੇ ਪਹਿਲਾਂ ਸੀ.ਐਮ.ਸੀ.ਹਸਪਤਾਲ ਵੱਲੋਂ ਦਾਖਲ ਕੀਤਾ ਗਿਆ ਅਤੇ ਅੱਜ ਉਹ ਮਹਿਲਾ ਇਸ ਹਸਪਤਾਲ ਤੋਂ ਠੀਕ ਹੋ ਕੇ ਵਾਪਿਸ ਆਪਣੇ ਘਰ ਪਰਤੇ ਹਨ। ਸ੍ਰ. ਬਿੱਟੂ ਨੇ ਇਸ ਵਾਸਤੇ ਸੀ.ਐਮ.ਸੀ.ਹਸਪਤਾਲ ਦੀ ਸਾਰੀ ਡਾਕਟਰ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨਾਂ ਨੇ ਉਨਾਂ ਦੀ ਪੂਰੀ ਦੇਖ ਰੇਖ ਕੀਤੀ ਅਤੇ ਮੁੜ ਜ਼ਿੰਦਗੀ ਜਿਉਣ ਦਾ ਅਵਸਰ ਪ੍ਰਦਾਨ ਕੀਤਾ।ਉਨਾਂ ਸੀ.ਐਮ.ਸੀ.ਹਸਪਤਾਲ ਦੇ ਡਾਇਰੈਕਟਰ ਸ੍ਰੀ ਵਿਲੀਅਮ ਭੱਟੀ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਜਿਨਾਂ ਨੇ ਹਸਪਤਾਲ ਦੇ ਖਰਚ ਦੀ ਪਰਵਾਹ ਕੀਤੇ ਬਿਨਾਂ ਇਸ ਮਹਿਲਾ ਨੂੰ ਠੀਕ ਕਰਵਾਉਣ ਦੇ ਹਰ ਸੰਭਵ ਯਤਨ ਕੀਤੇ।ਉਨਾਂ ਦੱਸਿਆ ਕਿ ਸੀ.ਐਮ.ਸੀ.ਹਸਪਤਾਲ ਨੇ ਇਨਾਂ ਨੂੰ “ਨਾਨ ਇਨਵੇਸੀਵ ਵੈਂਟੀਲੇਸ਼ਨ“ ਸੁਵਿਧਾ ਪ੍ਰਦਾਨ ਕਰਦੇ ਹੋਏ ਓਹਨਾ ਨੂੰ ਠੀਕ ਕਰਨ ਵਿਚ ਸਫਲਤਾ ਪਾਈ।
ਸ੍ਰ. ਬਿੱਟੂ ਦੇ ਦੱਸਿਆ ਕਿ ਉਨਾਂ ਦੇ ਧਿਆਨ ਵਿਚ ਇਹ ਵੀ ਆਇਆ ਹੈ ਕਿ ਇਸ ਮਹਿਲਾ ਨੂੰ ਲੁਧਿਆਣਾ ਦੇ ਹਸਪਤਾਲ ਵਿਚ ਉਸ ਵੇਲੇ ਉਪਚਾਰ ਵੇਲੇ ਲਿਆਇਆ ਗਿਆ ਜਦੋਂ ਜਲੰਧਰ ਵਿਚ ਕਿਸੇ ਵੀ ਹਸਪਤਾਲ ਵੱਲੋਂ ਓਹਨਾ ਦੇ ਉਪਚਾਰ ਲਈ ਹੱਥ ਖੜੇ ਕਰ ਦਿੱਤੇ ਗਏ।ਸੀ.ਐਮ.ਸੀ.ਹਸਪਤਾਲ ਨੇ ਸਿਰਫ ਇਸ ਕੇਸ ਵਿਚ ਨਹੀਂ ਸਗੋਂ ਪਹਿਲਾਂ ਵੀ ਵਧੇਰੀ ਵਾਰ ਲੁਧਿਆਣਾ ਸ਼ਹਿਰ ਵਿਚ ਹੋਈਆਂ ਅਚਨਚੇਤ ਗੰਭੀਰ ਘਟਨਾਵਾਂ ਵਿਚ ਆਪਣਾ ਸਹਿਯੋਗ ਦਿੱਤਾ ਹੈ ਜਿਵੇਂ ਕਿ ਪਿੱਛਲੀ ਵਾਰ ਸੂਫੀਆਂ ਚੋਂਕ ਵਿਖੇ ਹੋਈ ਅਤਿਅੰਤ ਭਿਆਨਕ ਅੱਗ ਦੁਰਘਟਨਾ ਵਿਚ ਘਾਇਲ ਵਿਅਕਤੀਆਂ ਨੂੰ ਵੀ ਖਰਚ ਦੀ ਪ੍ਰਵਾਹ ਕੀਤੇ ਬਿਨਾਂ ਉਪਚਾਰ ਕਰਨ ਵਿਚ ਇਕ ਮਹੱਤਵਪੂਰਨ ਭੂਮਿਕਾ ਨਿਭਾਈ ਸੀ।ਸ੍ਰ. ਬਿੱਟੂ ਨੇ ਕਿਹਾ ਕਿ ਪਹਿਲਾਂ ਤਾਂ ਉਹ ਅਰਦਾਸ ਕਰਦੇ ਹਨ ਕਿ ਭਵਿੱਖ ਵਿਚ ਕੋਈ ਵੀ ਇਸ ਵਾਇਰਸ ਤੋਂ ਪ੍ਰਭਾਵੀ ਨਾ ਹੋਵੇ ਅਤੇ ਜੇਕਰ ਕੋਈ ਵੀ ਅਜਿਹਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਸੀ.ਐਮ.ਸੀ ਹਸਪਤਾਲ ਸੇਵਾ ਦੀ ਭਾਵਨਾ ਨਾਲ ਤਤਪਰ ਹੈ। ਇਸ ਕਰਕੇ ਸੀ.ਐਮ.ਸੀ ਹਸਪਤਾਲ ਦੀ ਸੇਵਾ ਭਾਵਨਾ ਵਿਰੁੱਧ ਕੋਈ ਵੀ ਅਫਵਾਹ ਨਾ ਉੜਾਈ ਜਾਏ ਤਾਂ ਜੋ ਓਹਨਾ ਦੀ ਸੇਵਾ ਭਾਵਨਾ ਨੂੰ ਧੱਕਾ ਨਾ ਲੱਗੇ।