December 23, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ, 13 ਅਕਤੂਬਰ,(ਸਤ ਪਾਲ ਸੋਨੀ/ਰਵੀ ਵਰਮਾ) – ਸੁਚਾਰੂ ਯੋਜਨਾਬੰਦੀ, ਰਣਨੀਤਕ ਗਸ਼ਤ ਅਤੇ ਸੰਭਾਵਿਤ ਵਾਰਦਾਤ ਵਾਲੀਆਂ ਥਾਵਾਂ ਜਾਂ ਹੌਟ ਸਪਾਟ ‘ਤੇ ਪੁਲਿਸ ਦੀ ਮੁਸਤੈਦੀ ਸਦਕਾ, ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਪ੍ਰਭਾਵਸ਼ਾਲੀ ਢੰਗ ਨਾਲ ਸਨੈਚਿੰਗ ਮਾਮਲਿਆਂ ਦੇ ਗ੍ਰਾਫ ਨੂੰ ਢਲਾਣ ਵੱਲ ਲਿਆਉਣ ਵਿੱਚ ਸਫਲਤਾ ਹਾਸਲ ਕੀਤੀ ਹੈ ਜਿਸਦੇ ਤਹਿਤ ਪਿਛਲੇ 20 ਦਿਨਾਂ ‘ਚ ਪੁਲਿਸ ਵੱਲੋਂ ਸਰਫ 30 ਕੇਸ ਦਰਜ ਕੀਤੇ ਗਏ ਜੋ ਕਿ ਪਿਛਲੇ ਮਹੀਨੇ ਦੇ ਮੁਕਾਬਲੇ ਕਾਫੀ ਘੱਟ ਹਨ। ਹੋਰ ਵੇਰਵੇ ਸਾਂਝੇ ਕਰਦਿਆਂ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਜਿਨ੍ਹਾਂ ਨੇ 22 ਸਤੰਬਰ ਨੂੰ ਆਪਣਾ ਅਹੁਦਾ ਸੰਭਾਲਿਆ ਸੀ, ਨੇ ਦੱਸਿਆ ਕਿ ਚੇਨ ਸਨੈਚਿੰਗ ਦੀਆਂ 30 ਘਟਨਾਵਾਂ ਵੱਖ-ਵੱਖ ਥਾਣਿਆਂ ਵਿੱਚ ਦਰਜ਼ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 28 ਨੂੰ 64 ਮੁਲਜ਼ਮਾਂ ਦੀ ਗ੍ਰਿਫਤਾਰੀ ਅਤੇ ਚੋਰੀ ਹੋਈ ਸੰਪਤੀ ਦੀ 100 ਫੀਸਦ ਬ੍ਰਾਮਦਗੀ ਨਾਲ ਸਫਲਤਾਪੂਰਵਕ ਹਲ ਕੀਤਾ ਹੈ।
ਵੇਰਵਿਆਂ ਅਨੁਸਾਰ, 1 ਸਤੰਬਰ ਤੋਂ 21 ਸਤੰਬਰ ਤੱਕ ਲੁਧਿਆਣਾ ਵਿੱਚ ਚੇਨ ਸਨੈਚਿੰਗ ਦੀਆਂ 51 ਘਟਨਾਵਾਂ ਵਾਪਰੀਆਂ ਜੋ 22 ਸਤੰਬਰ ਤੋਂ 12 ਅਕਤੂਬਰ ਤੱਕ ਘਟ ਕੇ 30 ਕੇਸ ਰਹਿ ਗਏ। ਇਸ ਤੋਂ ਇਲਾਵਾ, ਸਤੰਬਰ ਮਹੀਨੇ ਦੇ ਪਹਿਲੇ 21 ਦਿਨਾਂ ਵਿੱਚ ਕੇਸ ਸੁਲਝਾਉਣ ਦੀ ਦਰ ਸਿਰਫ 33.33 ਫੀਸਦੀ ਸੀ ਜੋ ਅਗਲੇ 20 ਦਿਨਾਂ ਵਿੱਚ ਵੱਧ ਕੇ 93.33 ਫੀਸਦ ਹੋ ਗਈ ਹੈ। ਪੁਲਿਸ ਵੱਲੋਂ 50.42 ਲੱਖ ਰੁਪਏ ਦੀ ਸੰਪਤੀ ਵੀ ਬਰਾਮਦ ਕੀਤੀ ਹੈ।
ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਲੁਧਿਆਣਾ ਤੋਂ ਇਸ ਸਟ੍ਰੀਟ ਕ੍ਰਾਈਮ ਨੂੰ ਖ਼ਤਮ ਕਰਨ ਲਈ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਕਿਹਾ ਕਿ ਪੁਲਿਸ ਨੇ ਸਨੈਚਰਾਂ ਨੂੰ ਫੜਨ ਲਈ ਵਿਸ਼ੇਸ਼ ਰਣਨੀਤੀ ਤਿਆਰ ਕੀਤੀ ਹੈ। ਉਨ੍ਹਾਂ ਕਿਹਾ ਕਿ ਹਰ ਸਨੈਚਿੰਗ ਮਾਮਲੇ ਨੂੰ ਹੁਣ ਗੰਭੀਰਤਾ ਨਾਲ ਨਜਿੱਠਿਆ ਜਾ ਰਿਹਾ ਹੈ ਅਤੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਹੇਠ ਟੀਮਾਂ ਦਿਨ-ਰਾਤ ਕੰਮ ਕਰਦੀਆਂ ਹਨ ਤਾਂ ਜੋ ਤੁਰੰਤ ਕਾਰਵਾਈ ਕੀਤੀ ਜਾ ਸਕੇ।ਉਨ੍ਹਾਂ ਕਿਹਾ ਕਿ ਹੁਣ ਵਧੇਰੇ ਪੀ.ਸੀ.ਆਰ. ਟੀਮਾਂ ਸੰਭਾਵਿਤ ਵਾਰਦਾਤ ਥਾਵਾਂ ‘ਤੇ ਤਾਇਨਾਤ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਘੁਮਾਰ ਮੰਡੀ ਰੋਡ, ਡੀ.ਐਮ.ਸੀ. ਰੋਡ, ਕਿਪਸ ਮਾਰਕੀਟ ਸਰਾਭਾ ਨਗਰ, ਅਰਬਨ ਅਸਟੇਟ ਦੁੱਗਰੀ, ਜਲੰਧਰ ਬਾਈਪਾਸ, ਗਿੱਲ ਰੋਡ, ਸ਼ੇਰਪੁਰ ਚੌ ਅਤੇ ਗਿਆਸਪੁਰਾ ਸ਼ਾਮਲ ਹਨ। ਇਸ ਤੋਂ ਇਲਾਵਾ ਸੀ.ਸੀ.ਟੀ.ਵੀ. ਰਾਹੀਂ ਵੀ ਨਿਗਰਾਨੀ ਕੀਤੀ ਜਾ ਰਹੀ ਹੈ।
ਸ੍ਰੀ ਭੁੱਲਰ ਨੇ ਕਿਹਾ ਕਿ ਪੁਲਿਸ ਖਾਸ ਕਰਕੇ ਪੀ.ਸੀ.ਆਰ. ਟੀਮਾਂ ਦੀ ਕਿਸੇ ਵੀ ਅਪਰਾਧ ਨਾਲ ਨਜਿੱਠਣ ਵਿੱਚ ਵਧੇਰੇ ਜ਼ਿੰਮੇਵਾਰ ਹੁੰਦੀ ਹੈ ਕਿਉਂਕਿ ਉਨ੍ਹਾਂ ਨੂੰ ਸੂਚਨਾ ਮਿਲਦੇ ਹੀ ਘਟਨਾ ਸਥੱਲ ‘ਤੇ ਪਹੁੰਚਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।ਉਨ੍ਹਾਂ ਅੱਗੇ ਕਿਹਾ ਕਿ ਲੁਧਿਆਣਾ ਪੁਲਿਸ ਨੇ ਨਗਰ ਨਿਗਮ ਲੁਧਿਆਣਾ ਨੂੰ ਕਈ ਥਾਵਾਂ ‘ਤੇ ਸਟਰੀਟ ਲਾਈਟਾਂ ਲਗਾਉਣ ਦੀ ਵੀ ਅਪੀਲ ਕੀਤੀ ਹੈ ਕਿਉਂਕਿ ਅਪਰਾਧੀ ਵਾਰਦਾਤ ਕਰਨ ਮੌਕੇ ਹਨੇਰੇ ਦਾ ਲਾਹਾ ਚੁੱਕਦੇ ਹਨ।
86670cookie-checkਲੁਧਿਆਣਾ ਪੁਲਿਸ ਸਨੈਚਿੰਗ ਮਾਮਲਿਆਂ ਦੇ ਗ੍ਰਾਫ ਨੂੰ ਢਲਾਣ ਵੱਲ ਲਿਆਉਣ ‘ਚ ਹੋਈ ਸਫ਼ਲ
error: Content is protected !!