ਚੜ੍ਹਤ ਪੰਜਾਬ ਦੀ
ਮਾਨਸਾ 9 ਅਪ੍ਰੈਲ (ਪ੍ਰਦੀਪ ਸ਼ਰਮ ):ਮੈਡੀਕਲ ਪੈ੍ਕਟੀਸ਼ਨਰਜ਼ ਐਸੋਸ਼ੀਏਸ਼ਨ ਪੰਜਾਬ ਜ਼ਿਲ੍ਹਾ ਮਾਨਸਾ ਦੇ ਬਲਾਕ ਮਾਨਸਾ ਦੀ ਅਹਿਮ ਮੀਟਿੰਗ ਵਿਲਾ – 22 ਵਿਖੇ ਬਲਾਕ ਪ੍ਰਧਾਨ ਪ੍ਰੇਮ ਗਰਗ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਬਲਾਕ ਦੇ ਸਮੂਹ ਮੈਂਬਰ ਸਾਥੀਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਅਤੇ ਜ਼ਿਲ੍ਹਾ ਪ੍ਰਧਾਨ ਰਘਵੀਰ ਚੰਦ ਸ਼ਰਮਾ ਪਹੁੰਚੇ ।ਮੀਟਿੰਗ ਦੀ ਸ਼ੁਰੂਆਤ ਕਰਦਿਆਂ ਸਭ ਤੋਂ ਪਹਿਲਾਂ ਵਿਛੜੇ ਸੂਬਾ ਸਕੱਤਰ ਮਰਹੂਮ ਕੁਲਵੰਤ ਰਾਏ ਪੰਡੋਰੀ ਜੀ ਅਤੇ ਸਾਥੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਤੰਗ ਆ ਕੇ ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਸਬਕ ਸਿਖਾਉਂਦੇ ਹੋਏ ਆਮ ਆਦਮੀ ਪਾਰਟੀ ਨੂੰ ਵੱਡੀ ਲੀਡ ਨਾਲ ਸਰਕਾਰ ਬਨਾਉਣ ਦਾ ਮੌਕਾ ਦਿੱਤਾ ਹੈ । ਮੈਡੀਕਲ ਪੈ੍ਕਟੀਸ਼ਨਰਜ਼ ਐਸੋਸ਼ੀਏਸ਼ਨ ਪੰਜਾਬ ਦੀ ਸਮੁੱਚੀ ਜਥੇਬੰਦੀ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਡਾ਼ ਵਿਜੇ ਸਿੰਗਲਾ ਅਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਤੋਂ ਬਹੁਤ ਵੱਡੀਆਂ ਆਸਾਂ ਹਨ ।
ਮੈਡੀਕਲ ਪੈ੍ਕਟੀਸ਼ਨਰ ਪੰਜਾਬ ਅੰਦਰ ਲੰਮੇ ਸਮੇਂ ਤੋਂ ਪਿੰਡਾਂ ਅਤੇ ਸ਼ਹਿਰਾਂ ਦੀਆਂ ਗਰੀਬ ਬਸਤੀਆਂ ਅੰਦਰ ਮੁੱਢਲੀਆਂ ਸਿਹਤ ਸੇਵਾਵਾਂ ਦਿੰਦੇ ਆ ਰਹੇ ਹਨ ਅਤੇ ਇੰਨ੍ਹਾਂ ਵੱਲੋਂ ਨੈਸ਼ਨਲ ਪ੍ਰੋਗਰਾਮ ਪਲਸ ਪੋਲੀਓ , ਟੀ ਬੀ, ਨਸਬੰਦੀ ਅਤੇ ਹੋਰ ਭਿਆਨਕ ਬੀਮਾਰੀਆਂ ਦੀ ਰੋਕਥਾਮ ਲਈ ਕੀਤੇ ਜਾਂਦੇ ਪ੍ਰੋਗਰਾਮਾ ਵਿੱਚ ਅਹਿਮ ਰੋਲ ਨਿਭਾਇਆ ਜਾਂਦਾ ਹੈ । ਕਰੋਨਾ ਕਾਲ ਵਿੱਚ ਵੀ ਅਹਿਮ ਰੋਲ ਨਿਭਾਇਆ ਹੈ। ਇੰਨ੍ਹਾਂ ਤੋਂ ਸਿਹਤ ਸੇਵਾਵਾਂ ਲੈਣ ਵਾਲੇ ਲੋਕ ਪੂਰੀ ਤਰ੍ਹਾਂ ਸੰਤੁਸ਼ਟ ਹਨ । ਮੈਡੀਕਲ ਪ੍ਰੈਕਟੀਸਨਰਾਂ ਦੀਆਂ ਮੰਗਾਂ ਜੋ ਪਿਛਲੇ ਲੰਮੇ ਸਮੇਂ ਤੋਂ ਲਟਕ ਰਹੀਆਂ ਹਨ ਪਿਛਲੇ ਸਮੇਂ ਵੱਖ ਵੱਖ ਸਰਕਾਰਾਂ ਨੇ ਹੱਲ ਕਰਨ ਦੀ ਬਜਾਏ ਲਾਰਿਆਂ ਨਾਲ ਹੀ ਸਾਰਿਆ ਹੈ ।
ਉਹਨਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ , ਸਿਹਤ ਮੰਤਰੀ ਡਾ਼ ਵਿਜੇ ਸਿੰਗਲਾ ਅਤੇ ਸਮੁੱਚੀ ਕੈਬਨਿਟ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਮੈਡੀਕਲ ਪੈ੍ਕਟੀਸ਼ਨਰਾਂ ਦੇ ਸਮਾਜਿਕ ਰੋਲ ਨੂੰ ਸਮਝਦਿਆਂ ਪਾਰਟ ਟਾਇਮ ਸਿੱਖਿਆ ਦੇ ਕੇ ਪਰੈਕਟਿਸ ਕਰਨ ਦੀ ਕਾਨੂੰਨੀ ਮਾਨਤਾ ਦਿੱਤੀ ਜਾਵੇ ਇਸ ਨਾਲ ਜਿੱਥੇ ਗਰੀਬ ਲੋਕਾਂ ਨੂੰ ਸਿਹਤ ਸੇਵਾਵਾਂ ਮਿਲਦੀਆਂ ਰਹਿਣਗੀਆਂ ਉਥੇ ਸਰਕਾਰ ਵੱਲੋਂ ਰੁਜ਼ਗਾਰ ਦੇਣ ਦੇ ਕੀਤੇ ਵਾਅਦੇ ਦੀ ਵੀ ਪੂਰਤੀ ਹੋਵੇਗੀ। ਇਸ ਮੌਕੇ ਅਮਰੀਕ ਸਿੰਘ ਸਿੱਧੂ ਬਲਾਕ ਕੈਸ਼ੀਅਰ ਜੋਗਾ , ਬਲਾਕ ਮਾਨਸਾ ਦੇ ਸਕੱਤਰ ਸਿਮਰ ਗਾਗੋਵਾਲ, ਕੈਸ਼ੀਅਰ ਲਾਭ ਸਿੰਘ ਨੇ ਸਾਥੀਆਂ ਨੂੰ ਸੰਬੋਧਨ ਕਰਦਿਆਂ ਸਾਫ ਸੁਥਰੀ ਪਰੈਕਟਿਸ ਕਰਨ ਅਤੇ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਤਨਦੇਹੀ ਨਾਲ ਕੰਮ ਕਰਨ ਦੀ ਕੀਤੀ ਅਪੀਲ । ਇਸ ਸਮੇਂ ਸਹਾਇਕ ਕੈਸ਼ੀਅਰ ਮੈਂਗਲ ਸਿੰਘ , ਵਾਈਸ ਪ੍ਰਧਾਨ ਕਰਮਜੀਤ ਸਿੰਘ , ਮਨੋਜ ਖਿਆਲਾ, ਜਗਸੀਰ ਭੈਣੀਬਾਘਾ , ਜਗਸੀਰ ਸਿੰਘ ਤਾਮਕੋਟ , ਜਸਪਾਲ ਜਿੰਦਲ , ਸੁਨੀਤਾ ਰਾਣੀ , ਅਜਮੇਰ ਖਿਆਲਾ , ਮੱਖਣ ਸਿੰਘ ਖੋਖਰ, ਸੁਖਦਰਸ਼ਨ ਸਿੰਘ ਖਾਰਾ ਆਦਿ ਸਮੇਤ ਬਲਾਕ ਦੇ ਸਮੂਹ ਸਾਥੀ ਮੌਜੂਦ ਸਨ ।
1138800cookie-checkਮੈਡੀਕਲ ਪੈ੍ਕਟੀਸ਼ਨਰਾਂ ਨੂੰ ਦਿੱਤੀ ਜਾਵੇ ਕਾਨੂੰਨੀ ਮਾਨਤਾ