ਪਰਿਵਾਰਕ ਮੈਂਬਰਾਂ ਨੇ ਨਹੀਂ ਦਿਖ਼ਾਈ ਦਿਲਚਸਪੀ, ਭੋਗ ਸ਼ਨਿੱਚਰਵਾਰ ਨੂੰ
ਲੁਧਿਆਣਾ, 6 ਅਪ੍ਰੈਲ ( ਸਤਪਾਲ ਸੋਨੀ ) :ਜ਼ਿਲਾ ਲੁਧਿਆਣਾ ਦੀ ਵਸਨੀਕ ਸੁਰਿੰਦਰ ਕੌਰ ਦਾ ਬੀਤੇ ਦਿਨੀਂ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਕਾਰਨ ਦਿਹਾਂਤ ਹੋ ਗਿਆ ਸੀ, ਜਿਸ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਾਉਣ ਤੋਂ ਪਰਿਵਾਰ ਨੇ ਹੱਥ ਪਿੱਛੇ ਖਿੱਚ ਲਏ ਹਨ। ਇਸ ਸਥਿਤੀ ਵਿੱਚ ਜ਼ਿਲਾ ਪ੍ਰਸਾਸ਼ਨ ਦੇ ਤਿੰਨ ਅਧਿਕਾਰੀਆਂ ਨੇ ਮ੍ਰਿਤਕ ਸੁਰਿੰਦਰ ਕੌਰ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਾਉਣ ਦਾ ਜਿੰਮਾ ਆਪਣੇ ਸਿਰ ਲਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ. ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਇਸ ਕੰਮ ਨੂੰ ਉਹ ਖੁਦ, ਐੱਸ. ਡੀ. ਐÎਮ. ਲੁਧਿਆਣਾ (ਪੱਛਮੀ) ਸ੍ਰ. ਅਮਰਿੰਦਰ ਸਿੰਘ ਮੱਲੀ ਅਤੇ ਜ਼ਿਲਾ ਲੋਕ ਸੰਪਰਕ ਅਫ਼ਸਰ ਸ੍ਰ. ਪ੍ਰਭਦੀਪ ਸਿੰਘ ਨੱਥੋਵਾਲ ਰਲ਼ ਮਿਲ ਕੇ ਸਿਰੇ ਚੜਾਉਣਗੇ। ਉਨਾਂ ਕਿਹਾ ਕਿ ਇਸ ਭਿਆਨਕ ਬਿਮਾਰੀ ਦੇ ਚੱਲਦਿਆਂ ਲੋਕਾਂ ਨੂੰ ਆਪਣੀਆਂ ਸਮਾਜਿਕ ਜਿੰਮੇਵਾਰੀਆਂ ਅਤੇ ਦੁਨਿਆਵੀ ਰਿਸ਼ਤਿਆਂ ਨਾਤਿਆਂ ਤੋਂ ਪਿੱਛੇ ਨਹੀਂ ਹੱਟਣਾ ਚਾਹੀਦਾ।
ਉਨਾਂ ਦੱਸਿਆ ਕਿ ਮ੍ਰਿਤਕ ਸੁਰਿੰਦਰ ਕੌਰ ਨਮਿੱਤ ਸ੍ਰੀ ਆਖੰਡ ਪਾਠ ਦਾ ਭੋਗ ਮਿਤੀ 11 ਅਪ੍ਰੈੱਲ, 2020 ਨੂੰ ਲੁਧਿਆਣਾ ਦੇ ਮਾਡਲ ਟਾਊਨ ਐਕਸਟੈਨਸ਼ਨ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵਿਖੇ ਪਾਇਆ ਜਾਵੇਗਾ। ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਭੋਗ ਦੌਰਾਨ ਸਮਾਜਿਕ ਦੂਰੀ ਦੇ ਸੰਕਲਪ ਨੂੰ ਬਣਾਈ ਰੱਖਣ ਲਈ ਇਕੱਠ ਆਦਿ ਨਹੀਂ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਸੁਰਿੰਦਰ ਕੌਰ ਦਾ ਬੀਤੇ ਦਿਨੀਂ ਸਥਾਨਕ ਫੋਰਟਿਸ ਹਸਪਤਾਲ ਵਿਖੇ ਦਿਹਾਂਤ ਹੋ ਗਿਆ ਸੀ। ਇਸ ‘ਤੇ ਪਰਿਵਾਰਕ ਮੈਂਬਰਾਂ ਨੇ ਉਸਦੀ ਮ੍ਰਿਤਕ ਦੇਹ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਸੀ। ਅੰਤਿਮ ਸਸਕਾਰ ਮੌਕੇ ਵੀ ਪਰਿਵਾਰ ਦੇ ਮੈਂਬਰ ਦੂਰ ਗੱਡੀ ਵਿੱਚ ਬੈਠੇ ਰਹੇ ਅਤੇ ਮ੍ਰਿਤਕ ਦੇਹ ਨੂੰ ਹਸਪਤਾਲ ਤੋਂ ਲੈਣ ਅਤੇ ਚਿਖ਼ਾ ਨੂੰ ਅਗਨੀ ਦਿਖਾਉਣ ਆਦਿ ਜ਼ਰੂਰੀ ਸੇਵਾਵਾਂ ਸਬ ਰਜਿਸਟਰਾਰ ਸ੍ਰ. ਜਗਸੀਰ ਸਿੰਘ ਵੱਲੋਂ ਨਿਭਾਈਆਂ ਗਈਆਂ।
ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਇਸ ਕਦਮ ਦੀ ਭਰਪੂਰ ਸ਼ਲਾਘਾ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਬਿਮਾਰੀ ਸੰਬੰਧੀ ਫਜ਼ੂਲ ਅਫ਼ਵਾਹਾਂ ਵਿੱਚ ਨਾ ਆਉਣ। ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਮ੍ਰਿਤਕ ਦੇਹ ਦਾ ਸਸਕਾਰ ਅਤੇ ਫੁੱਲ ਚੁੱਗਣ ਦੀਆਂ ਰਸਮਾਂ ਨਿਭਾਈਆਂ ਜਾ ਸਕਦੀਆਂ ਹਨ, ਇਸ ਨਾਲ ਬਿਮਾਰੀ ਫੈਲਣ ਦਾ ਕੋਈ ਡਰ ਨਹੀਂ ਹੁੰਦਾ।