ਚੜ੍ਹਤ ਪੰਜਾਬ ਦੀ
ਫੂਲ ਟਾਊਨ, 15 ਸਤੰਬਰ(ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਜਮੀਨੀ ਮਾਮਲੇ ਨੂੰ ਲੈ ਕੇ ਜਿਉਂਦ ਪਿੰਡ ਦੇ ਕਿਸਾਨਾਂ ਵੱਲੋਂ ਬੀ.ਕੇ.ਯੂ ਉਗਰਾਹਾਂ ਦੀ ਅਗਵਾਈ ਵਿੱਚ ਇਨਸਾਫ ਲੈਣ ਲਈ ਡੀ.ਐਸ.ਪੀ ਫੂਲ ਦਫਤਰ ਅੱਗੇ ਲੱਗਿਆ ਧਰਨਾ ਅੱਜ 32ਵੇ ਦਿਨ ਵੀ ਜਾਰੀ ਰਿਹਾ ਅਤੇ ਪ੍ਰਸਾਸ਼ਨ ਵੱਲੋਂ ਕੋਈ ਗੱਲਬਾਤ ਨਾ ਸੁਨਣ ‘ਤੇ ਰੋਹ ‘ਚ ਆਏ ਕਿਸਾਨਾਂ ਵੱਲੋਂ ਡੀ.ਐਸ.ਪੀ ਦਫਤਰ ਦੀ ਘੇਰਾਬੰਦੀ ਕੀਤੀ ਗਈ। ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆਂ ਉਗਰਾਹਾਂ ਆਗੂ ਸ਼ਗਨਦੀਪ ਸਿੰਘ ਜਿਉਂਦ ਨੇ ਦੱਸਿਆ ਕਿ ਜੋ ਪਿਛਲੇ ਦਿਨੀਂ ਪਿੰਡ ਜਿਉਂਦ ਵਿਖੇ 20 ਜੂਨ ਨੂੰ ਵਾਪਰੇ ਗੋਲੀ ਕਾਂਡ ਵਿੱਚ ਸਿਆਸੀ ਸਹਿ ਤੇ ਕਥਿੱਤ ਦੋਸ਼ੀਆਂ ਖਿਲਾਫ ਜਿੰਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਉਨਾਂ ‘ਤੇ ਬਣਦੀ ਕਾਰਵਾਈ ਕਰਨ ਦੀ ਬਜਾਏ ਇੰਨਕੁਆਰੀ ਰਾਹੀਂ ਬੇਦੋਸ਼ੇ ਕਰਾਰ ਦੇ ਦਿੱਤਾ ਅਤੇ ਜਿੰਨਾਂ ਵਿਅਕਤੀਆਂ ਦੇ ਗੋਲੀਆਂ ਲੱਗੀਆਂ ਸਨ ਉਲਟਾ ਉਨਾਂ ‘ਤੇ ਹੀ 307 ਦਾ ਪਰਚਾ ਦਰਜ ਕਰ ਦਿੱਤਾ ਗਿਆ ਜੋ ਸਰਾਸਰ ਧੱਕਾ ਹੈ। ਆਗੂਆਂ ਨੇ ਕਿਹਾ ਕਿ ਜਿੰਨੀ ਦੇਰ ਦੋਸ਼ੀਆਂ ‘ਤੇ ਬਣਦੀ ਕਾਰਵਾਈ ਨਹੀਂ ਕੀਤੀ ਜਾਂਦੀ ਉਦੋਂ ਤੱਕ ਡੀ.ਐਸ.ਪੀ ਦਫਤਰ ਦੀ ਘੇਰਾਬੰਦੀ ਜਾਰੀ ਰਹੇਗੀ ਅਤੇ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ। ਇਸ ਮੌਕੇ ਸ਼ਗਨ ਦੀਪ ਸਿੰਘ, ਜਗਦੀਪ ਸਿੰਘ, ਜਰਨੈਲ ਸਿੰਘ, ਪਾਲ ਸਿੰਘ, ਨੀਲਾ ਸਿੰਘ, ਸੁਖਦੇਵ ਸਿੰਘ, ਜਗਦੀਪ ਸਿੰਘ ਪ੍ਰਧਾਨ, ਰਾਣੀ ਕੌਰ, ਕਰਮਜੀਤ ਕੌਰ, ਜਸਪ੍ਰੀਤ ਕੌਰ, ਗੁਰਮੀਤ ਕੌਰ, ਕਰਮਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਸ਼ਾਮਿਲ ਸਨ।