ਚੜ੍ਹਤ ਪੰਜਾਬ ਦੀ
ਸਭ ਤੋਂ ਪਹਿਲਾਂ ਆਪ ਸਭ ਨੂੰ ਅੰਤਰਰਾਸ਼ਟਰੀ ਮਜਦੂਰ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ਮਾਲਕ ਚੜਦੀ ਕਲਾ ਵਿੱਚ ਰੱਖੇ ਦੁਨੀਆਂ ਦੇ ਹਰੇਕ ਕਿਰਤੀ, ਕਾਮੇਂ ਨੂੰ ਜਿਸ ਦੀ ਮਿਹਨਤ, ਲਗਨ ਅਤੇ ਕਿਰਤ ਸਦਕਾ ਦੁਨੀਆਂ ਜਹਾਨ ਦੇ ਦੇਸ਼ ਤਰੱਕੀਆਂ ਦੀਆਂ ਲਾਂਘਾ ਪੁੱਟਦੇ ਹਨ।
ਆਓ ਗੱਲ ਕਰਦੇ ਹਾਂ ਮਜਦੂਰ ਦਿਵਸ ਦੇ ਇਤਿਹਾਸ ਦੀ।
ਪਿਆਰੇ ਪਾਠਕੋ ਮਜਦੂਰ ਦਿਵਸ ਹਰ ਸਾਲ 1 ਮਈ ਨੂੰ ਲਗਭਗ ਜੱਗ ਦੇ ਹਰੇਕ ਕੋਨੇ ਵਿੱਚ ਮਨਾਇਆ ਜਾਂਦਾ ਹੈ।ਹੁਣ ਸਵਾਲ ਇਹ ਉੱਠਦਾ ਹੈ ਕਿ ਮਈ ਦਿਵਸ ਜਾਂ ਮਜਦੂਰ ਦਿਵਸ ਦੀ ਹੋਂਦ ਦਾ ਆਖਿਰ ਕੀ ਕਾਰਣ ਸੀ ਅਤੇ ਕਦੋਂ ਇਹ ਸਾਲਾਨਾ ਸਮਾਗਮ ਦੇ ਤੌਰ ਤੇ ਮਨਾਏ ਜਾਣ ਵਾਲੇ ਦਿਨ ਦੇ ਰੂਪ ਵਿੱਚ ਉਭਰ ਕੇ ਸਾਹਮਣੇ ਆਇਆ।
ਅੰਤਰਰਾਸ਼ਟਰੀ ਮਜਦੂਰ ਦਿਵਸ ਦੀ ਸ਼ੁਰੂਆਤ 1886 ਵਿੱਚ ਅਮਰੀਕਾ ਦੇ ਇੱਕ ਅੰਦੋਲਨ ਤੋਂ ਹੋਈ। 1 ਮਈ 1886 ਦੇ ਦਿਨ ਪੂਰੇ ਅਮਰੀਕਾ ਦੇ ਮਜ਼ਦੂਰ 15-15 ਘੰਟੇ ਕੰਮ ਕਰਾਉਣ ਦੇ ਖ਼ਿਲਾਫ਼ ਆਪਣੇ ਨਿੱਜੀ ਹੱਕਾਂ ਦੇ ਹੁੰਦੇ ਸ਼ੋਸ਼ਣ ਵਿਰੁੱਧ ਅਵਾਜ਼ ਉਠਾਉਂਦੇ ਹੋਏ, 8 ਘੰਟੇ ਕੰਮ ਕਰਨ ਦੀ ਸਮੇਂ ਸੀਮਾ ਨਿਰਧਾਰਤ ਕਰਨ ਲਈ ਸੜਕਾਂ ਤੇ ਉੱਤਰ ਆਏ। ਮੌਕੇ ਤੇ ਪੁਲਿਸ ਵੱਲੋਂ ਗੋਲੀਬਾਰੀ ਕੀਤੀ ਗਈ ਜਿਸ ਵਿੱਚ 04 ਮਜ਼ਦੂਰ ਜਾਨ ਗੁਆ ਬੈਠੇ ਤੇ ਸੈਂਕੜੇ ਹੋਰ ਜਖ਼ਮੀ ਹੋ ਗਏ।
1889 ਵਿੱਚ ਅੰਤਰਰਾਸ਼ਟਰੀ ਸਮਾਜਵਾਦੀ/ ਸ਼ੋਸ਼ਲਿਸਟ ਕਾਨਫਰੰਸ ਵਿੱਚ 1 ਮਈ ਨੂੰ ਅੰਤਰਰਾਸ਼ਟਰੀ ਮਜਦੂਰ ਦਿਵਸ ਦੇ ਰੂਪ ਵਿੱਚ ਮਨਾਏ ਜਾਣ ਦਾ ਫੈਸਲਾ ਲਿਆ ਗਿਆ ਅਤੇ ਇਸ ਦਿਨ ਕਿਰਤੀ/ ਕਾਮਿਆਂ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ। ਭਾਰਤ ਵਿੱਚ 1 ਮਈ 1923 ਨੂੰ ਸੋਸ਼ਲਿਸਟ ਪਾਰਟੀਆਂ ਵਲੋਂ ਮਜਦੂਰ ਏਕਤਾ ਦਾ ਪ੍ਰਤੀਕ ਲਾਲ ਝੰਡਾ ਚੁੱਕਿਆ ਗਿਆ।
ਭਾਰਤ ਵਿੱਚ ਮਜਦੂਰ ਦਿਵਸ ਦੇ ਸੰਸਥਾਪਕ ਸਹੀ ਮਾਇਨੇ ਵਿੱਚ ਬਾਬਾ ਸਾਹਿਬ ਅੰਬੇਡਕਰ ਜੀ ਰਹੇ ਹਨ। ਬਾਬਾ ਸਾਹਿਬ ਵਲੋਂ ਕਮਗਰਾਂ, ਮਜਦੂਰਾਂ, ਕਿਸਾਨਾਂ, ਅਨੁਸੂਚਿਤ ਜਾਤੀਆਂ ਅਤੇ ਨਿਮਨ ਵਰਗ ਦੇ ਅਧਿਕਾਰਾਂ ਦੀ ਹਮਾਇਤ ਵਿੱਚ ਅਨੇਕਾਂ ਘੋਸ਼ਨਾ ਪੱਤਰ ਜਾਰੀ ਕੀਤੇ ਗਏ ਅਤੇ ਅਨੇਕਾਂ ਹੀ ਕਾਰਜ ਕੀਤੇ ਗਏ।ਬਾਬਾ ਸਾਹਿਬ ਅੰਬੇਡਕਰ ਜੀ ਨੇ ਫੈਕਟਰੀਆਂ ਦੇ ਮਜ਼ਦੂਰਾਂ ਦੇ 12-14 ਘੰਟੇ ਤੋਂ ਘਟਾ ਕੇ 8 ਘੰਟੇ ਕੰਮ ਕਰਨਾ ਦੇ ਨਿਯਮ ਲਾਗੂ ਕੀਤਾ। ਇਸ ਤੋਂ ਇਲਾਵਾ ਸ਼੍ਰਮਿਕ ਔਰਤਾਂ ਦੇ ਮਾਤਰਤਵ ਕਾਨੂੰਨ ਲਾਭ ਦੀ ਮੋਹਰ ਲਗਾਈ।
ਬਾਬਾ ਸਾਹਿਬ ਨੇ 1946 ਵਿੱਚ ਲੇਬਰ ਬਿਊਰੋ ਦੀ ਸਥਾਪਨਾ ਕੀਤੀ ਅਤੇ ਨਾਲ ਹੀ ਬਾਬਾ ਸਾਹਿਬ ਜੀ ਵੱਲੋਂ 1946 ਵਿੱਚ ਨਿਊਨਤਮ ਮਜਦੂਰੀ ਨਿਰਧਾਰਨ ਸਬੰਧੀ ਬਿਲ ਪੇਸ਼ ਕੀਤਾ ਗਿਆ, ਜਿਸ ਉੱਤੇ 1948 ਵਿੱਚ ਨਿਊਨਤਮ ਮਜਦੂਰੀ ਕਾਨੂੰਨ ਬਣਾਇਆ ਗਿਆ ।
ਬਾਬਾ ਸਾਹਿਬ ਸਫ਼ਾਈ ਕਮਗਰਾਂ ਦੇ ਸੰਗਠਿਤ ਅੰਦੋਲਨ ਦੇ ਜਨਕ ਅਤੇ ਬੰਬਈ ਮਿਉਂਸੀਪਲ ਕਮਗਰ ਯੂਨੀਅਨ ਦੇ ਸੰਸਥਾਪਕ ਵੀ ਰਹੇ।
ਇਹ ਦਿਨ ਸੰਸਾਰ ਦੇ ਹਰ ਕਿਰਤੀ ਲਈ ਖਾਸ ਹੈ ਕਿਉਂਕਿ ਇਹ ਇੱਕ ਦਿਨ ਉਸਨੂੰ ਉਸਦੀ ਹੋਂਦ ਤੋਂ ਵੱਖਰੀ ਪਹਿਚਾਣ ਦਿਵਾਉਂਦਾ ਹੈ, ਤੇ ਉਸਦੇ ਅੰਦਰ ਦੇ ਇਨਸਾਨ ਨੂੰ ਉਸ ਨਾਲ ਮਿਲਾਉਂਦਾ ਹੈ।ਇਸ ਦੇ ਨਾਲ ਹੀ ਅੱਜ ਮੈਂ ਗੱਲ ਕਰਨਾ ਚਾਹਾਂਗੀ ਸਾਡੇ ਘਰਾਂ ਵਿੱਚ ਸਾਲ ਦੇ 12 ਮਹੀਨੇ 30 ਦਿਨ ਮਿਹਨਤ ਮਸ਼ਕੱਤ ਨਾਲ ਸਾਡੇ ਘਰ ਪਰਿਵਾਰਾਂ ਨੂੰ ਜੋੜ ਕੇ ਰੱਖਣ ਵਾਲੀਆਂ ਔਰਤਾਂ ਦੀ, ਜੋ ਦੁਨੀਆਂ ਦੇ ਲੱਖਾਂ ਕਿਰਤੀਆਂ ਵਾਂਗ ਦਿਨ ਰਾਤ ਆਪਣੇ ਪਰਿਵਾਰ ਦੇ ਭਰਨ ਪੋਸ਼ਣ ਲਈ ਨਿਰੰਤਰ ਸਮੇਂ ਕਾਲ ਦੇ ਚੱਕਰ ਵਿੱਚ ਚਲਦੀਆਂ ਰਹਿੰਦੀਆਂ ਹਨ ।
ਔਰਤਾਂ ਲਈ ਉਂਝ ਤਾਂ ਬਥੇਰੇ ਦਿਨ ਬਣਾਏ ਗਏ ਹਨ ਮਾਂ ਦਿਵਸ, ਮਹਿਲਾ ਦਿਵਸ, ਬੇਟੀ ਦਿਵਸ ਆਦਿ ਪਰ ਮੈਂ ਅੱਜ ਮਜ਼ਦੂਰ ਦਿਵਸ ਨੂੰ ਵੀ ਔਰਤਾਂ ਨਾਲ ਜੋੜ ਕੇ ਦੇਖਣਾ ਚਾਹੁੰਦੀ ਹਾਂ। ਹੋ ਸਕਦਾ ਹੈ ਬਹੁਤੇਰੇ ਪਾਠਕ ਮੇਰੀ ਇਸ ਸੋਚ ਨਾਲ ਕਿਆਫ਼ਾ ਨਾ ਰੱਖਦੇ ਹੋਣ, ਪਰ ਜਦੋਂ ਦਾ ਆਧੁਨਿਕਤਾ ਦੀ ਹੋੜ ਤੇ ਸਮੇਂ ਦੀ ਜਰੂਰਤ ਨੇ ਘਰੇਲੂ ਔਰਤਾਂ ਨੂੰ ਘਰਾਂ ਦੀ ਚਾਰ ਦੀਵਾਰੀ ਤੋਂ ਬਾਹਰ ਨਿਕਲ ਸਵੈ ਨਿਰਭਰਤਾ ਨਾਲ ਜਿਊਣ ਅਤੇ ਨਾਲ ਨਾਲ ਘਰ ਪਰਿਵਾਰਾਂ ਨੂੰ ਸਭਾਲਣ ਦੀ ਜਿੰਮੇਵਾਰੀ ਦਿੱਤੀ ਹੈ। ਓਦੋਂ ਦਾ ਬਾਕੀ ਜਗਤ ਕਾਮਿਆਂ ਦੀ ਤਰਾਂ ਔਰਤ ਵੀ ਆਪਣੇ ਪਰਿਵਾਰ ਲਈ ਅਣਥਕ ਅਗਰਸਰ ਰਹਿੰਦੀ ਹੈ ਪਰਿਵਾਰ ਦੀਆਂ ਜਿੰਮੇਦਾਰੀਆਂ, ਫ਼ਿਕਰਾਂ ਤੇ ਖੁਸ਼ੀਆਂ ਦੇ ਪਾਟ ਭਰਦੇ ਭਰਦੇ, ਉਸ ਦੀਆਂ ਆਪਣੀਆਂ ਖਵਾਹਿਸ਼ਾਂ ਕਦੋਂ ਖਲਾਅ ਬਣ ਜਾਂਦੀਆਂ ਨੇ ਤੇ ਕਦੋਂ ਮਰ ਮੁੱਕ ਕੇ ਸੁਆਹ ਹੋ ਜਾਂਦੀਆਂ ਨੇ, ਉਸ ਨੂੰ ਖੁਦ ਵੀ ਪਤਾ ਨਹੀਂ ਚਲਦਾ। ਸੋ ਸੰਸਾਰ ਦੇ ਬਾਕੀ ਕਿਰਤੀ ਯੋਧਿਆਂ ਦੇ ਨਾਲ ਨਾਲ ਮੈਂ ਕੁੱਲ ਸੰਸਾਰ ਦੀਆਂ ਔਰਤਾਂ ਨੂੰ ਵੀ ਕਿਰਤ ਦਿਵਸ ਦੀਆਂ ਲੱਖ ਲੱਖ ਵਧਾਈਆਂ ਦੇਣਾ ਚਾਹਾਂਗੀ।
ਸ਼ਾਲਾ! ਜਿਉਂਦੇ ਵਸਦੇ ਰਹਿਣ ਮੇਰੇ ਦੇਸ਼ ਦੇ ਕਿਰਤੀ,
ਪੀਹ ਪੀਹ ਚੰਮ ਦੀ ਚੱਕੀ, ਕਰਾਈ ਜਾਂਦੇ ਨੇ ਤਰੱਕੀ।
ਹਰਪ੍ਰੀਤ ਨਕੋਦਰ
ਜਮਾਲਪੁਰ ਲੁਧਿਆਣਾ
1169140cookie-checkਅੰਤਰਰਾਸ਼ਟਰੀ ਕਿਰਤ ਦਿਵਸ