ਚੜ੍ਹਤ ਪੰਜਾਬ ਦੀ,
ਰਾਮਪੁਰਾ ਫੂਲ 20 ਅਗਸਤ (ਕੁਲਜੀਤ ਸਿੰਘ ਢੀਂਗਰਾ / ਪ੍ਰਦੀਪ ਸ਼ਰਮਾ ) ਉਪ ਮੰਡਲ ਮੈਜਿਸਟ੍ਰੇਟ ਰਾਮਪੁਰਾ ਨਵਦੀਪ ਕੁਮਾਰ, ਸੀਨੀਅਰ ਮੈਡੀਕਲ ਅਫ਼ਸਰ ਡਾ. ਆਰ.ਪੀ ਸਿੰਘ ਅਤੇ ਸੀਨੀਅਰ ਮੈਡੀਕਲ ਅਫ਼ਸਰ ਭਗਤਾ ਭਾਈ ਕਾ ਡਾ. ਰਾਜਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦੇਸ਼ ਸਮਾਜ ਸਕੂਲ ਲੜਕੀਆਂ ਰਾਮਪੁਰਾ ਫੂਲ ਵਿਖੇ ਸਕੂਲ ਦੇ ਸਮੂਹ ਅਧਿਆਪਕਾ ਅਤੇ ਵਿਦਿਆਰਥੀਆਂ ਨਾਲ ਗਰੁੱਪ ਮੀਟਿੰਗ ਕੀਤੀ। ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਮਲਟੀਪਰਪਜ ਹੈਲਥ ਸੁਪਰਵਾਈਜਰ ਬਲਵੀਰ ਸਿੰਘ ਸੰਧੂ ਕਲਾਂ ਨੇ ਦੱਸਿਆ ਕਿ ਹੁਣ ਸਕੂਲ ਖੁੱਲ ਗਏ ਹਨ ਬੱਚਿਆਂ ਦੀ ਪੜ੍ਹਾਈ ਦੇ ਨਾਲ-ਨਾਲ ਕੋਰੋਨਾ ਮਹਾਂਮਾਰੀ ਤੋਂ ਬਚਾਅ ਵੀ ਬਹੁਤ ਜ਼ਰੂਰੀ ਹੈ।
ਇਸ ਮੌਕੇ ਉਨ੍ਹਾਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਮੌਸਮੀ ਬਿਮਾਰੀਆਂ ਤੋਂ ਬਚਾਅ ਲਈ ਮੱਛਰਾਂ ਦੀ ਰੋਕਥਾਮ ਬਹੁਤ ਜ਼ਰੂਰੀ ਹੈ ਕਿਉਂਕਿ ਇਹਨਾਂ ਦਿਨਾਂ ਵਿੱਚ ਮਲੇਰੀਆ, ਡੇਂਗੂ ਆਦਿ ਬੁਖ਼ਾਰ ਵੀ ਫੈਲ ਜਾਂਦੇ ਹਨ ਅਤੇ ਉਨ੍ਹਾਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਨਸ਼ਿਆਂ ਤੋਂ ਦੂਰ ਰੱਖਣ ਲਈ ਯਤਨਸ਼ੀਲ ਰਹਿਣ ਲਈ ਸੁਚੇਤ ਕੀਤਾ। ਇਸ ਮੌਕੇ ਸਿਹਤ ਕਰਮਚਾਰੀ ਨਰਪਿੰਦਰ ਸਿੰਘ ਗਿੱਲ, ਰਣਜੀਤ ਸਿੰਘ, ਮਲਕੀਤ ਸਿੰਘ, ਜਸਵਿੰਦਰ ਸਿੰਘ ਅਤੇ ਬਰੀਡਿੰਗ ਚੈਕਰ ਸੰਸਾਰ ਸਿੰਘ ਪ੍ਰਗਟ ਸਿੰਘ ਅਤੇ ਸਕੂਲ ਦੇ ਸਮੂਹ ਸਟਾਫ਼ ਹਾਜ਼ਰ ਸਨ।