November 14, 2024

Loading

ਲੁਧਿਆਣਾ, 5 ਅਪ੍ਰੈਲ ( ਸਤਪਾਲ ਸੋਨੀ ) :   ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਵੀ ਵਿਅਕਤੀ ਸੋਸ਼ਲ ਮੀਡੀਆ ਜਾਂ ਹੋਰ ਮਾਧਿਅਮ ਰਾਹੀਂ ਅਫਵਾਹਾਂ ਫੈਲਾਏਗਾ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਧਿਆਨ ਵਿੱਚ ਆਇਆ ਹੈ ਕਿ ਕੋਵਿਡ 19 ਦੇ ਚੱਲਦਿਆਂ ਕੁਝ ਲੋਕਾਂ ਵੱਲੋਂ ਗਲਤ ਪ੍ਰਚਾਰ ਜਾਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ, ਜਿਸ ਨਾਲ ਆਮ ਲੋਕਾਂ ਵਿੱਚ ਘਬਰਾਹਟ ਪੈਦਾ ਹੁੰਦੀ ਹੈ। ਅਜਿਹੀਆਂ ਹਰਕਤਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਸ੍ਰੀ ਅਗਰਵਾਲ ਨੇ ਜ਼ਿਲਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਬਿਨਾ ਵੈਰੀਫਾਈ ਕੀਤਿਆਂ ਕੋਈ ਵੀ ਖ਼ਬਰ ਅੱਗੇ ਨਾ ਸਾਂਝੀ ਕਰਨ। ਸ੍ਰੀ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਕੁੱਲ 329 ਨਮੂਨੇ ਲਏ ਗਏ ਹਨ, ਜਿਨਾਂ ਵਿੱਚੋਂ 272 ਨੈਗੇਟਿਵ ਪਾਏ ਗਏ ਹਨ। ਜਦਕਿ 51 ਨਮੂਨਿਆਂ ਦੇ ਨਤੀਜੇ ਦੀ ਉਡੀਕ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਫੋਰਟਿਸ ਹਸਪਤਾਲ ਵਿਖੇ ਦਾਖ਼ਲ ਇੱਕ ਮਰੀਜ਼ ਦੀ ਅੱਜ ਦੁਪਹਿਰ ਵੇਲੇ ਮੌਤ ਹੋ ਗਈ। ਉਨਾਂ ਦੱਸਿਆ ਕਿ ਇਹ ਮਰੀਜ਼ ਸਥਾਨਕ ਸ਼ਿਮਲਾਪੁਰੀ ਇਲਾਕੇ ਦੀ ਰਹਿਣ ਵਾਲੀ ਸੀ ਅਤੇ ਬੀਤੀ 17 ਮਾਰਚ, 2020 ਨੂੰ ਮੋਹਾਲੀ ਵਿਖੇ ਗਈ ਅਤੇ ਉਥੇ ਉਸ ਦੀ ਸਿਹਤ ਨਾਸਾਜ਼ ਹੋ ਗਈ ਸੀ,ਜਿਸ ‘ਤੇ ਉਸ ਨੂੰ 31 ਮਾਰਚ, 2020 ਨੂੰ ਸਥਾਨਕ ਫੋਰਟਿਸ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਸੀ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਬੀਤੀ ਰਾਤ ਵੀ ਇੱਕ ਮਰੀਜ਼ ਦਾ ਨਮੂਨਾ ਪਾਜ਼ੀਟਿਵ ਪਾਇਆ ਗਿਆ ਸੀ। ਉਨਾਂ ਕਿਹਾ ਕਿ ਇਹ ਮਰੀਜ਼ ਵੀ ਦਿੱਲੀ ਵਾਲੇ ਗਰੁੱਪ ਦਾ ਮੈਂਬਰ ਸੀ, ਜੋ ਕਿ ਉਥੋਂ ਵਾਪਸ ਆਇਆ ਸੀ ਅਤੇ ਇਸ ਦੀ ਸੂਚੀ ਪੰਜਾਬ ਸਰਕਾਰ ਵੱਲੋਂ ਸਾਂਝੀ ਕੀਤੀ ਗਈ ਸੀ। ਉਨਾਂ ਕਿਹਾ ਕਿ ਜਿਨਾਂ ਵੀ ਵਿਅਕਤੀਆਂ ਨੇ ਦਿੱਲੀ ਵਾਲਾ ਸਮਾਗਮ ਅਟੈਂਡ ਕੀਤਾ ਸੀ, ਉਨਾਂ ਨੂੰ ਲੱਭਿਆ ਜਾ ਚੁੱਕਾ ਹੈ ਅਤੇ ਉਨਾਂ ਦੇ ਨਮੂਨੇ ਲਏ ਜਾ ਚੁੱਕੇ ਹਨ। ਸ੍ਰੀ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਅਣਦੇਖੀ ਕਰਕੇ ਮਾਪਿਆਂ ਤੋਂ ਫੀਸ ਦੀ ਮੰਗ ਕਰਨ ਵਾਲੇ ਇੱਕ ਨਿੱਜੀ ਸਕੂਲ ਦੇ ਖ਼ਿਲਾਫ਼ ਪੁਲਿਸ ਮਾਮਲਾ ਦਰਜ ਕੀਤਾ ਗਿਆ ਹੈ। ਉਨਾਂ ਕਿਹਾ ਕਿ ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਸਾਰੀਆਂ ਵਿਦਿਅਕ ਸੰਸਥਾਵਾਂ ਨੂੰ ਵਿਦਿਆਰਥੀਆਂ ਦੇ ਮਾਪਿਆਂ ਤੋਂ ਫੀਸ ਨਾ ਮੰਗਣ ਅਤੇ ਸਥਿਤੀ ਆਮ ਵਾਂਗ ਹੋਣ ‘ਤੇ ਬਿਨਾ ਜੁਰਮਾਨਾ ਇੱਕ ਮਹੀਨੇ ਦਾ ਸਮਾਂ ਦੇਣ ਬਾਰੇ ਹਦਾਇਤ ਕੀਤੀ ਗਈ ਹੈ। ਇਨਾਂ ਹੁਕਮਾਂ ਦੀ ਪਾਲਣਾ ਕਰਾਉਣ ਲਈ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਪਾਬੰਦ ਕਰਵਾਇਆ ਗਿਆ ਹੈ।
ਸ੍ਰੀ ਅਗਰਵਾਲ ਨੇ ਕਿਹਾ ਕਿ ਜ਼ਿਲਾ ਪ੍ਰਸਾਸ਼ਨ ਹਰੇਕ ਲੋੜਵੰਦ ਨੂੰ ਤਿਆਰ ਭੋਜਨ ਅਤੇ ਸੁੱਕਾ ਰਾਸ਼ਨ ਮੁਹੱਈਆ ਕਰਾਉਣ ਲਈ ਦ੍ਰਿੜ ਵਚਨਬੱਧ ਹੈ। ਉਨਾਂ ਕਿਹਾ ਕਿ ਅੱਜ ਤੱਕ ਪੰਜਾਬ ਸਰਕਾਰ ਵੱਲੋਂ ਭੇਜੇ 20 ਹਜ਼ਾਰ ਸੁੱਕਾ ਰਾਸ਼ਨ ਪੈਕੇਟ ਲੋੜਵੰਦਾਂ ਨੂੰ ਵੰਡੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਐੱਸ. ਡੀ. ਆਰ. ਐੱਫ਼ ਅਤੇ ਰੈੱਡ ਕਰਾਸ ਵੱਲੋਂ 35 ਹਜ਼ਾਰ, ਵੱਖ-ਵੱਖ ਸੰਸਥਾਵਾਂ ਅਤੇ ਜਥੇਬੰਦੀਆਂ ਵੱਲੋਂ 35 ਹਜ਼ਾਰ ਤੋਂ ਵੱਧ ਰਾਸ਼ਨ ਵੀ ਲੋਕਾਂ ਨੂੰ ਵੰਡਿਆ ਜਾ ਚੁੱਕਾ ਹੈ। ਉਨਾਂ ਭਰੋਸਾ ਦਿੱਤਾ ਕਿ ਅਗਲੇ ਦਿਨਾਂ ਦੌਰਾਨ ਹੋਰ ਵੀ ਭੋਜਨ ਪੈਕੇਟ ਲੋਕਾਂ ਨੂੰ ਵੰਡੇ ਜਾਣਗੇ।

56980cookie-checkਅਫ਼ਵਾਹਾਂ ਫੈਲਾਉਣ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ-ਡਿਪਟੀ ਕਮਿਸ਼ਨਰ
error: Content is protected !!