ਚੜ੍ਹਤ ਪੰਜਾਬ ਦੀ
ਬਠਿੰਡਾ/ਰਾਮਪੁਰਾ ਫੂਲ, (ਪ੍ਰਦੀਪ ਸ਼ਰਮਾ) – ਹਰ ਸਖਸ਼ ਦਾ ਕੋਈ ਨਾ ਕੋਈ ਸੌਂਕ ਹੁੰਦਾ ਹੈ ਕਿਸੇ ਦਾ ਕੋਈ ਤੇ ਕਿਸੇ ਦਾ ਕੋਈ। ਕੁੱਝ ਲੋਕ ਅਜਿਹੇ ਵੀ ਹੁੰਦੇ ਹਨ ਜ਼ਿਹਨਾਂ ਦਾ ਸੌਂਕ ਹੀ ਮੌਤ ਨੂੰ ਮਾਸੀ ਕਹਿਣਾ ਜਾਂ ਫੇਰ ਮੌਤ ਨਾਲ ਕਲੋਲਾਂ ਕਰਨ ਹੁੰਦਾ ਹੈ। ਅਜਿਹੇ ਹੀ ਇੱਕ ਸਖਸ ਦਾ ਨਾਂਅ ਹੈ ਗੁਰਨਾਮ ਸਿੰਘ ਖਾਲਸਾ ਗੁਰਦਾਸਪੁਰੀਆ ਜਿਸ ਨੂੰ ਬੁਲਟ ਮੋਟਰਸਾਈਕਲ ‘ਤੇ ਖ਼ਤਰਨਾਕ ਸਟੰਟ ਕਰੇ ਬਿਨਾ ਚੈਨ ਨੀ ਆਉਂਦੀ। ਗੁਰਨਾਮ ਸਿੰਘ ਕਹਿੰਦਾ ਹੈ ਕਿ ਜੇਕਰ ਉਹ ਸਟੰਟ ਨਾ ਕਰੇ ਤਾਂ ਉਸ ਨੂੰ ਭੁੱਖ ਨਹੀ ਲੱਗਦੀ।
ਗੁਰਨਾਮ ਸਿੰਘ ਨੂੰ ਬਚਪਨ ‘ਚ ਹੀ ਖੇਡਾਂ ਖੇਡਣ ਵੇਲੇ ਆਵਦੀਆਂ ਵੱਖਰੀਆਂ ਹੀ ਖੇਡਾਂ ਕਰਨ ਦਾ ਸੌਂਕ ਪੈ ਗਿਆ ਸੀ ਜਿਵੇਂ ਕਿ ਗਡੀਰੇ ਨਾਲ ਭੱਜਣ ਵੇਲੇ ਪੰਗੇ ਲੈਣੇ ਤੇ ਕੰਧਾਂ ਕੌਲਿਆਂ ‘ਤੇ ਇੱਕ ਲੱਤ ਨਾਲ ਭੱਜਣਾ ਆਦਿ। ਇਸੇ ਤਰਾਂ ਕਰਦੇ ਕਰਾਉਂਦੇ ਜਦੋਂ ਗੁਰਨਾਮ ਸਿੰਘ ਜਵਾਨੀ ਪਹਿਰੇ ‘ਚ ਆਇਆ ਤਾਂ ਉਹਨੇ ਪਹਿਲਾਂ ਸਾਈਕਲ ਨਾਲ ਪੰਗੇ, ਉਹ ਵੀ ਪੁੱਠੇ ਸਿੱਧੇ ਪੰਗੇ ਲੈਣੇ ਸ਼ੁਰੂ ਕਰ ਦਿੱਤੇ। ਉਹ ਮਾਪਿਆਂ ਦੇ ਝਿੜਕਣ/ਕੁੱਟਣ ਦੇ ਬਾਵਜੂਦ ਵੀ ਆਵਦੀ ਅੜੀ ਕਰਨੋੰ ਰੁਕਿਆ ਨਹੀ ਸਗੋਂ ਚੋਰੀ ਛਿਪੇ ਇਹ ਸਾਰਾ ਕੁੱਝ ਕਰਦਾ ਰਿਹਾ। ਫੇਰ ਵਾਰੀ ਆ ਗਈ ਸਕੂਟਰ ਚਲਾਉਣ ਦੀ ਗੁਰਨਾਮ ਸਿੰਘ ਆਪਣੀਆਂ ਹਰਕਤਾਂ ਤੋਂ ਹੁਣ ਵੀ ਬਾਜ ਨੀ ਆਇਆ ਤੇ ਉਹਨੇ ਸਕੂਟਰ ਨਾਲ ਵੀ ਇਹੀ ਕੁੱਝ ਭਾਵ ਪੁੱਠੇ ਪੰਗੇ ਲੈਣ ਵਾਲਾ ਕਸੂਤਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਿਵੇਂ ਕਿ ਖੜਕੇ ਸਕੂਟਰ ਚਲਾਉਣਾ, ਸਕੂਟਰ ਦੀ ਸੀਟ ‘ਤੇ ਲੰਮਾ ਪੈ ਕੇ ਚਲਾਉਣਾ ਆਦਿ।
ਇੱਕ ਵਾਰੀ ਉਹ ਸਕੂਟਰ ‘ਤੇ ਰਾਤ ਨੂੰ ਕਿਤੇ ਜਾ ਰਿਹਾ ਸੀ ਤਾਂ ਰਾਹ ‘ਚ ਪੁਲਿਸ ਦਾ ਨਾਕਾ ਲੱਗਿਆ ਹੋਇਆ ਸੀ ਕਿ ਗੁਰਨਾਮ ਸਿੰਘ ਦੇ ਅਚਾਨਕ ਚਿੱਤ ‘ਚ ਪਤਾ ਨੀ ਕੀ ਆਇਆ ਕਿ ਉਹ ਸਕੂਟਰ ਦੀਆਂ ਬਰੇਕਾਂ ਕੋਲੇ ਲੁਕ ਕੇ ਬੈਠ ਗਿਆ।ਇਹ ਵੇਖ ਕੇ ਪੁਲਸ ਵਾਲਿਆਂ ਦੇ ਹੱਥਾਂ ਪੈਰਾਂ ਦੀ ਪੈ ਗਈ ਕਿ ਬਿਨਾਂ ਚਾਲਕ ਤੋਂ ਹੀ ਸਕੂਟਰ ਇਕੱਲਾ ਹੀ ਆ ਰਿਹਾ ਹੈ। ਕੁੱਝ ਕੁ ਦੂਰ ਜਾ ਕੇ ਗੁਰਨਾਮ ਸਿੰਘ ਨੇ ਸਕੂਟਰ ‘ਤੇ ਖੜ੍ਹਾ ਹੋ ਕੇ ਦੋਹਾਂ ਹੱਥਾਂ ਨਾਲ ਤਾੜੀ ਪਾਉਣੀ ਸ਼ੁਰੂ ਕਰ ਦਿੱਤੀ ਤੇ ਜਿਸ ਨੂੰ ਵੇਖ ਸੁਣ ਕੇ ਪੁਲਸ ਵਾਲਿਆਂ ਨੂੰ ਪਤਾ ਲੱਗ ਗਿਆ ਕਿ ਇਹ ਗੁਰਨਾਮ ਸਿੰਘ ਹੈ ਕਿਉਂਕਿ ਗੁਰਨਾਮ ਸਿੰਘ ਬਾਰੇ ਪਹਿਲਾਂ ਸਟੰਟ ਕਰਨ ਦਾ ਕੁੱਝ ਕੁ ਲੋਕਾਂ ਨੂੰ ਹੀ ਪਤਾ ਸੀ।
ਇਉਂ ਕਰਦੇ ਕਰਾਉਂਦੇ ਗੁਰਨਾਮ ਸਿੰਘ ਨੇ ਬੁਲਟ ਮੋਟਰ ਸਾਈਕਲ ‘ਤੇ ਸਟੰਟ ਕਰਨੇ ਸ਼ੁਰੂ ਕਰ ਦਿੱਤੇ ਜਿਵੇਂ ਕਿ ਖੜ੍ਹਕੇ ਚਲਾਉਣਾ, ਲੰਮੇ ਪੈ ਕੇ ਚਲਾਉਣਾ, ਪਿੱਛੇ ਮੂੰਹ ਕਰਕੇ, ਪੌੜੀ ਲਾ ਕੇ ਚਲਾਉਣਾ, ਬੁਲਟ ਚਲਾਉਂਦੇ ਚਲਾਉਂਦੇ ਸਮੇਂ ਕੱਪੜੇ ਬਦਲ ਲੈਣੇ, ਪੱਗ ਬੰਨ੍ਹ ਲੈਣੀ, ਰੋਟੀ ਪਾਣੀ ਖਾ ਪੀ ਲੈਣਾ ਅਤੇ ਨਹਾ ਲੈਣਾ ਆਦਿ। ਹੋਰ ਤਾਂ ਹੋਰ ਗੁਰਨਾਮ ਸਿੰਘ ਚਲਦੀ ਜੀਪ ਕਾਰ ਜਾਂ ਫੇਰ ਕੋਈ ਵੀ ਚਾਰ ਪਹੀਆ ਵਾਹਨ ਹੋਵੇ ਉਸ ਨੂੰ ਇਕੱਲੇ ਪੈਰ ਨਾਲ ਚਲਾ ਲੈਂਦਾ ਹੈ ਉਹ ਵੀ ਛੱਤ ‘ਤੇ ਚੜ੍ਹਕੇ। ਗੁਰਨਾਮ ਸਿੰਘ ਨੂੰ ਸਟੰਟ ਕਰਦੇ ਨੂੰ ਤੀਹ ਸਾਲ ਦੇ ਕਰੀਬ ਹੋ ਚੁੱਕੇ ਹਨ। ਉਸ ਦੇ ਇਸ ਸੌਂਕ ਸਦਕਾ ਕਈ ਸੰਸਥਾਵਾਂ, ਕਲੱਬਾਂ ਵੱਲੋਂ ਸਨਮਾਨ ਵੀ ਕੀਤਾ ਗਿਆ ਹੈ।
ਗੁਰਨਾਮ ਸਿੰਘ ਬਠਿੰਡਾ ਵਿਖੇ ਰੈੱਡ ਕਰਾਸ ਦੀ ਐਂਬੂਲੈਂਸ ਦਾ ਡਰਾਇਵਰ ਹੈ। ਉਹ ਪਿਆਰ ਸਤਿਕਾਰ ਤੇ ਸੇਵਾ ਭਾਵਨਾ ਨਾਲ ਮਰੀਜਾਂ ਤੇ ਹੋਰ ਲੋੜਵੰਦ ਲੋਕਾਂ ਨੂੰ ਥਾਉਂ ਥਾਈਂ ਜੋ ਪਹੁੰਚਾਉਂਦਾ ਰਹਿੰਦਾ ਹੈ। ਉਹ ਕਿਸੇ ਵੇਲੇ ਬਠਿੰਡਾ ਵਿਖੇ ਡੀ.ਸੀ ਰਹੇ ਕੇ.ਏ.ਪੀ ਸਿਨਹਾ ਸਹਿਬ ਜੀ ਦਾ ਧੰਨਵਾਦ ਕਰਨੋੰ ਨਹੀ ਭੁੱਲਦਾ ਜ਼ਿੰਨਾਂ ਦੀ ਬਦੌਲਤ ਉਹ ਨੌਕਰੀ ‘ਤੇ ਲੱਗਿਆ ਹੈ। ਗੁਰਨਾਮ ਸਿੰਘ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਵੇਖੋ ਵੇਖੀ ਸਟੰਟ ਨਹੀਂ ਕਰਨੇ ਚਾਹੀਦੇ ਤਾਂ ਜੋ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ। ਗੁਰਨਾਮ ਸਿੰਘ ਹਮੇਸਾ ਚੜ੍ਹਦੀ ਕਲਾ ‘ਚ ਰਹਿਣ ਵਾਲਾ ਅੰਮ੍ਰਿਤਧਾਰੀ ਗੁਰਸਿੱਖ ਹੈ। ਗੁਰਨਾਮ ਸਿੰਘ ਖਾਲਸਾ ਹਮੇਸਾ ਚੜ੍ਹਦੀ ਕਲਾ ‘ਚ ਰਹਿ ਕੇ ਆਵਦੇ ਮਿਸ਼ਨ ‘ਚ ਜੁਟੇ ਰਹਿਣ ਤੇ ਕਾਮਯਾਬ ਹੋਣ। ਇਹੀ ਸਾਡੀ ਦੁਆ ਹੈ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
1406700cookie-checkਬੁਲਟ ਮੋਟਰ ਸਾਈਕਲ ਤੇ ਸਵਾਰ ਹੋ ਕੇ ਸਟੰਟ ਕਰਨ ਵਾਲਾ ਗੁਰਨਾਮ ਸਿੰਘ ਖਾਲਸਾ