December 23, 2024

Loading

ਚੜ੍ਹਤ ਪੰਜਾਬ ਦੀ 
ਅੰਮ੍ਰਿਤਸਰ/ ਲੁਧਿਆਣਾ,14 ਅਗਸਤ (ਸਤ ਪਾਲ ਸੋਨੀ ) : ਹਿੰਦ ਪਾਕਿ ਦੋਸਤੀ ਮੰਚ ਵੱਲੋਂ ਅੱਜ ਅੰਮ੍ਰਿਤਸਰ ਸਥਿਤ ਨਾਟਸ਼ਾਲਾ ਵਿਖੇ ਕਰਵਾਏ ਸੈਮੀਨਾਰ ਮੌਕੇ ਪੰਜਾਬੀ ਕਵੀ ਗੁਰਭਜਨ ਗਿੱਲ ਦੀ ਹਿੰਦ ਪਾਕਿ ਦੋਸਤੀ ਤੇ ਅੰਤਰ ਰਾਸ਼ਟਰੀ ਪੰਜਾਬੀ ਭਾਈਚਾਰੇ ਨੂੰ ਸਮਰਪਿਤ ਪੁਸਤਕ ਪੰਜਾਬ ਦੇ ਖੇਤੀਬਾੜੀ,ਪਰਵਾਸੀ ਮਾਮਲੇ, ਪੰਚਾਇਤਾਂ ਤੇਂ ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਉੱਘੇ ਚਿੰਤਕ ਸਤਿਨਾਮ ਸਿੰਘ ਮਾਣਕ, ਸ਼ਹੀਦ ਭਗਤ ਸਿੰਘ ਦੇ ਭਣੇਵੇਂ ਪ੍ਰੋਃ ਜਗਮੋਹਨ ਸਿੰਘ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਡਾਃ ਸੁਖਦੇਵ ਸਿੰਘ ਸਿਰਸਾ, ਜਸਵੰਤ ਸਿੰਘ ਰੰਧਾਵਾ,ਕੌਮੀ ਘੱਟ ਗਿਣਤੀਆਂ ਕਮਿਸ਼ਨ ਦੇ ਸਾਬਕਾ ਚੇਅਰਮੈਨ ਪ੍ਰੋਃ ਬਾਵਾ ਸਿੰਘ, ਡਾਃ ਸਤਿਨਾਮ ਸਿੰਘ ਨਿੱਝਰ ਬਟਾਲਾ, ਕੌਮੀ ਕਿਸਾਨ ਆਗੂ ਡਾਃ ਦਰਸ਼ਨ ਪਾਲ,ਰਮੇਸ਼ ਯਾਦਵ, ਹਰਦੀਪ ਸਿੰਘ ਕੰਗ ਸ਼ਾਰਜਾਹ(ਯੂ ਏ ਈ) ਸੁਰਜੀਤ ਜੱਜ ਤੇ ਹੋਰ ਸਾਥੀਆਂ ਨੇ ਲੋਕ ਅਰਪਨ ਕੀਤੀ।
ਸਤਿਨਾਮ ਸਿੰਘ ਮਾਣਕ ਨੇ ਪੁਸਤਕ ਬਾਰੇ ਜਾਣਕਾਰੀ ਦਿੰਦਿਆ ਆਖਿਆ ਕਿ ਖ਼ੈਰ ਪੰਜਾਂ ਪਾਣੀਆਂ ਦੀ ਗੁਰਮੁਖੀ ਤੇ ਸ਼ਾਹਮੁਖੀ ਵਿੱਚ ਪ੍ਰਕਾਸ਼ਤ ਹੋ ਕੇ ਦੱਖਣੀ ਏਸ਼ੀਆ ਦੇ ਸਦੀਵੀ ਅਮਨ ਦਾ ਮਾਹੌਲ ਉਸਾਰੇਗੀ। ਹਿੰਦ ਪਾਕਿ ਦੋਸਤੀ ਮੰਚ ਦੇ ਯਤਨਾਂ ਦਾ ਹੀ ਫ਼ਲ ਹੈ ਕਿ ਗੁਰਭਜਨ ਗਿੱਲ ਅਤੇ ਹੋਰ ਸਿਰਮੌਰ ਲੇਖਕ ਇਸ ਵਿਸ਼ੇ ਤੇ ਮਹੱਤਵ ਪੂਰਨ ਲਿਖਤਾਂ ਲਿਖ ਰਹੇ ਹਨ।
ਪੰਜਾਬ ਦੇ ਖੇਤੀਬਾੜੀ ਤੇ ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਹਿੰਦ ਪਾਕਿ ਦੋਸਤੀ ਦੀ ਸਦੀਵਤਾ ਲਈ ਗਲੋਬਲ ਪੰਜਾਬੀ ਭਾਈਚਾਰਾ ਆਜ਼ਾਦੀ ਦੇ 75ਵੇਂ ਸਾਲ ਵਿੱਚ ਸੰਤਾਲੀ ਵੇਲੇ ਮਾਰੇ ਗਏ ਦਸ ਲੱਖ ਬੇਕਸੂਰ ਪੰਜਾਬੀਆਂ ਦੀ ਯਾਦ ਵਿੱਚ ਅਰਦਾਸ ਕਰਨ। ਉਨ੍ਹਾਂ ਕਿਹਾ ਕਿ ਮਰਨ ਵਾਲੇ ਧੀਆਂ ਪੁੱਤਰ ਪੰਜਾਬੀ ਸਨ, ਹਿੰਦੂ ਸਿੱਖ, ਮੁਸਲਿਮ ਜਾਂ ਈਸਾਈ ਨਹੀਂ।
ਰਮੇਸ਼ ਯਾਦਵ ਨੇ ਮੀਡੀਆ ਨੂੰ ਗੁਰਭਜਨ ਗਿੱਲ ਦਾ ਇਸ ਮੌਕੇ ਦਿੱਤਾ ਸੁਨੇਹਾ ਸਾਂਝਾ ਕਰਦਿਆਂ ਦੱਸਿਆ ਕਿ ਸਾਨੂੰ ਸਭ ਨੂੰ 16ਅਗਸਤ ਵਾਲੇ ਦਿਨ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੇ ਸੰਦੇਸ਼ ਦੀ ਪਾਲਣਾ ਕਰਦਿਆਂ ਵਿੱਛੜੀਆਂ ਰੂਹਾਂ ਲਈ ਅਰਦਾਸ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਖ਼ੈਰ ਪੰਜਾਂ ਪਾਣੀਆਂ ਦੀ ਕਾਵਿ ਪੁਸਤਕ ਦਾ ਇਹ ਚੌਥਾ ਐਡੀਸ਼ਨ ਹੈ ਪਰ ਇਸ ਵਿੱਚ ਹਿੰਦ ਪਾਕਿ ਰਿਸ਼ਤਿਆਂ ਬਾਰੇ ਮੇਰੀ 2022 ਤੀਕ ਲਿਖੀ ਕਵਿਤਾ ਸ਼ਾਮਿਲ ਹੈ।
ਇਸ ਪੁਸਤਕ ਬਾਰੇ ਡਾਃ ਸਤਿਨਾਮ ਸਿੰਘ ਨਿੱਝਰ ਬਟਾਲਾ ਨੇ ਕਿਹਾ ਕਿ ਉਹ ਇਸ ਪੁਸਤਕ ਦੀਆਂ ਪੰਜ ਸੌ ਕਾਪੀਆਂ ਪੰਜਾਬੀ ਪਿਆਰਿਆਂ, ਸੰਸਥਾਵਾਂ ਤੇ ਕਦਰਦਾਨਾਂ ਨੂੰ ਸਃ ਉੱਤਮ ਸਿੰਘ ਨਿੱਝਰ ਚੈਰੀਟੇਬਲ ਸੋਸਾਇਟੀ ਵੱਲੋਂ ਪਹੁੰਚਾਉਣਗੇ, ਜੇਕਰ ਜ਼ਰੂਰਤ ਹੋਈ ਤਾਂ ਇਹ ਗਿਣਤੀ ਵਧਾਈ ਵੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਵੰਡ ਵੇਲੇ ਦਸ ਲੱਖ ਵਿੱਛੜੀਆਂ ਰੂਹਾਂ ਨੂੰ ਚਿਤਵਦਿਆਂ ਇਹੀ ਕਾਮਨਾ ਕਰਨੀ ਚਾਹੀਦੀ ਹੈ ਕਿ ਦੱਖਣੀ ਏਸ਼ੀਆ ਦੇ ਮਹੱਤਵ ਪੂਰਨ ਮੁਲਕਾਂ ਭਾਰਤ ਤੇ ਪਾਕਿਸਤਾਨ ਦੇ ਬੂਹਿਉਂ ਸਦੀਵ ਕਾਲ ਲਈ ਸੇਹ ਦਾ ਤੱਕਲਾ ਪੁੱਟਿਆ ਜਾਵੇ, ਜਿਸ ਨਾਲ ਆਪਸੀ ਸਹਿਯੋਗ ਤੇ ਸਹਿਹੋਂਦ ਰਾਹੀਂ ਲੋਕਾਂ ਦੀ ਜੀਣ ਸੁਖਾਲਾ ਹੋ ਸਕੇ।
ਹਰਦੀਪ ਸਿੰਘ ਕੰਗ ਸ਼ਾਰਜਾਹ ਨੇ ਕਿਹਾ ਕਿ ਮੇਰੇ ਲਈ ਇਹ ਕਿਤਾਬ ਨਹੀਂ ਉਹ ਅੱਥਰੂ ਹਨ ਜੋ ਉਨ੍ਹਾਂ ਮੜ੍ਹੀਆਂ ਤੇ ਕਬਰਾਂ ਲਈ ਵਗੇ ਹਨ ਜੋ ਧਰਤੀ ਤੇ ਨਹੀਂ ਲੱਭਦੇ ਪਰ ਹਰ ਸੰਵੇਦਨਸ਼ੀਲ ਬੰਦੇ ਅੰਦਰ ਹੁਬਕੀਂ ਹੁਬਕੀਂ ਰੋਂਦੇ ਤੇ ਕੁਰਲਾਉਂਦੇ ਹਨ।
#For any kind of News and advertisment contact us on 980-345-0601 
125580cookie-checkਹਿੰਦ ਪਾਕਿ ਦੋਸਤੀ ਲਈ ਗਲੋਬਲ ਪੰਜਾਬੀ ਭਾਈਚਾਰਾ ਆਜ਼ਾਦੀ ਦੇ 75ਵੇਂ ਸਾਲ ਵਿੱਚ ਸੰਤਾਲੀ ਵੇਲੇ ਮਾਰੇ ਗਏ ਦਸ ਲੱਖ ਬੇਕਸੂਰ ਪੰਜਾਬੀਆਂ ਦੀ ਯਾਦ ਵਿੱਚ ਅਰਦਾਸ ਕਰੇ – ਕੁਲਦੀਪ ਸਿੰਘ ਧਾਲੀਵਾਲ
error: Content is protected !!