ਚੜ੍ਹਤ ਪੰਜਾਬ ਦੀ
ਬਠਿੰਡਾ/ਰਾਮਪੁਰਾ ਫੂਲ 12 ਦਸੰਬਰ (ਪਰਦੀਪ ਸ਼ਰਮਾ): ਜਨਰਲ ਕੈਟਾਗਿਰੀਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਨੇ ਐਲਾਨ ਕੀਤਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਫੈਡਰੇਸ਼ਨ ਨਾਲ ਕੀਤੀ ਵਾਅਦਾ ਖਿਲਾਫ਼ੀ ਨੂੰ ਲੈ ਕੇ ਫੈਡਰੇਸ਼ਨ ਕਾਂਗਰਸ ਵਿਰੁੱਧ ਤਿੱਖਾ ਸੰਘਰਸ਼ ਵਿੱਢੇਗੀ। ਅੱਜ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸੁਖਬੀਰ ਇੰਦਰ ਸਿੰਘ ਫਰੀਦਕੋਟ, ਰਣਜੀਤ ਸਿੰਘ ਸਿੱਧੂ, ਕਪਿਲ ਦੇਵ ਪ੍ਰਾਸ਼ਰ, ਸ਼ੇਰ ਸਿੰਘ, ਜ਼ਸਵੀਰ ਸਿੰਘ ਗੜਾਂਗ, ਯਾਦਵਿੰਦਰ ਸਿੰਘ ਅਤੇ ਸੁਰਿੰਦਰ ਸੈਣੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਫੈਡਰੇਸ਼ਨ ਨੂੰ ਭਰੋਸਾ ਦਿਵਾਇਆ ਸੀ ਕਿ ਜਨਰਲ ਕੈਟਾਗਿਰੀ ਕਮਿਸ਼ਨ ਬਣਾਉਣ ਲਈ ਕਾਰਵਾਈ ਚੱਲ ਰਹੀ ਹੈ, ਪਰ ਦੋ ਕੈਬਨਿਟ ਮੀਟਿੰਗਾਂ ਹੋਣ ਦੇ ਬਾਵਜੂਦ ਇਸ ਸਬੰਧੀ ਕੋਈ ਫੈਸਲਾ ਨਹੀਂ ਲਿਆ ਗਿਆ।
ਰਾਹੁਲ ਗਾਂਧੀ ਦੀ ਕੋਠੀ ਦਾ ਕੀਤਾ ਜਾਵੇਗਾ ਘਿਰਾਓ- ਜਨਰਲ ਕੈਟਾਗਿਰੀਜ਼
ਉਕਤ ਆਗੂਆਂ ਨੇ ਕਿਹਾ ਕਿ ਫੈਡਰੇਸ਼ਨ ਹੁਣ ਮਹਿਸੂਸ ਕਰਦੀ ਹੈ ਕਿ ਮੁੱਖ ਮੰਤਰੀ ਸਿਰਫ਼ ਅਨੁਸੁਚਿਤ ਵਰਗ ਦੇ ਲੋਕਾਂ ਨੂੰ ਹੀ ਤਰਜ਼ੀਹ ਦੇ ਰਹੇ ਹਨ ਅਤੇ ਜਨਰਲ ਵਰਗ ਦੀਆਂ ਜਾਇਜ਼ ਮੰਗਾਂ ਨੂੰ ਅੱਖੋਂ ਪਰੋਖੇ ਕਰ ਰਹੀ ਹੈ। ਆਗੂੂਆਂ ਨੇ ਕਿਹਾ ਕਿ ਕਮਿਸ਼ਨ ਬਣਾਉਣ ਵਿੱਚ ਅੜਿੱਕਾ ਪਾਉਣ ਵਾਲੇ ਅਧਿਕਾਰੀ ਦਾਅਵਾ ਕਰ ਰਹੇ ਹਨ ਕਿ ਜਨਰਲ ਵਰਗ ਲਈ ਕਮਿਸ਼ਨ ਨਹੀਂ ਬਣ ਸਕਦਾ ਪਰ ਗੁਜ਼ਰਾਤ ਸੂਬੇ ਵਿੱਚ 2017 ਤੋਂ ਕਸ਼ਿਨ ਬਣਿਆ ਹੋਇਆ ਹੈ। ਇਸ ਤਰ੍ਹਾਂ ਹੀ ਹਿਮਾਚਲ ਸਰਕਾਰ ਨੇ ਵੀ ਕਮਿਸ਼ਨ ਬਣਾ ਦਿੱਤਾ ਹੈ। ਪਰ ਪੰਜਾਬ ਦੇ ਕੁੱਝ ਅਧਿਕਾਰੀ ਅਤੇ ਰਾਜਨੀਤਿਕ ਆਗੂ ਇਸ ਮੰਗ ਨੂੰ ਜਾਣਬੁੱਝ ਕੇ ਲਟਕਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਆਪਣੇ ਰਵਈਏ ਵਿੱਚ ਸੁਧਾਰ ਨਾ ਕੀਤਾ ਤਾਂ ਅਗਾਮੀਂ ਵਿਧਾਨ ਸਭਾ ਚੋਣਾਂ ਵਿੱਚ ਜਨਰਲ ਕੈਟਾਗਿਰੀ ਕਾਂਗਰਸ ਦਾ ਡਟ ਕੇ ਵਿਰੋਧ ਕਰੇਗੀ। ਉਨ੍ਹਾਂ ਕਿਹਾ ਕਿ ਫੈਡਰੇਸ਼ਨ ਦਾ ਇਹ ਐਲਾਨ ਹੈ ਕਿ ਜੋ ਪਾਰਟੀ ਜਨਰਲ ਵਰਗ ਦੀ ਗੱਲ ਸੁਣੇਗੀ ਵਰਗ ਉਸ ਦੀ ਡਟ ਕੇ ਹਮਾਇਤ ਕਰੇਗਾ। ਆਗੂਆਂ ਨੇ ਕਾਂਗਰਸ ਨੂੰ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ 14 ਦਸੰਬਰ ਨੂੰ ਹੋਣ ਵਾਲੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਜਨਰਲ ਵਰਗ ਲਈ ਕਮਿਸ਼ਨ ਬਣਾਉਣ ਦਾ ਐਲਾਨ ਨਾ ਕੀਤਾ ਗਿਆ ਤਾਂ ਫੈਡਰੇਸ਼ਨ ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਦੀ ਰਾਸ਼ਟਰੀ ਪ੍ਰਧਾਨ ਦੇ ਘਰ ਦਾ ਘਿਰਾਓ ਕਰੇਗੀ। ਜਿਸ ਦੀ ਜਿੰਮੇਵਾਰੀ ਪੰਜਾਬ ਕਾਂਗਰਸ ਦੀ ਹੋਵੇਗੀ। ਆਗੂਆਂ ਨੇ ਦੱਸਿਆ ਕਿ ਅੱਜ ਚਮਕੌਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਵਿੱਚ ਜ਼ਿਲ੍ਹਾ ਬਠਿੰਡਾ ਦੇ ਸਾਥੀ ਮਹੇਸ਼ ਸ਼ਰਮਾ, ਗੁਰਸੇਵਕ ਲਾਲ, ਗੁਰਮੇਲ ਸਿੰਘ, ਸੁਰਿੰਦਰ ਕੁਮਾਰ, ਵਿਜੈ ਕੁਮਾਰ ਅਤੇ ਲਵਲੀ ਕੁਮਾਰ ਭੁੱਖ ਹੜਤਾਲ ਤੇ ਬੈਠੇ।
948900cookie-checkਸਰਕਾਰ ਦੀ ਵਾਅਦਾ ਖਿਲਾਫ਼ੀ ਵਿਰੁੱਧ ਜਨਰਲ ਕੈਟਾਗਿਰੀ ਵਿੱਢੇਗੀ ਤਿੱਖਾ ਸੰਘਰਸ਼- ਆਗੂ