ਨਵੀਂ ਦਿੱਲੀ,15 ਅਪ੍ਰੈਲ (ਚੜ੍ਹਤ ਪੰਜਾਬ ਦੀ) : ਕਰਮਚਾਰੀ ਰਾਜ ਬੀਮਾ ਨਿਗਮ ਨੇ ਈਪੀਐਫਓ ਦੀ ਵਾਂਗ ਹੀ ਆਪਣੇ ਬੀਮਾ ਹੋਲਡਰਾਂ ਲਈ ਵੱਡਾ ਕਦਮ ਚੁੱਕਿਆ ਹੈ। ਪ੍ਰਧਾਨਮੰਤਰੀ ਮੋਦੀ ਵੱਲੋਂ ਮੰਗਲਵਾਰ ਨੂੰ ਲਾਕਡਾਊਨ ਮਿਆਦ ਤਿੰਨ ਮਈ ਤਕ ਵਧਾਏ ਜਾਣ ਤੋਂ ਬਾਅਦ ਈਐਸਆਈਸੀ ਨੇ ਕੰਪਨੀਆਂ ਅਤੇ ਕਰਮਚਾਰੀਆਂ ਲਈ ਫਰਵਰੀ ਅਤੇ ਮਾਰਚ ਮਹੀਨੇ ਦਾ ਈਐਸਆਈਸੀ ਸ਼ੇਅਰ ਜਮਾਂ ਕਰਨ ਨੂੰ ਲੈ ਕੇ ਵੱਡੀ ਰਾਹਤ ਦਿੱਤੀ ਹੈ। ਬੀਮਾ ਨਿਗਮ ਨੇ ਇਨਾਂ ਮਹੀਨਿਆਂ ਦੀ ਸ਼ੇਅਰ ਰਕਮ ਜਮਾਂ ਕਰਨ ਦੀ ਤਾਰੀਕ 15 ਮਈ ਤਕ ਵਧਾ ਦਿੱਤਾ ਹੈ। ਇਸ ਤੋਂ ਪਹਿਲਾ ਈਐਸਆਈਸੀ ਨੇ ਕੰਪਨੀਆਂ ਨੂੰ ਫਰਵਰੀ ਦਾ ਸ਼ੇਅਰ 15 ਅਪ੍ਰੈਲ ਤਕ ਅਤੇ ਮਾਰਚ ਦਾ 15 ਮਈ ਤਕ ਜਮਾਂ ਕਰਾਉਣ ਦੀ ਰਿਆਇਤ ਦਿੱਤੀ ਸੀ। ਇਸ ਸਮਾਂ ਕਾਲ ਵਿਚ ਯੋਗਦਾਨ ਜਮਾਂ ਕਰਨ ‘ਤੇ ਕਿਸੇ ਤਰਾਂ ਦਾ ਜੁਰਮਾਨਾ ਜਾਂ ਵਿਆਜ ਨਹੀਂ ਲੱਗੇਗਾ।ਈਐਸਆਈਸੀ ਦੇ ਇਸ ਫੈਸਲੇ ਤੋਂ ਲਗਪਗ 3.49 ਬੀਮਾ ਹੋਲਡਰ ਮੁਲਾਜ਼ਮਾਂ ਤੋਂ ਇਲਾਵਾ 12.11 ਲੱਖ ਕੰਪਨੀਆਂ ਨੂੰ ਫਾਇਦਾ ਮਿਲੇਗਾ। ਲਾਕਡਾਊਨ ਦੇ ਸਮੇਂ ਦੌਰਾਨ ਪ੍ਰਾਈਵੇਟ ਮੈਡੀਕਲ ਸਟੋਰਾਂ ਤੋਂ ਦਵਾਈਆਂ ਖਰੀਦ ਕੇ ਈਐਸਆਈਸੀ ਵੱਲੋਂ ਉਸ ਰਕਮ ਦਾ ਭੁਗਤਾਨ ਕੀਤਾ ਜਾਵੇਗਾ।
ਇਲਾਜ ਦੇ ਮਾਮਲੇ ਵਿਚ ਮਿਲੇਗੀ ਇਹ ਸਹੂਲਤ
ਇਸ ਤੋਂ ਇਲਾਵਾ ਲਾਕਡਾਊਨ ਦੌਰਾਨ ਕੋਵਿਡ 19 ਮਰੀਜ਼ਾਂ ਦੇ ਇਲਾਜ ਲਈ ਚੁਣੇ ਗਏ ਆਈਐਸਆਈ ਹਸਪਤਾਲਾਂ ਵਿਚ ਇਲਾਜ ਕਰਾਉਣ ਵਾਲਿਆਂ ਨੂੰ ਈਐਸਆਈਸੀ ਵੱਲੋਂ ਕਰਾਰਸ਼ੁਦਾ ਹਸਪਤਾਲਾਂ ਵਿਚ ਇਲਾਜ ਦੀ ਸਹੂਲਤ ਮਿਲੇਗੀ। ਕੋਵਿਡ 19 ਇਲਾਜ ਲਈ ਚੁਣੇ ਗਏ ਈਐਸਆਈ ਹਸਪਤਾਲ ਆਪਣੇ ਬੀਮਾ ਹੋਲਡਰ ਗਾਹਕਾਂ ਨੂੰ ਕਰਾਰਸ਼ੁਦਾ ਹਸਪਤਾਲਾਂ ਵਿਚ ਰੈਫਰ ਕਰ ਸਕਦੇ ਹਨ, ਜਿਥੇ ਉਨਾਂ ਲਈ ਨਿਰਧਾਰਤ ਖਰਚ ਦੀ ਸੀਮਾ ਮੁਤਾਬਕ ਉਨਾਂ ਦਾ ਇਲਾਜ ਕੀਤਾ ਜਾਵੇਗਾ।ਮੌਜੂਦਾ ਹਾਲਾਤ ਵਿਚ ਅਜਿਹੇ ਕਈ ਵਿਅਕਤੀ ਹੋਣਗੇ ਜੋ ਇਹ ਰਕਮ ਜਮਾਂ ਨਹੀਂ ਕਰ ਸਕੇ ਹੋਣਗੇ। ਅਜਿਹੇ ਸਾਰੇ ਵਿਅਕਤੀਆਂ ਨੂੰ ਵੀ ਲਾਕਡਾਊਨ ਸਮੇਂ ਦੌਰਾਨ ਇਲਾਜ ਦੀ ਸਹੁਲਤ ਮਿਲੇਗੀ। ਸਥਾਈ ਦਿਵਆਂਗ ਲਾਭ ਅਤੇ ਰਾਖਵੇਂ ਲਾਭ ਤਹਿਤ 41 ਕਰੋੜ ਰੁਪਏ ਦੀ ਰਕਮ ਮਾਰਚ ਮਹੀਨੇ ਲਈ ਲਾਭਪਾਤਰੀਆਂ ਦੇ ਖਾਤੇ ਵਿਚ ਪਾ ਦਿੱਤੀ ਗਈ ਹੈ।