ਲੁਧਿਆਣਾ, 12 ਮਈ ( ਸਤਪਾਲ ਸੋਨੀ ) :ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲਾ ਲੁਧਿਆਣਾ ਦੇ ਜ਼ਿਲਾ ਮੰਡੀ ਅਫ਼ਸਰ ਜਸਬੀਰ ਕੌਰ, ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਨਵਦੀਪ ਕੌਰ ਅਤੇ ਉਨਾਂ ਦਾ ਪਤੀ ਕੋਵਿੰਡ 19 ਬਿਮਾਰੀ ਤੋਂ ਪੂਰੀ ਤਰਾਂ ਸਿਹਤਯਾਬ ਹੋ ਗਏ ਹਨ ਅਤੇ ਉਨਾਂ ਨੂੰ ਅੱਜ ਸਿਵਲ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ। ਛੁੱਟੀ ਮਿਲਣ ‘ਤੇ ਸਿਵਲ ਹਸਪਤਾਲ ਲੁਧਿਆਣਾ ਦੇ ਸਮੂਹ ਡਾਕਟਰਾਂ ਅਤੇ ਸਟਾਫ਼ ਨੇ ਉਨਾਂ ਨੂੰ ਨਿੱਘੀ ਵਿਦਾਇਗੀ ਦਿੱਤੀ ਅਤੇ ਸਿਹਤਮੰਦ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਸ੍ਰੀ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਜ਼ਿਲਾ ਲੁਧਿਆਣਾ ਵਿੱਚ 4270 ਨਮੂਨੇ ਲਏ ਗਏ ਹਨ। ਜਿਨਾਂ ਵਿੱਚੋਂ 3970 ਨਮੂਨਿਆਂ ਦੇ ਨਤੀਜੇ ਪ੍ਰਾਪਤ ਹੋ ਚੁੱਕੇ ਹਨ। ਉਨਾਂ ਦੱਸਿਆ ਕਿ ਜ਼ਿਲਾ ਲੁਧਿਆਣਾ ਨਾਲ ਸੰਬੰਧਤ ਪਾਜ਼ੀਟਿਵ ਮਾਮਲੇ 136 ਹਨ, ਜਦਕਿ 40 ਮਾਮਲੇ ਹੋਰ ਜ਼ਿਲਿਆਂ ਨਾਲ ਸੰਬੰਧਤ ਹਨ। ਹੁਣ ਤੱਕ 13 ਮਰੀਜ਼ਾਂ ਠੀਕ ਹੋ ਚੁੱਕੇ ਹਨ। ਇਸ ਤੋਂ ਇਲਾਵਾ ਹੁਣ ਤੱਕ 6 ਮੌਤਾਂ ਹੋ ਚੁੱਕੀਆਂ ਹਨ। ਜਦਕਿ 3795 ਰਿਪੋਰਟਾਂ ਨੈਗੇਟਿਵ ਆਈਆਂ ਹਨ।ਉਨਾਂ ਦੱਸਿਆ ਕਿ ਬੀਤੇ ਦਿਨੀਂ ਭੇਜੇ ਗਏ 89 ਸੈਂਪਲਾਂ ਵਿੱਚੋਂ 17 ਮਾਮਲੇ ਪਾਜ਼ੀਟਿਵ ਪਾਏ ਗਏ ਹਨ, ਜਿਨਾਂ ਵਿੱਚ 14 ਮਾਮਲੇ ਦਿੱਲੀ ਤੋਂ ਆਏ ਰੇਲਵੇ ਪੁਲਿਸ ਫੋਰਸ ਦੇ ਮੁਲਾਜਮਾਂ ਨਾਲ ਸੰਬੰਧਤ ਹਨ, ਜਦਕਿ 2 ਜ਼ਿਲਾ ਲੁਧਿਆਣਾ (ਸ਼ਹਿਰ ਲੁਧਿਆਣਾ ਅਤੇ ਪਿੰਡ ਘੁਲਾਲ) ਅਤੇ 1 ਜ਼ਿਲਾ ਜਲੰਧਰ ਨਾਲ ਸੰਬੰਧਤ ਹੈ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਅੱਜ ਲੁਧਿਆਣਾ ਤੋਂ ਪੰਜ ਰੇਲਾਂ ਪ੍ਰਵਾਸੀ ਲੋਕਾਂ ਨੂੰ ਲੈ ਕੇ ਸੀਤਾਮੜੀ, ਪ੍ਰਤਾਪਗੜ, ਰਾਏ ਬਰੇਲੀ, ਹਰਦੋਈ, ਉਨਾਓ ਅਤੇ ਅਮੇਠੀ ਲਈ ਰਵਾਨਾ ਹੋਈਆਂ। ਇਨਾਂ ਸਾਰੀਆਂ ਰੇਲਾਂ ਵਿੱਚ 1200-1200 ਯਾਤਰੀ ਗਏ। ਮਿਤੀ 13 ਮਈ ਨੂੰ ਸ਼ਹਿਰ ਲੁਧਿਆਣਾ ਤੋਂ 5 ਰੇਲਾਂ ਵੱਖ–ਵੱਖ ਸ਼ਹਿਰਾਂ ਲਈ ਰਵਾਨਾ ਹੋਣਗੀਆਂ। ਸ੍ਰੀ ਅਗਰਵਾਲ ਨੇ ਦੱਸਿਆ ਕਿ ਅਗਲੇ ਦਿਨਾਂ ਦੌਰਾਨ ਹੋਰ ਵੀ ਰੇਲਾਂ ਵੱਖ–ਵੱਖ ਸੂਬਿਆਂ ਲਈ ਰਵਾਨਾ ਹੋਣਗੀਆਂ। ਉਨਾਂ ਦੱਸਿਆ ਕਿ ਇਸ ਸਥਿਤੀ ਵਿੱਚ ਜ਼ਿਲਾ ਪ੍ਰਸਾਸ਼ਨ ਲਗਾਤਾਰ 24 ਘੰਟੇ ਕੰਮ ਕਰ ਰਿਹਾ ਹੈ ਤਾਂ ਜੋ ਇਸ ਬਿਮਾਰੀ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਇਸ ਬਿਮਾਰੀ ਤੋਂ ਬਚਣ ਲਈ ਘਰਾਂ ਦੇ ਅੰਦਰ ਹੀ ਰਹਿਣ ਨੂੰ ਤਰਜੀਹ ਦੇਣ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ।