July 21, 2024

Loading

ਚੜ੍ਹਤ ਪੰਜਾਬ ਦੀ 
ਬਠਿੰਡਾ, 15 ਸਤੰਬਰ (ਪ੍ਰਦੀਪ ਸ਼ਰਮਾ) : ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੀ ਸੂਬਾ ਕਮੇਟੀ ਦੇ ਸੱਦੇ ਤਹਿਤ ਅੱਜ 13 ਮੰਗਾਂ ਦੇ ਸੰਬੰਧ ਵਿੱਚ ਡੀਸੀ ਦਫ਼ਤਰਾਂ ਅੱਗੇ ਧਰਨੇ ਪ੍ਰਦਰਸ਼ਨ ਮਗਰੋਂ ਮੰਗ ਪੱਤਰ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ। ਇਸੇ ਨੂੰ ਮੁੱਖ ਰੱਖਦਿਆਂ ਬੀਕੇਯੂ ਕ੍ਰਾਂਤੀਕਾਰੀ ਪੰਜਾਬ ਜ਼ਿਲ੍ਹਾ ਬਠਿੰਡਾ ਦੇ ਕਿਸਾਨਾਂ ਵੱਲੋਂ ਡੀਸੀ ਦਫ਼ਤਰ ਬਠਿੰਡਾ ਅੱਗੇ ਧਰਨਾ ਪ੍ਰਦਰਸ਼ਨ ਜ਼ਿਲਾ ਪ੍ਰਧਾਨ ਪੁਰਸ਼ੋਤਮ ਮਹਿਰਾਜ ਜੀ ਦੀ ਅਗਵਾਈ ਹੇਠ ਕੀਤਾ ਗਿਆ।
ਸਰਕਾਰਾਂ ਦੀਆਂ ਲੋਕਮਾਰੂ ਨੀਤੀਆਂ ਖ਼ਿਲਾਫ਼ ਡਟਣ ਦੀ ਅਹਿਮ ਲੋੜ – ਮਹਿਰਾਜ
ਇਸ ਮੌਕੇ ਪੁਰਸ਼ੋਤਮ ਮਹਿਰਾਜ ਨੇ ਧਰਨੇ ਚ ਪਹੁੰਚੇ ਹੋਏ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਕਿਸਾਨਾਂ ਮਜਦੂਰਾਂ ਨੂੰ ਕੁਚਲਣ ਲਈ ਆਏ ਦਿਨ ਵੱਖ ਵੱਖ ਤਰਾਂ ਦੇ ਹੱਥਕੰਡੇ ਅਪਣਾ ਰਹੀ ਹੈ ਜਿਸਨੂੰ ਕਿ ਕਿਸਾਨ ਮਜਦੂਰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।

ਇਸ ਮੌਕੇ ਓਹਨਾ ਨੇ ਪ੍ਰੋਗਰਾਮ ਦੇ ਏਜੰਡੇ ਤਹਿਤ 13 ਮੰਗਾਂ ਚੋਂ ਕੁਝ ਮੰਗਾਂ ਉਪਰ ਰੌਸ਼ਨੀ ਪਾਉਂਦੇ ਹੋਏ ਕਿਹਾ ਕਿ ਫਿਰੋਜ਼ਪੁਰ ਦੇ ਖੇਤਰ ਜ਼ੀਰਾ ਨੇੜਲੇ ਪਿੰਡ ਰਟੋਲ ਰੋਹੀ ਵਿਖੇ ਮੌਜੂਦ ਮਾਲਬਰੋਜ ਸ਼ਰਾਬ ਫੈਕਟਰੀ ਦੁਆਰਾ ਪ੍ਰਦੂਸ਼ਤ ਪਾਣੀ ਨੂੰ ਬੋਰਾਂ ਰਾਹੀਂ ਧਰਤੀ ਹੇਠ ਵਾੜਿਆ ਜਾ ਰਿਹਾ ਹੈ ਜਿਸ ਕਰਕੇ ਜ਼ੀਰਾ ਇਲਾਕੇ ਦਾ ਧਰਤੀ ਹੇਠਲਾ ਪਾਣੀ ਪ੍ਰਦੂਸ਼ਿਤ ਹੋਣ ਦੇ ਚਲਦਿਆਂ ਇਲਾਕੇ ਦੇ ਲੋਕਾਂ ਵੱਲੋਂ ਉਕਤ ਫੈਕਟਰੀ ਨੂੰ ਪੱਕੇ ਤੌਰ ਤੇ ਬੰਦ ਕਰਵਾਉਣ ਲਈ ਫੈਕਟਰੀ ਮਾਲਕ ਖਿਲਾਫ ਪਿਛਲੇ 56 ਦਿਨਾਂ ਤੋਂ ਸਾਂਝਾ ਮੋਰਚਾ ਲਾਇਆ ਹੋਇਆ ਹੈ। ਉਹਨਾਂ ਕਿਹਾ ਕਿ ਮੋਰਚੇ ਨੂੰ ਇਹਨੇ ਦਿਨ ਬੀਤਣ ਦੇ ਬਾਵਜੂਦ ਵੀ ਹਲੇ ਤੱਕ ਸੂਬੇ ਦੀ ਸਰਕਾਰ ਦੇ ਕੰਨ ਉੱਪਰ ਜੂੰ ਨਹੀਂ ਸਰਕੀ ਪਰ ਇਨਸਾਫ਼ਪਸੰਦ ਲੋਕ ਇਸ ਫੈਕਟਰੀ ਨੂੰ ਬੰਦ ਕਰਵਾਉਣ ਤੱਕ ਇਹ ਲੜਾਈ ਲੜਨਗੇ।
ਇਸ ਮੌਕੇ ਓਹਨਾ ਨੇ ਆਖਿਆ ਕਿ ਪਸ਼ੂਆਂ ਵਿੱਚ ਫੈਲੀ ਲੰਪੀਸਕਿਨ ਨਾਮਕ ਮਹਾਂਮਾਰੀ ਕਾਰਨ ਹੁਣ ਤੱਕ ਕਰੀਬ ਦੋ ਸੌ ਕਰੋੜ ( ਗੈਰ ਸਰਕਾਰੀ ਅੰਕੜਿਆਂ ਮੁਤਾਬਕ 5 ਸੌ ਕਰੋੜ ) ਪਸ਼ੂਧਨ ਦਾ ਨੁਕਸਾਨ ਪਸ਼ੂਪਾਲਕਾਂ ਦਾ ਹੋ ਚੁੱਕਿਆ ਹੈ ਜਿਸਨੂੰ ਲੈਕੇ ਸੂਬਾ ਸਰਕਾਰ ਪੀੜਤ ਲੋਕਾਂ ਨੂੰ ਮੁਆਵਜਾ ਰਾਸ਼ੀ ਮੁਹਈਆ ਕਰਵਾ ਕੇ ਪਹਿਲਾਂ ਤੋਂ ਹੀ ਕਰਜ ਦੀ ਮਾਰ ਹੇਠ ਆਏ ਪਸ਼ੂਪਾਲਕਾਂ ਨੂੰ ਰਾਹਤ ਦੁਆਵੇ।
ਇਸ ਮੌਕੇ ਉਹਨਾਂ ਵੱਲੋਂ ਬਾਕੀ ਮੰਗਾਂ ਜਿਸ ਵਿੱਚ ਆੜਤੀਆਂ ਦੁਆਰਾ ਕਿਸਾਨਾਂ ਕੋਲੋਂ ਜਬਰਨ ਕਰਜ ਵਸੂਲੀ, ਕੁਦਰਤੀ ਆਫ਼ਤਾਂ ਨਾਲ ਹੋਏ ਫਸਲਾਂ ਦੇ ਨੁਕਸਾਨ ਸੰਬੰਧੀ, ਸੂਬੇ ਅੰਦਰ ਲੱਗ ਰਹੇ ਪ੍ਰੀਪੇਡ ਬਿਜਲੀ ਮੀਟਰਾਂ ਸੰਬੰਧੀ, ਅਬਾਦਕਾਰ ਕਿਸਾਨਾਂ ਨੂੰ ਜਮੀਨਾਂ ਦੀ ਮਾਲਕੀ ਦੇ ਹੱਕ ਦਿਵਾਉਣ ਸੰਬੰਧੀ, ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਮੁਆਵਜਾ ਰਾਸ਼ੀ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਸੰਬੰਧੀ, ਗੰਨੇ ਦੀ ਬਕਾਇਆ ਰਾਸ਼ੀ ਨੂੰ ਜਾਰੀ ਕਰਵਾਉਣ ਸੰਬੰਧੀ, 23 ਫਸਲਾਂ ਦੇ ਭਾਅ ਸਵਾਮੀਨਾਥਨ ਰਿਪੋਰਟ ਮੁਤਾਬਕ ਲਾਗੂ ਕਰਨ ਸੰਬੰਧੀ, ਲਖੀਮਪੁਰ ਖ਼ੀਰੀ ਚ ਸ਼ਹੀਦ ਹੋਏ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਤੇ ਅਜੇ ਮਿਸ਼ਰਾ ਟੈਨੀ ਦੀ ਬਰਖਾਸਤਗੀ ਦੇ ਨਾਲ ਨਾਲ ਮਾਮਲੇ ਨੂੰ ਲੈਕੇ ਗਵਾਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਸੰਬੰਧੀ, ਦੇਸ਼ਭਰ ਚ ਚੱਲੇ ਵੱਖ ਵੱਖ ਕਿਸਾਨ ਘੋਲਾਂ ਦੌਰਾਨ ਕਿਸਾਨਾਂ ਉਪਰ ਦਰਜ ਹੋਏ ਮਾਮਲਿਆਂ ਨੂੰ ਰੱਦ ਕਰਨ ਸੰਬੰਧੀ, ਐਸਵਾਈਐਲ ਨਹਿਰ ਦੇ ਪਾਣੀ ਨੂੰ ਲੈਕੇ ਸੂਬਾ ਸਰਕਾਰ ਦੇ ਸਟੈਂਡ ਸੰਬੰਧੀ ਅਤੇ ਸੂਬੇ ਅੰਦਰ ਖਾਲੀ ਪਏ ਸਰਕਾਰੀ ਪਦਾਂ ਉਪਰ ਨਿਯੁਕਤੀਆਂ ਕਰਨ ਤੇ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜਗਾਰ ਮੁਹਈਆ ਕਰਵਾਉਣ ਸੰਬੰਧੀ ਮੰਗ ਪੱਤਰ ਸੂਬੇ ਦੇ ਸੀਐਮ ਨਾਮ ਜ਼ਿਲੇ ਦੇ ਡੀਸੀ ਦਫ਼ਤਰ ਬਠਿੰਡਾ ਨੂੰ ਦਿੱਤਾ ਗਿਆ ਜੋ ਕਿ ਜ਼ਿਲਾ ਪ੍ਰਸ਼ਾਸ਼ਨ ਦੀ ਤਰਫ਼ੋਂ ਉਕਤ ਮੰਗ ਪੱਤਰ ਤਹਿਸੀਲਦਾਰ ਬਠਿੰਡਾ ਵੱਲੋਂ ਕਿਸਾਨਾਂ ਕੋਲੋਂ ਪ੍ਰਾਪਤ ਕੀਤਾ ਗਿਆ ਤੇ ਭਰੋਸਾ ਦਿੱਤਾ ਕਿ ਉਹ ਉਕਤ ਮੰਗ ਪੱਤਰ ਨੂੰ ਸੂਬਾ ਸਰਕਾਰ ਤੱਕ ਪਹੁੰਚਦਾ ਕਰਨਗੇ।
ਇਸ ਮੌਕੇ ਧਰਨੇ ਚ ਮੌਜੂਦ ਕਿਸਾਨਾਂ ਨੂੰ ਮੋਦਨ ਸਿੰਘ ਸਾ: ਫੌਜੀ ਗੁਰੂਸਰ, ਲੋਕ ਮੋਰਚਾ ਦੇ ਆਗੂ ਲੋਕ ਰਾਜ ਮਹਿਰਾਜ, ਬਲਾਕ ਫੂਲ ਪ੍ਰਧਾਨ ਦਰਸ਼ਨ ਢਿੱਲੋਂ, ਦਰਸ਼ਨ ਸਿੰਘ ਬਰਕੰਦੀ, ਰਿਤੇਸ਼ ਕੁਮਾਰ ਰਿੰਕੂ ਦੁਆਰਾ ਸੰਬੋਧਨ ਕੀਤਾ ਗਿਆ। ਇਸ ਮੌਕੇ ਜ਼ਿਲਾ ਕਮੇਟੀ ਤੋਂ ਗੁਰਪ੍ਰੀਤ ਭਗਤਾ ਜ਼ਿਲਾ ਜਨਰਲ ਸਕੱਤਰ, ਸੁਖਮੰਦਰ ਸਿੰਘ ਜ਼ਿਲਾ ਪ੍ਰੈਸ ਸਕੱਤਰ, ਗੋਰਾ ਹਾਕਮ ਵਾਲਾ ਬਲਾਕ ਭਗਤਾ ਜਨਰਲ ਸਕੱਤਰ ਆਦਿ ਆਗੂ ਹਾਜ਼ਰ ਸਨ ਤੇ ਸਟੇਜ ਦੀ ਭੂਮਿਕਾ ਕੁਲਜਿੰਦਰ ਜੰਡਾਂਵਾਲਾ ਨੇ ਨਿਭਾਈ।
For any kind of News and advertisment contact us on 980-345-0601 
127960cookie-checkਬੀਕੇਯੂ ਕ੍ਰਾਂਤੀਕਾਰੀ ਪੰਜਾਬ ਵੱਲੋਂ ਮੰਗਾਂ ਸੰਬੰਧੀ ਡੀਸੀ ਦਫ਼ਤਰ ਬਠਿੰਡਾ ਅੱਗੇ ਧਰਨਾ
error: Content is protected !!