ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 24 ਅਗਸਤ(ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਲਗਾਇਆ ਧਰਨਾ ਅੱਜ ਦੂਜੇ ਦਿਨ ਵਿਚ ਦਾਖਲ ਹੋ ਗਿਆ। ਕਿਸਾਨਾਂ ਨੇ ਮਸਲੇ ਦਾ ਕੋਈ ਹੱਲ ਨਾ ਨਿਕਲਦਾ ਵੇਖ ਕੇ ਆਈ.ਸੀ.ਆਈ.ਸੀ.ਆਈ. ਬੈਂਕ ਦੇ ਅੱਗੇ ਟੈਂਟ ਲਾ ਕੇ ਪੱਕਾ ਮੋਰਚਾ ਲਾ ਦਿੱਤਾ ਹੈ। ਉਧਰ ਦੂਜੇ ਪਾਸੇ ਅੱਜ ਬੈਂਕ ਦਾ ਕੋਈ ਵੀ ਕਰਮਚਾਰੀ ਨਾ ਆਉਣ ਕਰ ਕੇ ਬੈਂਕ ਬੰਦ ਰਿਹਾ ਜ਼ਿਕਰਯੋਗ ਹੈ ਕਿ ਪਿੰਡ ਦੌਲਤਪੁਰਾ ਦੇ ਕਿਸਾਨ ਵੀਰ ਦਵਿੰਦਰ ਸਿੰਘ ਨੇ ਸੰਨ 2015 ਵਿਚ ਉੱਕਤ ਬੈਂਕ ਵਿੱਚ 7.50 ਤੋਲੇ ਸੋਨਾ ਰੱਖ ਕੇ ਇੱਕ ਲੱਖ ਸੱਤ ਹਜ਼ਾਰ ਦਾ ਲੋਨ ਕਰਵਾਇਆ ਸੀ ਪਰ ਬੈਂਕ ਨੇ ਉਸ ਦਾ ਸਾਰਾ ਸੋਨਾ ਇੱਕ ਸਾਲ ਤਿੰਨ ਮਹੀਨੇ ਬਾਅਦ ਕਥਿੱਤ ਤੌਰ ਤੇ ਵੇਚ ਦਿੱਤਾ। ਪੀੜਿਤ ਕਿਸਾਨ ਦੀ ਲੰਬਾ ਸਮਾਂ ਸੁਣਵਾਈ ਨਾ ਹੋਣ ਕਾਰਨ ਉਕਤ ਕਿਸਾਨ ਨੇ ਇਹ ਮਸਲਾ ਕਿਸਾਨ ਯੂਨੀਅਨ ਦੇ ਧਿਆਨ ਵਿਚ ਲਿਆਂਦਾ।
ਮਾਮਲਾ ਬੈਂਕ ਵੱਲੋਂ ਕਰਜ਼ੇ ਬਦਲੇ ਰੱਖਿਆ ਸੋਨਾ ਵੇਚਣ ਦਾ
ਕਿਸਾਨ ਆਗੂ ਲੰਮੇ ਸਮੇਂ ਤੋਂ ਬੈਂਕ ਦੇ ਚੱਕਰ ਲਾ ਰਿਹਾ ਸੀ ਪਰ ਬੈਂਕ ਨੇ ਕੋਈ ਵੀ ਹੱਲ ਨਹੀ ਕੀਤਾ। ਸਾਰੇ ਮਾਮਲੇੇ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ ਵਿਚ ਆਈ.ਸੀ.ਆਈ.ਸੀ.ਆਈ ਬੈਂਕ ਅੱਗੇ ਬੀਤੇ ਦਿਨੀ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਹੈ। ਇਸ ਸਬੰਧੀ ਕੱਲ ਡੀ.ਐਸ.ਪੀ. ਫੂਲ ਵੱਲੋਂ ਦੇਰ ਸ਼ਾਮ ਕਿਸਾਨ ਲੀਡਰਾਂ ਨਾਲ ਮੀਟਿੰਗ ਕਰ ਕੇ ਅੱਜ ਬੈਂਕ ਦੇ ਉਚ ਅਧਿਕਾਰੀਆ ਨਾਲ ਗੱਲਬਾਤ ਕਰਾਉਣ ਦਾ ਵਾਅਦਾ ਕਰਕੇ ਬੈਂਕ ਦੇ ਮੁਲਾਜ਼ਮਾਂ ਨੂੰ ਆਪਣੇ ਨਾਲ ਲੈ ਗਏ ਸਨ ਪ੍ਰੰਤੂ ਅੱਜ ਨਾ ਤਾ ਬੈਂਕ ਦੇ ਮੁਲਾਜ਼ਮ ਨੇ ਬੈਂਕ ਖੋਲੀ ਨਾ ਹੀ ਕਿਸੇ ਅਧਿਕਾਰੀਆ ਨੇ ਕੋਈ ਮੀਟਿੰਗ ਕੀਤੀ। ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਬੈਂਕ ਅਧਿਕਾਰੀ ਭਾਂਵੇ ਅੱਜ ਨਹੀ ਆਏ ਪਰ ਸਾਡਾ ਧਰਨਾ ਉਦੋ ਤੱਕ ਜਾਰੀ ਰਹੇਗਾ ਜਦੋ ਤੱਕ ਉੱਕਤ ਮਾਮਲੇ ਦਾ ਹੱਲ ਨਹੀ ਹੁੰਦਾ। ਇਸ ਮੌਕੇ ਪਿੰਡ ਪ੍ਰਧਾਨ ਬੇਅੰਤ ਸਿੰਘ, ਲਖਵੀਰ ਖੋਖਰ, ਜਗਸੀਰ ਪਿਥੋ, ਰਾਜ ਚਾਉਕੇ, ਲਛਮਣ ਭੂੰਦੜ, ਪਿ੍ਰਤਪਾਲ ਕੋਟੜਾ, ਗੁਰਦੇਵ ਕਰਾੜਵਾਲਾ, ਬਲਰਾਜ ਬਾਜਾ, ਮਾਤਾ ਅਮਰਜੀਤ ਕੌਰ ਮੰਡੀ ਕਲਾ ਤੇ ਪਿੰਡ ਵਾਸੀ ਹਾਜ਼ਰ ਸਨ।