December 22, 2024

Loading

ਲੁਧਿਆਣਾ, 10 ਮਈ ( ਸਤ ਪਾਲ ਸੋਨੀ ) : ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਐਤਵਾਰ ਨੂੰ ਜ਼ਿਲਾ ਲੁਧਿਆਣਾ ਦੀ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣ ਲਈ ਲੁਧਿਆਣਾ ਕਮਿਸ਼ਨਰੇਟ ਦਾ ਦੌਰਾ ਕੀਤਾ ਅਤੇ ਕੋਵਿਡ -19 ਮਹਾਮਾਰੀ ਨਾਲ ਨਜਿੱਠਣ ਲਈ ਪੁਲਿਸ ਵੱਲੋਂ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ।ਡੀਜੀਪੀ ਨੇ ਪੰਜਾਬ ਦੇ ਪਹਿਲੇ ਪੁਲਿਸ ਕੋਰੋਨਾ ਸ਼ਹੀਦ ਏਸੀਪੀ ਅਨਿਲ ਕੋਹਲੀ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ, ਜੋ ਕੋਰੋਨਾ ਵਿਰੁੱਧ ਜੰਗ ਵਿੱਚ ਮੋਹਰਲੀ ਕਤਾਰ ਵਿੱਚ ਕੰਮ ਕਰਦਿਆਂ 18 ਅਪ੍ਰੈਲ ਨੂੰ ਸ਼ਹੀਦ ਹੋ ਗਏ ਸਨ। ਡੀਜੀਪੀ ਕੋਹਲੀ ਦੇ ਭੋਗ ਸਮਾਗਮ ਵਿਚ ਸ਼ਾਮਲ ਹੋਏ ਅਤੇ ਦੁਖੀ ਪਰਿਵਾਰ ਨਾਲ ਡੂੰਘੇ ਦੁੱਖ ਅਤੇ ਏਕਤਾ ਦਾ ਪ੍ਰਗਟਾਵਾ ਕੀਤਾ।

ਉਨਾਂ ਨੇ ਅਨਿਲ ਕੋਹਲੀ ਦੇ ਪੁੱਤਰ ਪਾਰਸ ਕੋਹਲੀ ਨੂੰ ਨਿਯੁਕਤੀ ਪੱਤਰ ਅਤੇ ਉਨਾਂ ਦੀ ਪਤਨੀ ਪਲਕ ਕੋਹਲੀ ਨੂੰ ਵਿੱਤੀ ਸਹਾਇਤਾ ਲਈ ਚੈੱਕ ਵੀ ਸੌਂਪਿਆ।ਇਸ ਮੌਕੇ ਪੰਜਾਬ ਦੇ ਖੁਰਾਕ ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ, ਵਿਧਾਇਕ ਸ੍ਰੀ ਰਾਕੇਸ਼ ਪਾਂਡੇ, ਵਿਧਾਇਕ ਸ੍ਰੀ ਸੁਰਿੰਦਰ ਡਾਵਰ, ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ, ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਕੁਮਾਰ ਅਗਰਵਾਲ ਅਤੇ ਹੋਰ ਲੋਕ ਹਾਜ਼ਰ ਸਨ। 

ਸੂਬੇ ਵਿੱਚ ਫੈਲੇ ਕੋਵਿਡ -19  ਕਾਰਨ ਭੋਗ ਵਿੱਚ ਸ਼ਰੀਕ ਨਾ ਹੋਣ ਕਰਕੇ ਸੂਬੇ ਭਰ ਤੋਂ 20,000 ਤੋਂ ਵੱਧ ਲੋਕ ਅਤੇ ਪੁਲਿਸ ਅਧਿਕਾਰੀ ਇੰਟਰਨੈਟ ‘ਤੇ ਸਿੱਧੇ ਪ੍ਰਸਾਰਣ ਰਾਹੀਂ ਭੋਗ ਸਮਾਰੋਹ ਵਿੱਚ ਸ਼ਾਮਲ ਹੋਏ।ਇਨਾਂ ਵਿੱਚ ਏਡੀਜੀਪੀਜ਼, ਆਈਜੀ/ਡੀਆਈਜੀ ਅਤੇ ਸੂਬੇ ਦੇ ਸਾਰੇ ਐਸਐਸਪੀ ਸ਼ਾਮਲ ਸਨ।ਇਸ ਤੋਂ ਪਹਿਲਾਂ ਪੁਲਿਸ ਲਾਈਨਜ਼,  ਲੁਧਿਆਣਾ ਵਿਖੇ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਗੁਪਤਾ ਨੇ ਮੌਜੂਦਾ ਸਥਿਤੀ ਅਤੇ ਕੋਵਿਡ ਦਿਸ਼ਾ ਨਿਰਦੇਸ਼ਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਚੁੱਕੇ ਗਏ ਕਦਮਾਂ ਦਾ ਜਾਇਜ਼ਾ ਲਿਆ। ਉਨਾਂ ਅਧਿਕਾਰੀਆਂ ਨੂੰ ਕਰਫਿਊ ਅਤੇ ਕੋਵਿਡ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ।ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਡੀਜੀਪੀ ਨੂੰ ਦੱਸਿਆ ਕਿ ਜ਼ਿਲਾ ਪੁਲਿਸ ਕੋਵਿਡ ਸਬੰਧੀ ਪਾਬੰਦੀਆਂ ਨੂੰ ਸਖ਼ਤੀ ਨਾਲ ਲਾਗੂ ਕਰ ਰਹੀ ਹੈ ਅਤੇ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਨਾਲ ਦ੍ਰਿੜਤਾ ਨਾਲ ਪੇਸ਼ ਆ ਰਹੀ ਹੈ। ਜ਼ਿਲਾ ਪੁਲਿਸ ਨੇ ਕਰਫਿਊ ਨਾਲ ਜੁੜੇ ਵੱਖ ਵੱਖ ਅਪਰਾਧਾਂ ਸਬੰਧੀ 426 ਐਫਆਈਆਰਜ਼ ਦਰਜ ਕੀਤੀਆਂ ਗਈਆਂ ਅਤੇ ਉਲੰਘਣਾ ਕਰਨ ਵਾਲੇ 732 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਕੁੱਲ 14,806 ਵਿਅਕਤੀਆਂ ਨੂੰ ਖੁੱਲੀਆਂ ਜੇਲਾਂ ਵਿੱਚ ਲਿਜਾਇਆ ਗਿਆ, ਜਦੋਂ ਕਿ ਬਿਨਾਂ ਕਾਰਨ ਸ਼ਹਿਰ ਵਿੱਚ ਵਾਹਨਾਂ ‘ਤੇ ਘੁੰਮਣ ਵਾਲਿਆਂ ਵਿਰੁੱਧ 7088 ਟਰੈਫਿਕ ਚਲਾਨ ਜਾਰੀ ਕੀਤੇ ਗਏ ਅਤੇ 1265 ਵਾਹਨ ਜ਼ਬਤ ਕੀਤੇ ਗਏ।

ਸੀਪੀ ਨੇ ਅੱਗੇ ਮੀਟਿੰਗ ਵਿੱਚ ਦੱਸਿਆ ਕਿ ਲੁਧਿਆਣਾ ਇਕ ਉਦਯੋਗਿਕ ਕੇਂਦਰ ਹੈ, ਜਿਸ ਕਾਰਨ ਦੇਸ਼ ਭਰ ਤੋਂ ਲੱਖਾਂ ਪ੍ਰਵਾਸੀ ਮਜ਼ਦੂਰ ਵੀ ਇੱਥੇ ਰਹਿ ਰਹੇ ਸਨ, ਪੁਲਿਸ ਨੇ ਉਨਾਂ ਦੀ ਦੇਖਭਾਲ ਕਰਨ ਦੀ ਸਖ਼ਤ ਚੁਣੌਤੀ ਨੂੰ ਸਵੀਕਾਰ ਕੀਤਾ ਅਤੇ ਸਾਰੇ ਜ਼ਰੂਰਤਮੰਦ ਵਿਅਕਤੀਆਂ ਨੂੰ ਖਾਣਾ ਪਰੋਸਿਆ ਗਿਆ। ਇਸ ਸਮੇਂ ਦੌਰਾਨ 57,85,793 ਵਿਅਕਤੀਆਂ ਨੂੰ ਖਾਣਾ ਪਰੋਸਿਆ ਗਿਆ ਅਤੇ 39,837 ਫੂਡ ਕਿੱਟਾਂ ਨੂੰ ਲੋੜਵੰਦਾਂ ਵਿੱਚ ਵੰਡਿਆ ਗਿਆ।ਸ੍ਰੀ ਅਗਰਵਾਲ ਨੇ ਅੱਗੇ ਦੱਸਿਆ ਕਿ ਪਿਛਲੇ 5 ਦਿਨਾਂ ਵਿੱਚ 20,000 ਪ੍ਰਵਾਸੀ ਸ਼੍ਰਮੀਕ ਐਕਸਪ੍ਰੈਸ ਸਪੈਸ਼ਲ ਟ੍ਰੇਨਾਂ ਰਾਹੀਂ ਆਪਣੇ ਮੂਲ ਜ਼ਿਲਿਆਂ ਵਿੱਚ ਵਾਪਸ ਪਰਤੇ। Àਨਾਂ ਇਹ ਵੀ ਦੱਸਿਆ ਕਿ ਲੁਧਿਆਣਾ ਵਿੱਚ ਪਹਿਲਾਂ ਹੀ ਕਈ ਫੈਕਟਰੀਆਂ ਨੇ ਕੰਮ ਸ਼ੁਰੂ ਕਰ ਦਿੱਤਾ ਸੀ ਅਤੇ ਵੱਡੀ ਗਿਣਤੀ ਵਿੱਚ ਮਜ਼ਦੂਰ ਕੰਮ ਵਿੱਚ ਸ਼ਾਮਲ ਹੋ ਗਏ ਸਨ। ਇਸ ਤੋਂ ਇਲਾਵਾ, 57 ਸ਼ੈਲਟਰ ਹੋਮ ਸਥਾਪਤ ਕੀਤੇ ਗਏ ਅਤੇ ਲਗਭਗ 800 ਪ੍ਰਵਾਸੀ ਉਥੇ ਰਹਿ ਰਹੇ ਸਨ ਜਿਨਾਂ ਵਿੱਚ ਪ੍ਰਸ਼ਾਸਨ ਦੁਆਰਾ ਮੁਫ਼ਤ ਖਾਣਾ ਅਤੇ ਰਹਿਣ ਦੀ ਸਹੂਲਤ ਦਿੱਤੀ ਗਈ ਸੀ।ਮੀਟਿੰਗ ਵਿੱਚ ਦੱਸਿਆ ਗਿਆ ਕਿ ਲੁਧਿਆਣਾ ਸ਼ਹਿਰ ਵਿੱਚ ਅਮਨ-ਕਾਨੂੰਨ ਦੇ ਸੁਚੱਜੇ ਪ੍ਰਬੰਧਾਂ ਲਈ 2020 ਵਲੰਟੀਅਰ ਪੁਲਿਸ ਦੀ ਮਦਦ ਕਰ ਰਹੇ ਸਨ ਅਤੇ ਲੋਕਾਂ ਵੱਲੋਂ ਉਨਾਂ ਵਲੋਂ ਦਿੱਤੇ ਜਾ ਰਹੇ ਸਹਿਯੋਗ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।ਕੋਵਿਡ -19 ਦੇ ਸੰਕਟਕਾਲੀ ਦੌਰ ਵਿਚ ਆਮ ਲੋਕ ਦੀ ਭੂਮਿਕਾ ਵੀ ਸ਼ਲਾਘਾਯੋਗ ਹੈ ਕਿਉ਼ਜੋ 276 ਪਿੰਡਾਂ ਅਤੇ 1077 ਮੁਹੱਲਿਆਂ ਲੋਕਾਂ ਵਲੋਂ ਸਵੈ ਇੱਛਾ  ਨਾਲ ਸੀਲ ਕੀਤੇ ਗਏ ਹਨ।

ਪੁਲਿਸ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਡੀਜੀਪੀ ਨੂੰ ਦੱਸਿਆ ਕਿ ਡਿਊਟੀ ‘ਤੇ ਤਾਇਨਾਤ ਪੁਲਿਸ ਫੋਰਸ ਨੂੰ ਦਿਨ ਵਿਚ ਦੋ ਵਾਰ ਪਕਾਇਆ ਭੋਜਨ ਦਿੱਤਾ ਜਾ ਰਿਹਾ ਹੈ, ਨਾਲ ਹੀ ਪੀਣ ਵਾਲੇ ਪਾਣੀ ਦੀ ਨਿਰੰਤਰ ਸਪਲਾਈ ਕੀਤੀ ਜਾ ਰਹੀ ਹੈ। ਕਰਮਚਾਰੀਆਂ ਦੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਲਈ ਵਿਟਾਮਿਨ-ਬੀ, ਵਿਟਾਮਿਨ-ਸੀ ਦੀਆਂ ਗੋਲੀਆਂ, ਵਿਟਾਮਿਨ-ਡੀ, ਜ਼ਿੰਕ ਦੀਆਂ ਗੋਲੀਆਂ, ਗਿਲੋਏ ਘਨਵਤੀ ਗੋਲੀਆਂ, ਹੋਮਿਓਪੈਥਿਕ ਦਵਾਈ ਆਰਸੈਨਿਕ ਐਲਬਮ 30 ਵੰਡੀਆਂ ਗਈਆਂ। ਫਰੰਟ ਲਾਈਨ ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਲਈ ਲਗਭਗ ਇਕ ਲੱਖ ਮਾਸਕ, 90,000 ਦਸਤਾਨੇ, ਸੈਨੇਟਾਈਜ਼ਰ ਦੀਆਂ 50,000 ਬੋਤਲਾਂ, 1700 ਫੇਸ ਸ਼ੀਲਡ ਅਤੇ ਗੋਗਲਜ਼ ਅਤੇ 564 ਪੀਪੀਈ ਕਿੱਟਾਂ ਵੀ ਪ੍ਰਦਾਨ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਪੁਲਿਸ ਕਮਿਸ਼ਨਰੇਟ, ਲੁਧਿਆਣਾ ਦੀਆਂ  ਵੱਖ-ਵੱਖ ਥਾਵਾਂ ‘ਤੇ 478 ਬੈੱਡਾਂ ਦੀ ਸਮਰੱਥਾ ਵਾਲੇ 12 ਕੁਆਰੰਟੀਨ ਸੈਂਟਰ ਵਿਸ਼ੇਸ਼ ਤੌਰ ‘ਤੇ ਪੁਲਿਸ ਕਰਮਚਾਰੀਆਂ ਲਈ ਸਥਾਪਿਤ ਕੀਤੇ ਗਏ ਹਨ। ਬਹੁਤ ਸਾਰੇ ਪੁਲਿਸ ਜਵਾਨਾਂ ਨੇ ਡੀਜੀਪੀ ਨੂੰ ਦੱਸਿਆ ਕਿ  ਉਹ ਪਹਿਲਾਂ ਹੀ ਐਚਸੀਕਿਊ ਪਹਿਲਾਂ ਹੀ ਪ੍ਰੋਫਾਈਲੈਕਟਿਕ ਵਜੋਂ ਲੈ ਚੁੱਕੇ ਹਨ।

ਲੁਧਿਆਣਾ ਪੁਲਿਸ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕਰਦਿਆਂ ਡੀਜੀਪੀ ਨੇ ਕੋਵਿਡ -19 ਦੇ ਮੱਦੇਨਜ਼ਰ ਲਾਕਡਾਊਨ / ਕਰਫਿਊ  ਪਾਬੰਦੀਆਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਸਬੰਧੀ ਯਤਨਾਂ ਨੂੰ ਹੋਰ ਤੇਜ਼ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਡੀਜੀਪੀ ਨੇ ਲੁਧਿਆਣਾ ਦੇ ਵੱਖ ਵੱਖ ਚੌਕਾਂ ਵਿਖੇ ਤਾਇਨਾਤ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਦੋ ਪਹੀਆ ਵਾਹਨਾਂ `ਦੇ ਪਿੱਛੇ ਬੈਠਣ ਵਾਲਿਆਂ  ਤੇ ਪਾਬੰਦੀ ਦੀਆਂ ਕੁਝ ਉਲੰਘਣਾਵਾਂ ਨੂੰ ਵੇਖਦਿਆਂ ਗੁਪਤਾ ਨੇ ਪੁਲਿਸ ਮੁਲਾਜ਼ਮਾਂ ਨੂੰ ਸਮਾਜਿਕ ਦੂਰੀ ਨੂੰ ਯਕੀਨੀ ਬਣਾਉਣ ਲਈ ਇਸ ਪਾਬੰਦੀ ਨੂੰ ਸਖਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ। ਉਨਾਂ ਸੀਪੀ ਲੁਧਿਆਣਾ ਨੂੰ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਲਈ ਇਲੈਕਟ੍ਰਾਨਿਕ ਦੇ ਨਾਲ ਨਾਲ ਸੋਸ਼ਲ ਮੀਡੀਆ ‘ਤੇ ਵਿਸ਼ੇਸ਼ ਮੁਹਿੰਮਾਂ ਚਲਾਉਣ ਲਈ ਵੀ ਕਿਹਾ ।  ਡੀਜੀਪੀ ਨੇ ਭਾਰਤ ਨਗਰ ਚੌਕ ਵਿਖੇ ਤਾਇਨਾਤ ਵਲੰਟੀਅਰਾਂ ਨਾਲ ਗੱਲਬਾਤ ਵੀ ਕੀਤੀ ਅਤੇ ਪਿਛਲੇ ਦੋ ਮਹੀਨਿਆਂ ਤੋਂ ਬਿਨਾਂ ਕਿਸੇ ਤਨਖਾਹ ਤੋਂ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਕੰਮ ਕਰਨ ਲਈ ਉਨਾਂ ਦੀ ਤਾਰੀਫ ਕੀਤੀ। ਏਸੀਪੀ (ਟ੍ਰੈਫਿਕ) ਗੁਰਦੇਵ ਸਿੰਘ, ਜੋ ਕਿ ਲੁਧਿਆਣਾ ਵਿੱਚ ਸਮੁੱਚੇ ਵਲੰਟੀਅਰ ਯਤਨਾਂ ਨੂੰ ਜੁਟਾਉਣ ਅਤੇ ਤਾਲਮੇਲ ਕਰ ਰਹੇ ਹਨ, ਨੇ ਡੀਜੀਪੀ ਨੂੰ ਦੱਸਿਆ ਕਿ 9000 ਤੋਂ ਵੱਧ ਵਾਲੰਟੀਅਰਾਂ ਨੂੰ ਲੁਧਿਆਣਾ ਪੁਲਿਸ ਵਿੱਚ ਤਾਇਨਾਤ ਕੀਤਾ ਗਿਆ ਹੈ ਅਤੇ ਸਮਾਜ ਦੀ ਸੇਵਾ ਵਿੱਚ ਇੱਕ ਸ਼ਾਨਦਾਰ ਕੰਮ ਕਰ ਰਹੇ ਹਨ।

ਡੀਜੀਪੀ ਨੇ ਇਕ ਡਾਕਟਰ ਵਾਲੀ ਮੋਬਾਇਲ ਮੈਡੀਕਲ ਵੈਨ ਦਾ ਮੁਆਇਨਾ ਵੀ ਕੀਤਾ, ਜਿਸ ਵਿਚ ਸ਼ਹਿਰ ਦੇ ਵੱਖ-ਵੱਖ ਦੀਆਂ ਥਾਵਾਂ ‘ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਦੀ ਮੈਡੀਕਲ ਜਾਂਚ ਕਰਵਾਉਣ ਲਈ ਵਿਸਥਾਰ ਵਿਚ ਦੱਸਿਆ ਗਿਆ ਹੈ। ਉਸਨੇ ਡਿਊਟੀ ਵਾਲੇ ਡਾਕਟਰ ਅਤੇ ਪੁਲਿਸ ਅਧਿਕਾਰੀਆਂ ਨੂੰ ਪਲਸ ਆਕਸੀਮੀਟਰ ਦੀ ਵਰਤੋਂ ਕਰਨ ਲਈ ਵੀ ਪ੍ਰੇਰਿਤ ਕੀਤਾ, ਜ਼ੋ ਕਿ  ਪੁਲਿਸ ਕਰਮਚਾਰੀਆਂ ਅਤੇ ਉਨਾਂ ਦੇ ਪਰਿਵਾਰਾਂ ਲਈ, ਕਿਸੇ ਵੀ ਫਲੂ ਵਰਗੇ ਲੱਛਣਾਂ ਦੀ ਜਾਂਚ ਕਰਨ ਲਈ ਮਦਦਗਾਰ ਹੈ।ਪੁਲਿਸ ਫੋਰਸ ਦੇ ਮਨੋਬਲ ਨੂੰ ਵਧਾਉਣ ਲਈ ਅਤੇ ਫਰੰਟਲਾਈਨ ਮਰਦਾਂ ਅਤੇ ਔਰਤਾਂ ਵਲੋਂ ਕੀਤੇ ਕੰਮਾਂ ਦੀ ਪਛਾਣ ਕਰਨ ਲਈ, ਗੁਪਤਾ ਨੇ 11 ਜਵਾਨਾਂ ਸਮੇਤ  ਆਈਪੀਐਸ ਅਧਿਕਾਰੀ ਏਡੀਸੀਪੀ (ਹੈੱਡਕੁਆਰਟਰ) ਦੀਪਕ ਪਾਰੀਕ ਸਮਾਜ ਦੀ ਮਿਸਾਲੀ ਸੇਵਾ  ਕਰਨ ਲਈ  ਸਰਟੀਫਿਕੇਟ  ਦੇ ਕੇ ਸਨਮਾਨਿਤ ਕੀਤਾ, ਜੋ ਕਿ ਪੁਲਿਸ ਕਮਿਸ਼ਨਰੇਟ, ਲੁਧਿਆਣਾ ਵਿੱਚ ਕੋਵਿਡ -19 ਸਬੰਧੀ ਨੋਡਲ ਅਫਸਰ ਵਜੋਂ ਤਾਇਨਾਤ ਹਨ। ਐਸਐਚਓ (ਫੋਕਲ ਪੁਆਇੰਟ) ਇੰਸਪੈਕਟਰ ਮੁਹੰਮਦ ਜਮੀਲ, ਕਾਂਸਟੇਬਲ ਸੰਜੀਵ ਕੁਮਾਰ ਅਤੇ ਅਜੈਬ ਸਿੰਘ ਨੂੰ ਵੀ ਕੋਰਨਾਵਾਇਰਸ ਵਿਰੁੱਧ ਲੜਾਈ ਵਿਚ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। 

58510cookie-checkਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਏਸੀਪੀ ਅਨੀਲ ਕੋਹਲੀ ਦੇ ਭੋਗ ਵਿੱਚ ਸ਼ਾਮਲ ਹੋਏ, ਪਤਨੀ ਨੂੰ ਚੈੱਕ ਅਤੇ ਬੇਟੇ ਨੂੰ ਸੌਂਪਿਆ ਨਿਯੁਕਤੀ ਪੱਤਰ
error: Content is protected !!