December 22, 2024

Loading

ਲੁਧਿਆਣਾ, 24 ਜੂਨ ( ਸਤਪਾਲ ਸੋਨੀ )  : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ ਤਹਿਤ ਜ਼ਿਲਾ ਲੁਧਿਆਣਾ ਨੂੰ ਕੋਵਿਡ 19 ਦੀ ਮਹਾਂਮਾਰੀ ਤੋਂ ਨਿਜ਼ਾਤ ਦਿਵਾਉਣ ਲਈ ਤਿੰਨ ਕੰਟੇਨਮੈਂਟ ਜ਼ੋਨ ਅਤੇ ਤਿੰਨ ਮਾਈਕਰੋਕੰਟੇਨਮੈਂਟ ਜ਼ੋਨ ਘੋਸ਼ਿਤ ਕੀਤੇ ਗਏ ਹਨ, ਤਾਂ ਇਨਾਂ ਪ੍ਰਭਾਵਿਤ ਇਲਾਕਿਆਂ ਵਿੱਚ ਮੁਕਾਬਲਤਨ ਜਿਆਦਾ ਕੰਮ ਜਾ ਸਕੇ। ਇਨਾਂ ਜ਼ੋਨਾਂ ਵਿੱਚ ਲੋਕਾਂ ਨੂੰ ਰਾਸ਼ਨ ਅਤੇ ਹੋਰ ਸਹੂਲਤਾਂ ਅਤੇ ਹੋਰ ਪ੍ਰਬੰਧਾਂ ਦੀ ਸਮੀਖਿਆ ਸੰਬੰਧੀ ਇੱਕ ਮੀਟਿੰਗ ਅੱਜ ਸਥਾਨਕ ਬਚਤ ਭਵਨ ਵਿਖੇ ਕੀਤੀ ਗਈ, ਜਿਸ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਸ਼ਰਮਾ, ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਕੁਮਾਰ ਅਗਰਵਾਲ ਅਤੇ ਹੋਰ ਅਧਿਕਾਰੀਆਂ ਨੇ ਹਿੱਸਾ ਲਿਆ।ਮੀਟਿੰਗ ਦੌਰਾਨ ਸ੍ਰੀ ਸ਼ਰਮਾ ਨੇ ਸੰਬੰਧਤ ਐੱਸ. ਡੀ. ਐੱਮਜ਼ ਅਤੇ ਸਹਾਇਕ ਰਿਟਰਨਿੰਗ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨਾਂ ਸਾਰੇ ਜ਼ੋਨਾਂ ਵਿੱਚ ਲੋੜਵੰਦ ਲੋਕਾਂ ਨੂੰ ਰਾਸ਼ਨ ਅਤੇ ਹੋਰ ਸਹੂਲਤਾਂ ਪਹਿਲ ਦੇ ਆਧਾਰ ‘ਤੇ ਮੁਹੱਈਆ ਕਰਵਾਈਆਂ ਜਾਣ। ਰਾਸ਼ਨ ਆਦਿ ਦੀ ਵੰਡ ਸੰਬੰਧੀ ਸੂਚੀ ਲੁਧਿਆਣਾ ਪੁਲਿਸ ਵੱਲੋਂ ਮੁਹੱਈਆ ਕਰਵਾਈ ਜਾਵੇਗੀ। ਰਾਸ਼ਨ ਵੰਡਣ ਦਾ ਕੰਮ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਰਵਾਇਆ ਜਾਵੇਗਾ।ਸ੍ਰੀ ਸ਼ਰਮਾ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਕੰਟੇਨਮੈਂਟ ਜ਼ੋਨਾਂ ਅਤੇ ਮਾਈਕਰੋਕੰਟੇਨਮੈਂਟ ਜ਼ੋਨਾਂ ਦੀ ਪਛਾਣ ਕਰਨ ਲਈ ਜ਼ਿਲਾ ਲੁਧਿਆਣਾ ਵਿੱਚ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ, ਜਿਸ ਵਿੱਚ ਸ੍ਰੀ ਸੰਯਮ ਅਗਰਵਾਲ ਵਧੀਕ ਕਮਿਸ਼ਨਰ ਨਗਰ ਨਿਗਮ ਲੁਧਿਆਣਾ, ਡਾ. ਰਾਜੇਸ਼ ਕੁਮਾਰ ਬੱਗਾ ਸਿਵਲ ਸਰਜਨ, ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਮੇਸ਼ ਕੁਮਾਰ ਅਤੇ ਮੈਡੀਕਲ ਕਾਲਜ ਦੇ ਮੁੱਖੀ ਡਾ. ਕਲੈਰੈਂਸ ਸੈਮੂਅਲ ਨੂੰ ਸ਼ਾਮਿਲ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਸ ਕਮੇਟੀ ਵੱਲੋਂ ਸਿਫ਼ਾਰਸ਼ ਕਰਨ ‘ਤੇ ਹੀ ਉਕਤ ਜ਼ੋਨਾਂ ਦੀ ਘੋਸ਼ਣਾ ਕੀਤੀ ਜਾਂਦੀ ਹੈ।

ਪੁਲਿਸ ਕਮਿਸ਼ਨਰ ਸ੍ਰੀ ਅਗਰਵਾਲ ਨੇ ਉਕਤ ਕਮੇਟੀ ਮੈਂਬਰਾਂ ਨੂੰ ਕਿਹਾ ਕਿ ਉਹ ਕੋਸ਼ਿਸ਼ ਕਰਨ ਕਿ ਹਦਾਇਤਾਂ ਦੀ ਪਾਲਣਾ ਕਰਦਿਆਂ ਜ਼ੋਨਾਂ ਦਾ ਦਾਇਰਾ ਘੱਟ ਤੋਂ ਘੱਟ ਰੱਖਿਆ ਜਾਵੇ ਤਾਂ ਜੋ ਇਨਾਂ ਜ਼ੋਨਾਂ ਵਿੱਚ ਲਗਾਈਆਂ ਜਾਣ ਵਾਲੀਆਂ ਬੰਦਿਸ਼ਾਂ ਕਾਰਨ ਜਿਆਦਾ ਲੋਕਾਂ ਨੂੰ ਪ੍ਰਭਾਵਿਤ ਨਾ ਹੋਣਾ ਪਵੇ। ਉਨਾਂ ਦੱਸਿਆ ਕਿ ਲੁਧਿਆਣਾ ਪੁਲਿਸ ਵੱਲੋਂ ਉਨਾਂ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ, ਜੋ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰ ਰਹੇ ਹਨ। ਉਨਾਂ ਦੱਸਿਆ ਕਿ ਹੋਟਲ, ਰੇਸਤਰਾਂ ਅਤੇ ਹੋਰ ਖਾਣ ਪੀਣ ਨਾਲ ਸੰਬੰਧਤ ਸਥਾਨਾਂ ਦੀ ਹੁਣ ਅਚਨਚੇਤ ਚੈਕਿੰਗ ਕੀਤੀ ਜਾਵੇਗੀ ਕਿ ਉਥੇ ਹਦਾਇਤਾਂ ਦੀ ਪਾਲਣਾ ਹੋ ਰਹੀ ਹੈ ਕਿ ਨਹੀਂ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਚੈਕਿੰਗ ਲਈ ਆਬਕਾਰੀ ਵਿਭਾਗ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਦੀਆਂ ਸਾਂਝੀਆਂ ਟੀਮਾਂ ਬਣਾਈਆਂ ਜਾਣਗੀਆਂ। ਇਸੇ ਤਰਾਂ ਬੱਸਾਂ ਅਤੇ ਆਟੋਰਿਕਸ਼ਾ ਵਾਲਿਆਂ ਦੀ ਵੀ ਜਾਂਚ ਕੀਤੀ ਜਾਇਆ ਕਰੇਗੀ।ਡਿਪਟੀ ਕਮਿਸ਼ਨਰ ਸ੍ਰੀ ਸ਼ਰਮਾ ਨੇ ਦੱਸਿਆ ਕਿ ਹੁਣ ਤੱਕ ਘੋਸ਼ਿਤ ਕੀਤੇ ਗਏ ਮਾਈਕਰੋਕੰਟੇਨਮੈਂਟ ਜ਼ੋਨਾਂ ਵਿੱਚ ਨਿਊ ਮਾਡਲ ਟਾਊਨ (ਧਮੀਜਾ ਮੈਡੀਕਲ ਦੇ ਪਿੱਛੇ ਗਲੀ ਨੰਬਰ 1,2 ਅਤੇ 3), ਨਿਊ ਜਨਤਾ ਨਗਰ (ਅਰੋੜਾ ਪੈਲੇਸ ਦੇ ਸਾਹਮਣੇ ਗਲੀ ਨੰਬਰ 1,2 ਅਤੇ 3) ਅਤੇ ਭਾਮੀਆ ਖੁਰਦ (ਕ੍ਰਿਸ਼ਨਾ ਕਲੋਨੀ ਗਲੀ ਨੰਬਰ 1 ਤੋਂ 4) ਸ਼ਾਮਿਲ ਹਨ। ਇਨਾਂ ਤਿੰਨਾਂ ਜ਼ੋਨਾਂ ਵਿੱਚ ਕਰਮਵਾਰ 5, 11 ਅਤੇ 11 ਮਰੀਜ਼ ਪਾਜ਼ੀਟਿਵ ਸਾਹਮਣੇ ਆ ਚੁੱਕੇ ਹਨ। ਇਨਾਂ ਸਾਰੇ ਇਲਾਕਿਆਂ ਨੂੰ ਸੀਲ ਕਰਕੇ ਸੰਬੰਧਤ ਵਿਭਾਗਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

60610cookie-checkਕੰਟੇਂਨਮੈਂਟ ਜ਼ੋਨਾਂ ਵਿੱਚ ਲੋੜੀਂਦੇ ਪ੍ਰਬੰਧਾਂ ਬਾਰੇ ਸਮੀਖਿਆ ਮੀਟਿੰਗ, ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾਵੇ, ਸੂਚੀ ਪੁਲਿਸ ਵਿਭਾਗ ਦੇਵੇਗਾ-ਡਿਪਟੀ ਕਮਿਸ਼ਨਰ
error: Content is protected !!