December 3, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ਼, 31 ਜਨਵਰੀ (ਪ੍ਰਦੀਪ ਸ਼ਰਮਾ): ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਵਿਸ਼ੇਸ਼ ਸੱਦੇ “ਵਿਸ਼ਵਾਸਘਾਤ ਦਿਵਸ” ਦੇ ਤਹਿਤ ਅੱਜ ਪੂਰੇ ਦੇਸ਼ਭਰ ਵਿੱਚ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਵੱਲ਼ੋਂ ਕੇਂਦਰ ਸਰਕਾਰ ਖਿਲਾਫ ਪਿੱਟ ਸਿਆਪਾ ਕਰਦੇ ਮੋਦੀ ਸਰਕਾਰ ਦੀ ਅਰਥੀ ਫੂਕ ਸੰਬੰਧਿਤ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਗਏ। ਇਸ ਮੌਕੇ ਉਕਤ ਸੱਦੇ ਦੇ ਮੱਦੇਨਜ਼ਰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਅਤੇ ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਵੱਲ਼ੋਂ ਬਲਾਕ ਫੂਲ਼ ਵਿਖੇ ਇਕੱਠੇ ਹੋਕੇ ਐਸਡੀਐਮ ਦਫਤਰ ਫੂਲ਼ ਅੱਗੇ ਰੋਸ਼ ਮੁਜਾਹਰਾ ਕਰਨ ਮਗਰੋਂ ਤਹਿਸੀਲਦਾਰ ਫੂਲ਼ ਅਮਰਜੀਤ ਸਿੰਘ ਨੂੰ ਦੇਸ਼ ਦੇ ਰਾਸ਼ਟਰਪਤੀ ਨਾਮ ਆਪਣਾ ਮੰਗ ਪੱਤਰ ਸੌਂਪਿਆ ਗਿਆ।

ਰੋਸ਼ ਮੁਜਾਹਰੇ ਦੌਰਾਨ ਸੰਬੋਧਨ ਕਰਦੇ ਸੂਬਾ ਕਮੇਟੀ ਆਗੂ ਬਲਵੰਤ ਮਹਿਰਾਜ ਨੇ ਕਿਹਾ ਕਿ ਬੀਤੇ ਸਾਲ 9 ਦਸੰਬਰ ਵਾਲੇ ਦਿਨ ਖੇਤੀਬਾੜੀ ਤੇ ਕਿਸਾਨ ਕਲਿਆਣ ਵਿਭਾਗ ਵੱਲ਼ੋਂ ਇਕ ਪੱਤਰ ਸੰਯੁਕਤ ਕਿਸਾਨ ਮੋਰਚੇ ਨੂੰ ਭੇਜਿਆ ਜਾਂਦਾ ਹੈ ਜਿਸ ਵਿਚ ਬਾਕੀ ਰਹਿੰਦੀਆਂ 6 ਮੰਗਾਂ ਉੱਪਰ ਆਪਣੀ ਸਹਿਮਤੀ ਪ੍ਰਗਟ ਕਰਦੇ ਹੋਏ ਦਿੱਲੀ ਤੋਂ ਕਿਸਾਨ ਅੰਦੋਲਨ ਨੂੰ ਸਮਾਪਤ ਕਰਨ ਦੀ ਅਪੀਲ ਕੀਤੀ ਗਈ ਸੀ ਜਿਸ ਤੇ ਬਾਅਦ ਚ ਸੰਯੁਕਤ ਕਿਸਾਨ ਮੋਰਚੇ ਨੇ ਆਪਣੇ ਅੰਦੋਲਨ ਨੂੰ ਹਮੇਸ਼ਾ ਲਈ ਚੁੱਕਣ ਦੀ ਬਜਾਏ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਕਿਓਂਕਿ ਕਿਸਾਨਾਂ ਨੂੰ ਸਰਕਾਰ ਉੱਪਰ ਕੋਈ ਪੱਕਾ ਭਰੋਸਾ ਨਹੀਂ ਸੀ ਜਿਸ ਕਰਕੇ ਇਹ ਅੰਦੋਲਨ ਨੂੰ ਮੁਲਤਵੀ ਹੀ ਕੀਤਾ ਗਿਆ ਸੀ।
ਓਹਨਾ ਕਿਹਾ ਕਿ ਉਸ ਚਿੱਠੀ ਵਿਚ ਸਰਕਾਰ ਨੇ ਕਿਸਾਨਾਂ ਉੱਪਰ ਦਰਜ ਮਾਮਲੇ ਰੱਦ ਕਰਨ, ਸ਼ਹੀਦ ਹੋਏ ਕਿਸਾਨਾਂ ਨੂੰ ਮੁਆਵਜੇ ਦੇਣ ਸੰਬੰਧੀ, ਐਮਐਸਪੀ ਨੂੰ ਲੈਕੇ ਇਕ ਕਮੇਟੀ ਦਾ ਗਠਨ ਹੋਵੇਗਾ ਜਿਸ ਵਿਚ ਕੇਂਦਰ ਸਰਕਾਰ, ਸੂਬਾ ਸਰਕਾਰਾਂ ਦੇ ਮੈਂਬਰ, ਕਿਸਾਨ ਸੰਗਠਨਾਂ ਦੇ ਆਗੂ, ਖੇਤੀਬਾੜੀ ਮਾਹਰ ਵਿਗਿਆਨੀ ਸਮੇਤ ਐਸਕੇਐਮ ਦੇ ਆਗੂਆਂ ਨੂੰ ਲੈਕੇ ਖਾਸ ਚਰਚਾ ਹੋਵੇਗੀ, ਬਿਜਲੀ ਸੋਧ ਐਕਟ ਵਿਚ ਸੁਧਾਰ ਕਰਨ ਲਈ ਸਟੇਕਹੋਲਡਰਸ ਤੇ ਐਸਕੇਐਮ ਨਾਲ ਚਰਚਾ ਮਗਰੋਂ ਹੀ ਬਿੱਲ ਨੂੰ ਸੰਸਦ ਵਿਚ ਪਾਸ ਕਰਨ ਬਾਰੇ ਤੇ ਪਰਾਲੀ ਦੇ ਮੁੱਦੇ ਨੂੰ ਲੈਕੇ ਉਸ ਐਕਟ ਦੀ ਧਾਰਾ 14 ਤੇ 15 ਵਿਚ ਕਿਸਾਨ ਨੂੰ ਕ੍ਰਿਮੀਨਲ ਲਾਈਬਿਲਟੀ ਚੋਂ ਮੁਕਤੀ ਦੇਣ ਸੰਬੰਧੀ ਸਹਿਮਤੀ ਪ੍ਰਗਟਾਈ ਸੀ ਪਰ ਹਲੇ ਤੱਕ ਇਕ ਵੀ ਮੰਗ ਨਹੀਂ ਮੰਨੀ ਗਈ ਤੇ ਨਾ ਹੀ ਕੋਈ ਕਮੇਟੀ ਬਣਾਈ ਗਈ। ਕਿਹਾ ਕਿ ਲਖੀਮਪੁਰ ਖੀਰੀ ਵਿਚ ਹੋਏ ਕਾਂਡ ਨੂੰ ਲੈਕੇ ਦੋਸ਼ੀ ਹਲੇ ਤੱਕ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤੇ ਜਦੋਂਕੀ ਐਸਆਈਟੀ ਨੇ ਵੀ ਇਸਨੂੰ ਸਾਜਿਸ਼ ਕਰਾਰ ਦੇ ਦਿੱਤਾ ਹੈ ਪਰ ਉਕਤ ਹਾਦਸੇ ਨੂੰ ਲੈਕੇ ਸਰਕਾਰ ਦੋਸ਼ੀਆਂ ਉੱਪਰ ਕਾਰਵਾਈ ਕਰਨ ਦੀ ਬਜਾਏ ਉਲਟਾ ਕਿਸਾਨਾਂ ਨੂੰ ਹੀ ਫੜ ਕੇ ਅੰਦਰ ਕਰ ਰਹੀ ਹੈ।
ਇਸ ਮੌਕੇ ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਆਗੂ ਕੁਲਵੰਤ ਸਿੰਘ ਸੇਲਬਰਾਹ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਨੇ ਹਮੇਸ਼ਾ ਹੀ ਕਿਰਤੀ ਵਰਗਾਂ ਨੂੰ ਲੁੱਟਣ ਵਾਲੀਆਂ ਨੀਤੀਆਂ ਹੀ ਘੜੀਆਂ ਹਨ ਜਿਸ ਨਾਲ ਹਰ ਵਰਗ ਨੂੰ ਆਪਣਾ ਗੁਜ਼ਾਰਾ ਕਰਨਾ ਔਖਾ ਹੋਇਆ ਪਿਆ ਹੈ। ਓਹਨਾ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਵੋਟਾਂ ਪਾਕੇ ਵੀ ਦੇਖਲਿਆ ਪਰ ਲੋਕਤੰਤਰ ਨੂੰ ਸਿਆਸੀ ਲੀਡਰ ਰੂਪੀ ਚੁੰਮਬੜੀਆਂ ਜੋਕਾਂ ਤੋਂ ਛੁਡਵਾਉਣ ਲਈ ਸਾਨੂੰ ਵੋਟ ਬਾਈਕਾਟ ਕਰਨ ਦੀ ਅਹਿਮ ਲੋੜ ਹੈ ਤੇ ਇਸੇ ਵਿਧੀ ਰਾਹੀਂ ਹੀਂ ਅਸੀਂ ਕਿਰਤੀ ਲੋਕਾਂ ਦੀ ਹੁੰਦੀ ਲੁੱਟ ਨੂੰ ਰੋਕ ਸਕਦੇ ਹਾਂ ਤੇ ਇਕ ਚੰਗੇ ਸਮਾਜ ਨੂੰ ਉਸਾਰ ਸਕਦੇ ਹਾਂ।
ਇਸ ਦੌਰਾਨ ਉਕਤ “ਵਿਸ਼ਵਾਸਘਾਤ” ਦਿਵਸ ਮੌਕੇ ਜ਼ਿਲਾ ਪ੍ਰਧਾਨ ਪੁਰਸ਼ੋਤਮ ਮਹਿਰਾਜ ਨੇ ਆਪਣੇ ਸੰਬੋਧਨ ਰਾਹੀਂ ਇਸਨੂੰ ਸਮਾਪਤੀ ਦੇ ਪੜਾਅ ਵੱਲ ਲਿਜਾਇਆ ਗਿਆ ਤੇ ਫੂਲ਼ ਕਚਹਿਰੀ ਦੇ ਮੁੱਖ ਗੇਟ ਉੱਪਰ ਪੀਐਮ ਮੋਦੀ ਦਾ ਪੁਤਲਾ ਫੂਕ ਕੇ ਕਿਸਾਨਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਰਮਜੀਤ ਜੇਈ ਜ਼ਿਲਾ ਖਜਾਨਚੀ, ਦਰਸ਼ਨ ਢਿਲੋਂ ਪ੍ਰਧਾਨ ਫੂਲ਼ ਬਲਾਕ, ਕੁਲਦੀਪ ਮਹਿਰਾਜ ਮਜਦੂਰ ਆਗੂ, ਗੁਰਪ੍ਰੀਤ ਭਗਤਾ ਜ਼ਿਲਾ ਜਨਰਲ ਸਕੱਤਰ ਆਦਿ ਨੇ ਵੱਡੀ ਗਿਣਤੀ ਚ ਮੌਜੂਦ ਕਿਸਾਨਾਂ ਨੂੰ ਸੰਬੋਧਨ ਕੀਤਾ ਤੇ ਸਟੇਜ ਦੀ ਕਾਰਵਾਈ ਰਣਜੀਤ ਸਿੰਘ ਮੰਡੀ ਕਲਾਂ ਰਾਮਪੁਰਾ ਬਲਾਕ ਜਨਰਲ ਸਕੱਤਰ ਨੇ ਨਿਭਾਈ।
103180cookie-checkਵਿਸ਼ਵਾਸਘਾਤ ਦਿਵਸ ਦੇ ਮੱਦੇਨਜ਼ਰ ਬੀਕੇਯੂ ਕ੍ਰਾਂਤੀਕਾਰੀ ਪੰਜਾਬ ਤੇ ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਵੱਲ਼ੋਂ ਕੀਤਾ ਗਿਆ ਮੁਜਾਹਰਾ
error: Content is protected !!