ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 6 ਜਨਵਰੀ (ਪਰਦੀਪ ਸ਼ਰਮਾ):ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਸੂਬਾ ਜਥੇਬੰਦਕ ਸਕੱਤਰ ਹੁਸ਼ਿਆਰ ਸਿੰਘ ਤੇ ਸੂਬਾਈ ਆਗੂ ਅਮਿਤੋਜ ਮੌੜ ਵੱਲੋਂ ਪੰਜਾਬ ਸਰਕਾਰ ਵੱਲੋਂ ਕਰੋਨਾ ਕੇਸਾਂ ਦੀ ਗਿਣਤੀ ‘ਚ ਹੋ ਰਹੇ ਵਾਧੇ ਦੇ ਮੱਦੇਨਜ਼ਰ ਵਿੱਦਿਅਕ ਸੰਸਥਾਵਾਂ ਨੂੰ 15 ਜਨਵਰੀ ਤੱਕ ਬੰਦ ਰੱਖਣ ਦੇ ਕੀਤੇ ਫੈਸਲੇ ਦੀ ਸਖਤ ਨਿੰਦਿਆ ਕੀਤੀ ਹੈ ਅਤੇ ਇਸ ਫੈਂਸਲੇ ਨੂੰ ਸਿੱਖਿਆ ਦੇ ਨਿੱਜੀਕਰਨ ਦੀ ਸਾਜਿਸ਼ ਦੱਸਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇੱਕ ਪਾਸੇ ਤਾਂ ਕੋਰੋਨਾ ਕਾਰਨ ਹਾਲਾਤ ਨਾਜ਼ੁਕ ਹੋਣ ਤੇ ਮੌਤਾਂ ਤੇ ਕੇਸਾਂ ਦੀ ਗਿਣਤੀ ਲਗਾਤਾਰ ਵਧਣ ਦੀ ਦੁਹਾਈ ਪਾਈ ਜਾ ਰਹੀ ਹੈ ਅਤੇ ਦੂਜੇ ਪਾਸੇ ਆਉਂਦੇ ਦਿਨਾਂ ‘ਚ ਪੰਜਾਬ ‘ਚ ਹੋਣ ਜਾ ਰਹੀਆਂ ਚੋਣਾਂ ਦੇ ਮੱਦੇਨਜ਼ਰ ਸਿਆਸੀ ਆਗੂ ਵੱਡੀਆਂ ਰੈਲੀਆਂ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਰੋਨਾ ਦੀ ਆਡ਼ ‘ਚ ਵਿੱਦਿਅਕ ਸੰਸਥਾਵਾਂ ਨੂੰ ਬੰਦ ਕਰਕੇ ਨਵੀਂ ਸਿੱਖਿਆ ਨੀਤੀ ਤੇ ਆਨਲਾਈਨ ਸਿੱਖਿਆ ਦਾ ਏਜੰਡਾ ਲਾਗੂ ਕਰਨਾ ਚਾਹੁੰਦੀ ਹੈ। ਇਸ ਨੂੰ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ।
ਸਰਕਾਰ ਆਨਲਾਈਨ ਸਿੱਖਿਆ ਨੂੰ ਕਲਾਸਰੂਮ ਸਿੱਖਿਆ ਦੇ ਬਦਲ ਵਜੋਂ ਪ੍ਰਚਾਰ ਰਹੀ ਹੈ ਪਰੰਤੂ ਆਨਲਾਈਨ ਸਿੱਖਿਆ ਵਿਗਿਆਨਕ ਤੌਰ ‘ਤੇ ਕਦੇ ਵੀ ਕਲਾਸਰੂਮ ਸਿੱਖਿਆ ਦਾ ਬਦਲ ਨਹੀਂ ਬਣ ਸਕਦੀ।ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਮੁਲਕ ‘ਚ ਲਾਈਆਂ ਪਾਬੰਦੀਆਂ ਨੇ ਸਿੱਧ ਕੀਤਾ ਹੈ ਕਿ ਪਾਬੰਦੀਆਂ ਕਰੋਨਾ ਦਾ ਹੱਲ ਨਹੀਂ ਹਨ ਬਲਕਿ ਸਮਾਜਿਕ ਸੂਝ ਦੇ ਪਸਾਰੇ ਦੀ ਲੋੜ ਹੈ ਜਿਸਦੇ ਲਈ ਯੂਨੀਵਰਸਿਟੀਆਂ ਤੇ ਕਾਲਜਾਂ ‘ਚ ਪੜਦੇ ਨੌਜਵਾਨ ਚੰਗਾ ਰੋਲ ਨਿਭਾ ਸਕਦੇ ਹਨ।ਉਨ੍ਹਾਂ ਪੰਜਾਬ ਸਰਕਾਰ ਵੱਲੋਂ ਵਿੱਦਿਅਕ ਸੰਸਥਾਵਾਂ ਨੂੰ ਬੰਦ ਕਰਨ ਦੇ ਫੈਂਸਲੇ ਨੂੰ ਵਿਦਿਆਰਥੀ ਵਿਰੋਧੀ ਕਰਾਰ ਦਿੰਦਿਆਂ ਮੰਗ ਕੀਤੀ ਕਿ ਵਿੱਦਿਅਕ ਸੰਸਥਾਵਾਂ ਨੂੰ ਵਿਦਿਆਰਥੀਆਂ ਲਈ ਤੁਰੰਤ ਖੋਲਿਆ ਜਾਵੇ।
988100cookie-checkਵਿੱਦਿਅਕ ਸੰਸਥਾਵਾਂ ਨੂੰ ਬੰਦ ਕਰਨ ਦਾ ਫੈਂਸਲਾ ਸਿੱਖਿਆ ਦੇ ਨਿੱਜੀਕਰਨ ਦੀ ਸਾਜਿਸ਼ ਦਾ ਹਿੱਸਾ — ਪੀ ਐੱਸ ਯੂ (ਸ਼ਹੀਦ ਰੰਧਾਵਾ)