ਚੜ੍ਹਤ ਪੰਜਾਬ ਦੀ
ਬਠਿੰਡਾ 23 ਅਪ੍ਰੈਲ(ਪ੍ਰਦੀਪ ਸ਼ਰਮਾ): ਜਿੱਥੇ ਕੇਂਦਰ ਦੀ ਮੋਦੀ ਸਰਕਾਰ ਆਮ ਲੋਕਾਂ ਤੋਂ ਸਿੱਖਿਆ ਨੂੰ ਵਧੀਆ ਸਮਾਜ ਸਿਰਜਣ ਦੀ ਥਾਂ ਸਿੱਖਿਆ ਦਾ ਹੀ ਭਗਵਾਂਕਰਨ ਕਰਨ ਦੇ ਰਾਹ ਤੁਰੀ ਹੋਈ ਹੈ, ਉਥੇ ਦੂਜੇ ਪਾਸੇ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਕੇਂਦਰ ਦੇ ਇਸ਼ਾਰੇ ‘ਤੇ ਯੂਨੀਵਰਸਿਟੀਆਂ ਚੋੰ ਖੋਜਾਂ ਦਾ ਕੰਮ ਖਤਮ ਕਰਕੇ ਸਿਰਫ਼ ਵਪਾਰਕ ਅਦਾਰਾ ਬਣਾਉਣ ਲਈ ਬੜੀ ਤੇਜ਼ੀ ਨਾਲ ਕੰਮ ਕਰ ਰਹੇ ਹਨ,ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦਲ ਖ਼ਾਲਸਾ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬੀ ਮਾਂ ਬੋਲੀ ਦੇ ਨਾਂ ਤੇ ਬਣੀ ਹੋਈ ਇੱਕੋ ਇੱਕ ਪੰਜਾਬੀ ਯੂਨੀਵਰਸਿਟੀ ਵਿਚ ਕਈ ਸਿੱਖਿਆ ਅਦਾਰਿਆਂ ਨੂੰ ਖ਼ਤਮ ਕਰਕੇ ਮਰਜ਼ ਕਰਨ ਦੀ ਸਾਜਿਸ਼ ਨਾਲ ਪੰਜਾਬ ਦੇ ਵਿਦਿਆਰਥੀਆਂ ਦਾ ਨੁਕਸਾਨ ਕੀਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਖੋਜ ਵਾਲੇ ਕੋਰਸ ਐਮਫਿਲ ਬੰਦ ਕਰਨ ਪਿੱਛੇ ਵੀ ਮਨਸ਼ਾ ਇਹੀ ਹੈ ਕਿ ਨੌਜਵਾਨਾਂ ਨੂੰ ਵੱਖ-ਵੱਖ ਵਿਸ਼ਿਆਂ ਦੇ ਮਾਹਰ ਬਣਨ ਦੀ ਥਾਂ ਸਿਰਫ਼ ਨਿੱਜੀ ਘਰਾਣਿਆਂ ਦਾ ਰੀਬੋਟ ਬਣਾਇਆ ਜਾਵੇ।ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਪਹਿਲਾਂ ਪੰਜਾਬ ਦੇ ਕਈ ਕਾਲਜਾਂ ਨੂੰ ਬੰਦ ਕਰ ਦਿੱਤਾ ਗਿਆ, ਜਿਸ ਕਰਕੇ ਨੌਜਵਾਨਾਂ ਨੂੰ ਨਿੱਜੀ ਅਦਾਰਿਆਂ ਵਿੱਚ ਆਪਣੀ ਲੁੱਟ ਕਰਵਾਉਣੀ ਪੈ ਰਹੀ ਹੈ।
ਬਾਬਾ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਕਿ ਸਾਲ 2020 ‘ਚ ਆਈ ਕੇਂਦਰ ਦੀ ਸਿੱਖਿਆ ਨੀਤੀ ਬਿਲਕੁਲ ਸਿੱਖਿਆ ਨੂੰ ਤਬਾਹ ਕਰਨ ਲਈ ਲਿਆਂਦੀ ਗਈ ਸੀ ਤਾਂ ਜੋ ਇਹ ਸਿੱਖਿਆ ਆਮ ਲੋਕਾਂ ਤੋਂ ਦੂਰ ਕਰਕੇ ਸਿਰਫ ਨਿੱਜੀ ਘਰਾਣਿਆਂ ਦੀ ਮੁੱਠੀ ਵਿੱਚ ਬੰਦ ਹੋ ਜਾਵੇ।ਉਨ੍ਹਾਂ ਇਹ ਵੀ ਕਿਹਾ ਕਿ ਕਾਲਜਾਂ ਦੇ ਵਿਚ “ਸੈੱਲਫ ਫਾਇਨਾਸ” ਜ਼ਰੀਏ ਕੋਰਸ ਚਲਵਾ ਕੇ ਆਮ ਘਰਾਂ ਦੇ ਵਿਦਿਆਰਥੀਆਂ ਤੋਂ ਮੋਟੀ ਫੀਸ ਲਈ ਜਾਂਦੀ ਹੈ।ਇਸ ਨਾਲ ਜਿਥੇ ਸਰਕਾਰੀ ਅਦਾਰਿਆਂ ਵਿੱਚ ਨਿੱਜੀਕਰਨ ਵਿਚ ਵਾਧਾ ਹੋ ਰਿਹਾ ਹੈ, ਉਥੇ ਹੀ ਵਿਦਿਆਰਥੀਆਂ ਦੀ ਸ਼ਰ੍ਹੇਆਮ ਲੁੱਟ ਕੇ ਭਵਿੱਖ ਧੁੰਦਲਾ ਕੀਤਾ ਜਾ ਰਿਹਾ ਹੈ।
1157800cookie-checkਉੱਚ ਸਿੱਖਿਆ ਨੂੰ ਨੁੱਕਰੇ ਲਾਉਣ ਲਈ ਕੇਂਦਰ ਸਰਕਾਰ ਤੇ ਯੂਨੀਵਰਸਿਟੀ ਕਮਿਸ਼ਨ ਰਚ ਰਿਹਾ ਸਾਜਿਸ਼ਾਂ : ਬਾਬਾ ਹਰਦੀਪ ਸਿੰਘ ਮਹਿਰਾਜ