ਚੜ੍ਹਤ ਪੰਜਾਬ ਦੀ
ਲੁਧਿਆਣਾ,(ਸਤ ਪਾਲ ਸੋਨੀ ) : ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ ) ਲੁਧਿਆਣਾ ਸ਼ਹਿਰੀ ਦੀ ਕਾਨਫਰੰਸ ਅੱਜ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਕਾਮਰੇਡ ਨਵਲ ਛਿੱਬੜ ਐਡਵੋਕੇਟ, ਕਾ: ਕੁਲਵੰਤ ਕੌਰ ਤੇ ਡਾ: ਵਿਨੋਦ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਲੁਧਿਆਣਾ ਸ਼ਹਿਰ ਦੀਆਂ ਵੱਖ ਵੱਖ ਬ੍ਰਾਂਚਾਂ ਵਿੱਚੋਂ ਚੁਣ ਕੇ ਆਏ ਡੈਲੀਗੇਟਾਂ ਨੇ ਹਿੱਸਾ ਲਿਆ । ਕਾਨਫ਼੍ਰੰਸ ਵਿਚ ਸਰਬ ਸੰਮਤੀ ਨਾਲ ਕਾ: ਐਮ ਐਸ ਭਾਟੀਆ ਨੂੰ ਨਵਾਂ ਸਕੱਤਰ ਅਤੇ ਕਾ: ਵਿਜੇ ਕੁਮਾਰ, ਕਾ: ਕੁਲਵੰਤ ਕੌਰ ਅਤੇ ਡਾ: ਵਿਨੋਦ ਕੁਮਾਰ ਨੂੰ ਸਹਾਇਕ ਸਕੱਤਰ ਚੁਣਿਆ ਗਿਆ। ਕਾਨਫ਼੍ਰੰਸ ਵਿਚ ਮਹਿੰਗਾਈ ਤੇ ਫ਼ਿਰਕਾਪ੍ਰਸਤੀ ਦੇ ਵਿਰੁੱਧ ਅਤੇ ਨਗਰ ਦੇ ਮਸਲਿਆਂ ਦੇ ਹਲ ਲਈ ਸੰਘਰਸ਼ ਦਾ ਸੱਦਾ ਦਿੱਤਾ। ਆਉਂਦੇ ਦਿਨਾਂ ਵਿੱਚ ਪਾਰਟੀ ਵੱਲੋਂ ਉਪਰੋਕਤ ਮੁੱਦਿਆਂ ਤੇ ਲੋਕ ਸੰਪਰਕ ਪਰੋਗਰਾਮ ਛੇਤੀ ਹੀ ਦਿੱਤਾ ਜਾਵੇਗਾ।
ਕਾਨਫ਼੍ਰੰਸ ਵਿਚ ਦਿੱਤਾ ਮਹਿੰਗਾਈ ਅਤੇ ਫ਼ਿਰਕਾਪ੍ਰਸਤੀ ਦੇ ਵਿਰੁੱਧ ਸੰਘਰਸ਼ ਦਾ ਸੱਦਾ
ਪਾਰਟੀ ਦੇ ਸ਼ਹਿਰੀ ਸਕੱਤਰ ਕਾਮਰੇਡ ਰਮੇਸ਼ ਰਤਨ ਨੇ ਪਿਛਲੇ ਚਾਰ ਸਾਲਾਂ ਦੀ ਰਿਪੋਰਟ ਪੇਸ਼ ਕੀਤੀ ਜਿਸ ਵਿਚ ਦੇਸ਼ ਦਾ ਰਾਜਨੀਤਕ , ਸਮਾਜਕ ਅਤੇ ਆਰਥਿਕ ਦਿ੍ਰਸ਼ ਪੇਸ਼ ਕੀਤਾ ਗਿਆ । ਇਸ ਸਮੇਂ ਦੌਰਾਨ ਪਾਰਟੀ ਵੱਲੋਂ ਕੀਤੇ ਗਏ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ ਗਈ । ਇਸ ਤੋਂ ਪਹਿਲਾਂ ਕਾਨਫਰੰਸ ਦਾ ਉਦਘਾਟਣ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾ: ਡੀ ਪੀ ਮੌੜ ਨੇ ਕੀਤਾ ਜਿਨ੍ਹਾਂ ਨੇ ਕਿਹਾ ਕਿ ਦੇਸ਼ ਦੇ ਹਾਲਾਤ ਇਸ ਵੇਲੇ ਬਹੁਤ ਖ਼ਤਰਨਾਕ ਮੋੜ ਤੇ ਹਨ। ਸੱਤਾ ਤੇ ਕਾਬਜ਼ ਆਰ ਐੱਸ ਐੱਸ ਦੀ ਥਾਪੜੀ ਮੋਦੀ ਸਰਕਾਰ ਲੋਕਾਂ ਦਾ ਧਿਆਨ ਵੱਧ ਰਹੀ ਮਹਿੰਗਾਈ ਅਤੇ ਬੇਰੁਜ਼ਗਾਰੀ ਅਤੇ ਡਿੱਗ ਰਹੀ ਆਰਥਿਕਤਾ ਤੋਂ ਹਟਾਉਣ ਲਈ ਹਿੰਦੂ ਮੁਸਲਿਮ ਫਿਰਕੂ ਗੱਲਾਂ ਕਰ ਰਹੀ ਹੈ ਅਤੇ ਮਸਜਿਦ ਮੰਦਰ ਦੇ ਝਗੜਿਆਂ ਵਿੱਚ ਬੇਰੁਜ਼ਗਾਰ ਨੌਜਵਾਨਾਂ ਨੂੰ ਉਕਸਾ ਕੇ ਦੰਗੇ ਕਰਵਾ ਰਹੀ ਹੈ ਅਤੇ ਨਿੱਤ ਘੱਟ ਗਿਣਤੀਆਂ ਅਤੇ ਪਿਛੜੇ ਵਰਗਾਂ ਨੂੰ ਦਬਾਇਉਣ ਦੀਆਂ ਸਾਜ਼ਿਸ਼ਾਂ ਰਚ ਰਹੀ ਹੈ।
ਥੋਕ ਮਹਿੰਗਾਈ ਅੰਕ ਪਿਛਲੇ ਤੇਰਾਂ ਮਹੀਨੇ ਤੋਂ ਦੋ ਅੰਕਾਂ ਵਿਚ ਹੈ ਤੇ ਹੁਣ ਇਹ 15.09 ਹੈ ਜੋ ਕਿ ਪਿਛਲੇ ਪੱਚੀ ਸਾਲ ਵਿੱਚ ਸਭ ਤੋਂ ਜ਼ਿਆਦਾ ਹੈ । ਇਸੇ ਤਰ੍ਹਾਂ ਪਰਚੂਨ ਮਹਿੰਗਾਈ ਅੱਜ ਪਿਛਲੇ 8 ਸਾਲਾਂ ਵਿੱਚ ਸਭ ਤੋਂ ਉਤਲੇ ਪੱਧਰ ਤੇ ਯਨੀ 7.79 ਫ਼ੀਸਦੀ ਤੇ ਪੁੱਜ ਗਈ ਹੈ।ਇਸ ਨਾਲ ਜਿੱਥੇ ਛੋਟੇ ਕਾਰਖਾਨੇਦਾਰ ਅਤੇ ਸਨਅਤਕਾਰ ਅਤੇ ਮੱਧਮ ਵਰਗ ‘ਤੇ ਤਾਂ ਮਾੜਾ ਅਸਰ ਪਵੇਗਾ ਹੀ ਪਰ ਸਭ ਤੋਂ ਮਾੜਾ ਹਾਲ ਦੇਸ਼ ਦੀ ਅਸੰਗਠਿਤ ਖੇਤਰ ਵਿਚ ਕੰਮ ਕਰਦੇ ਕਾਮਿਆਂ ਦਾ ਹੋਵੇਗਾ ਜਿਨ੍ਹਾਂ ਦੀ ਗਿਣਤੀ 94% ਹੈ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਵਧ ਰਹੀ ਮਹਿੰਗਾਈ ਦਾ ਮੁਆਵਜ਼ਾ ਨਹੀਂ ਮਿਲਦਾ। ਕਾਰਪੋਰੇਟ ਘਰਾਣੇ ਆਪਣੇ ਮੁਨਾਫ਼ੇ ਵਿੱਚ ਕਮੀ ਕਰਨ ਦੀ ਥਾਂ ਤੇ ਮਹਿੰਗਾਈ ਦਾ ਇਹ ਭਾਰ ਖਰੀਦਦਾਰ ਤੇ ਪਾ ਰਹੇ ਹਨ।
ਉਨ੍ਹਾਂ ਕਿਹਾ ਕਿ ਭੁਖਮਰੀ ਦੇ ਸੂਚਕ ਅੰਕ ਵਿੱਚ ਸਾਡਾ ਦੇਸ਼ 117 ਵਿਚੋਂ 102ਵੇਂ ਨੰਬਰ ਤੇ ਹੈ ਅਤੇ ਇਹ ਬੰਗਲਾ ਦੇਸ਼ ਨੇਪਾਲ ਅਤੇ ਹੋਰ ਗੁਆਂਢੀ ਦੇਸ਼ ਪਾਕਿਸਤਾਨ ਨਾਲੋਂ ਵੀ ਹੇਠਾਂ ਹੈ । ਸਿਹਤ ਸੇਵਾਵਾਂ ਤੇ ਖ਼ਰਚ ਕਰਨ ਕਰਕੇ ਲੋਕ ਗ਼ਰੀਬੀ ਰੇਖਾ ਤੋਂ ਥੱਲੇ ਆ ਰਹੇ ਹਨ । ਸਿੱਖਿਆ ਤੋਂ ਸਰਕਾਰ ਨੇ ਆਪਣਾ ਹੱਥ ਪਿੱਛੇ ਖਿੱਚ ਲਿਆ ਹੈ ਅਤੇ ਨਿੱਜੀ ਸੰਸਥਾਨਾਂ ਦੇ ਹਵਾਲੇ ਲੋਕਾਂ ਨੂੰ ਕੀਤਾ ਹੋਇਆ ਹੈ। ਜਨਤਕ ਖੇਤਰ ਦੇ ਮੁਨਾਫ਼ਾ ਕਮਾ ਰਹੇ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ । ਕਰੋਨਾ ਦੌਰਾਨ ਜਦੋਂ ਕਰੋੜਾਂ ਨੌਕਰੀਆਂ ਚਲੀਆਂ ਗਈਆਂ ਅਤੇ ਲੋਕਾਂ ਦੇ ਕਾਰੋਬਾਰ ਠੱਪ ਹੋ ਗਏ, ਲੋਕ ਬੇਕਾਰ ਹੋ ਗਏ ਉਸ ਸਮੇਂ ਵੀ ਕਾਰਪੋਰੇਟ ਘਰਾਣਿਆਂ ਦਾ ਮੁਨਾਫ਼ਾ ਕਈ ਗੁਣਾ ਵਧਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਆਜ਼ਾਦੀ ਦੇ ਅੰਦੋਲਨ ਵਿਚ ਜਿੱਥੇ ਦੇਸ਼ ਭਗਤਾਂ, ਗਦਰੀ ਬਾਬਿਆਂ , ਦੇਸ਼ ਭਗਤ ਲੋਕਾਂ ਅਤੇ ਕਮਿਊਨਿਸਟਾਂ ਨੇ ਅੰਗਰੇਜ਼ਾਂ ਦੇ ਖ਼ਿਲਾਫ਼ ਸੰਘਰਸ਼ ਕੀਤੇ ਉਥੇ ਆਰ ਐੱਸ ਐੱਸ ਅਤੇ ਹਿੰਦੂ ਮਹਾਂ ਸਭਾ ਦੇ ਆਗੂ ਸਾਵਰਕਰ ਅੰਗਰੇਜ਼ਾਂ ਤੋਂ ਮਾਫ਼ੀਆਂ ਮੰਗਦੇ ਰਹੇ ਤੇ ਨਾਲ ਮਿਲ ਕੇ ਕੰਮ ਕਰਦੇ ਰਹੇ। ਦੇਸ਼ ਦੇ ਸੰਵਿਧਾਨ ਨੂੰ ਬਦਲ ਕੇ ਇਹ ਸਰਕਾਰ ਮੰਨੂ ਸਮਰਿਤੀ ਲਿਆਉਣਾ ਚਾਹੁੰਦੀ ਹੈ ।
ਉਹਨਾਂ ਨੇ ਅੱਗੇ ਕਿਹਾ ਕਿ ਦੇਸ਼ ਦੇ 94 ਫ਼ੀਸਦੀ ਅਸੰਗਠਿਤ ਮਜ਼ਦੂਰਾਂ ਵਿੱਚੋਂ 50 ਫ਼ੀਸਦੀ ਪੇਂਡੂ ਖੇਤਰਾਂ ਵਿੱਚ ਕੰਮ ਕਰਦੇ ਹਨ, ਜਿਨ੍ਹਾਂ ਦੀ ਆਮਦਨ ਪਿਛਲੇ 7 ਸਾਲਾਂ ਵਿੱਚ 22 ਫ਼ੀਸਦੀ ਵਧੀ ਹੈ ਜਦਕਿ ਮਹਿੰਗਾਈ 50 ਫ਼ੀਸਦੀ ਵਧੀ ਹੈ। ਇਨ੍ਹਾਂ ਪਰਿਵਾਰਾਂ ਨੂੰ ਦੋ ਵਕਤ ਦਾ ਚੁੱਲ੍ਹਾ ਜਗਾਉਣਾ ਵੀ ਔਖਾ ਹੋਇਆ ਪਿਆ ਹੈ। ਪਾਰਟੀ ਦੇ ਕੌਮੀ ਕੌਂਸਲ ਮੈਂਬਰ ਡਾ: ਅਰੁਣ ਮਿੱਤਰਾ ਨੇ ਕਿਹਾ ਕਿ ਮਜ਼ਦੂਰਾਂ ਦੇ 44 ਕਾਨੂੰਨਾਂ ਨੂੰ ਤੋੜ ਕੇ ਸਰਕਾਰ ਚਾਰ ਲੇਬਰ ਕੋਡ ਲਿਆ ਰਹੀ ਹੈ ਜਿਸ ਨਾਲ ਹਾਸ਼ੀਏ ਤੇ ਆਏ ਮਜ਼ਦੂਰਾਂ ਦੀ ਹਾਲਤ ਹੋਰ ਵੀ ਪਤਲੀ ਹੋ ਜਾਵੇਗੀ ਅਤੇ ਜਿਉਣਾ ਵੀ ਔਖਾ ਹੋ ਜਾਵੇਗਾ । ਸਮਾਜਿਕ ਸੁਰੱਖਿਆ ਖਤਮ ਹੋ ਜਾਵੇਗੀ।ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਚਮਕੌਰ ਸਿੰਘ ਨੇ ਵੀ ਸੰਬੋਧਨ ਕੀਤਾ। ਮੁਹੰਮਦ ਸ਼ਫ਼ੀਕ ਨੇ ਇਨਕਲਾਬੀ ਕਲਾਮ ਪੇਸ਼ ਕੀਤੇ ਸੈਕਟਰੀ ਦੀ ਰਿਪੋਰਟ ਤੇ ਬੋਲਦਿਆਂ ਜਿੰਨਾ ਸਾਥੀਆਂ ਨੇ ਹਿੱਸਾ ਲਿਆ ਉਨ੍ਹਾਂ ਵਿੱਚ ਜੀਤ ਕੁਮਾਰੀ ,ਵਿਜੇ ਕੁਮਾਰ,ਅਜੀਤ ਜਵੱਦੀ, ਗੁਰਵੰਤ ਸਿੰਘ , ਅਰਜੁਨ ਪ੍ਰਸਾਦ, ਅਵਤਾਰ ਛਿੱਬੜ, ਸ਼ਾਮਿਲ ਸਨ।
#For any kind of News and advertisement contact us on 980-345-0601
1191200cookie-checkਕਾਮਰੇਡ ਐਮ.ਐਸ.ਭਾਟੀਆ ਚੁਣੇ ਗਏ ਭਾਰਤੀ ਕਮਿਊਨਿਸਟ ਪਾਾਰਟੀ (ਸੀ ਪੀ ਆਈ) ਲੁਧਿਆਣਾ ਸ਼ਹਿਰੀ ਦੇ ਨਵੇਂ ਸਕੱਤਰ