November 15, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ, 26 ਸਤੰਬਰ (ਸਤ ਪਾਲ ਸੋਨੀ/ਰਵੀ ਵਰਮਾ) -ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਭ੍ਰਿਸ਼ਟਾਚਾਰ ਵਿਚ ਡੁੱਬੇ ਕਾਂਗਰਸ ਦੇ ਸਾਰੇ ਮੰਤਰੀਆਂ ਨੁੰ ਆਖਿਆ ਕਿ ਅਗਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਬਣਨ ’ਤੇ ਉਹਨਾਂ ਦੇ ਗੁਨਾਹਾਂ ਦੀ ਪੜਤਾਲ ਲਈ ਵਿਸ਼ੇਸ਼ ਜਾਂਚ ਕਮਿਸ਼ਨ ਗਠਿਤ ਕੀਤਾ ਜਾਵੇਗਾ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਇਥੇ ਸ਼ਹਿਰ ਦੇ ਦੌਰੇ ’ਤੇ ਸਨ ਜਿਸ ਦੌਰਾਨ ਉਹਨਾਂ ਨੇ ਵੱਖ ਵੱਖ ਹਲਕਿਆਂ ਦਾ ਦੌਰਾ ਕੀਤਾ ਤੇ ਦਰੇਸੀ ਗਰਾਉਂਡ ਵਿਚ ਜੈਨ ਸਕੂਲ ਸਮੇਤ ਸ਼ੰਗਲਾਵਾਲਾ ਸ਼ਿਵਾਲਾ ਮੰਦਿਰ ਤੇ ਗਿਆਨ ਸਥਲ ਮੰਦਿਰ ਵਿਖੇ ਵੀ ਨਤਮਸਤਕ ਹੋਏ। ਉਹਨਾਂ ਨੇ ਪੱਛਮੀ ਹਲਕੇ ਵਿਚ ਵੀ ਵੱਖ ਵੱਖ ਥਾਵਾਂ ਦਾ ਦੌਰਾ ਕੀਤਾ ਤੇ ਮਾਡਲ ਟਾਊਨ ਵਿਚ ਨੀਰਜ ਸਤੀਜਾ ਵੱਲੋਂ ਕੀਤੇ ਪ੍ਰਬੰਧਾਂ ਤਹਿਤ ਉਦਯੋਗਪਤੀਆਂ ਤੇ ਡਾਕਟਰਾਂ ਦੇ ਨਾਲ ਨਾਲ ਆਤਮ ਨਗਰ ਦੇ ਲੋਕਾਂ ਨਾਲ ਵੀ ਮੁਲਾਕਾਤ ਕੀਤੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਇਹ ਨਾ ਸਮਝੇ ਕਿ ਕੁਝ ਭ੍ਰਿਸ਼ਟ ਮੰਤਰੀਆਂ ਨੂੰ ਬਾਹਰ ਕਰਨ ਨਾਲ ਉਸਦੇ ਦੇ ਗੁਨਾਹ ਧੋਤੇ ਜਾਣਗੇ ਤੇ ਕੈਬਨਿਟ ਦੇ ਬਾਕੀ ਸਾਥੀ ਦੁੱਧ ਧੋਤੇ ਹੋ ਜਾਣਗੇ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਅੱਜ ਸਾਰੀ ਕਾਂਗਰਸ ਪਾਰਟੀ ਹੀ ਭ੍ਰਿਸ਼ਟਾਚਾਰ ਵਿਚ ਡੁੱਬੀ ਹੈ। ਉਹਨਾਂ ਕਿਹਾ ਕਿ ਕਾਂਗਰਸ ਦੇ ਮੰਤਰੀਆਂ ਨੇ ਹਜ਼ਾਰਾਂ ਕਰੋੜਾਂ ਰੁਪਏ ਦੇ ਸੈਂਕਡਲ ਕਰਵਾਏ ਹਨ। ਉਹਨਾਂ ਕਿਹਾ ਕਿ ਉਹ ਪੰਜਾਬੀਆਂ ਨੂੰ ਭਰੋਸਾ ਦੁਆਉਂਦੇ ਹਨ ਕਿ ਸੂਬੇ ਵਿਚ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਬਣਨ ’ਤੇ ਭ੍ਰਿਸ਼ਟਾਚਾਰ ਦੇ ਇਹਨਾਂ ਸਾਰੇ ਮਾਮਲਿਆਂ ਦੀ ਵਿਸ਼ੇਸ਼ ਕਮਿਸ਼ਨ ਤੋਂ ਜਾਂਚ ਕਰਵਾਈ ਜਾਵੇਗੀ ਅਤੇ ਜੋ ਵੀ ਪੰਜਾਬੀਆਂ ਤੇ ਸੂਬੇ ਨੂੰ ਲੁੱਟਣ ਦੇ ਦੋਸ਼ੀ ਹੋਣਗੇ, ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਸਰਦਾਰ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਕਾਂਗਰਸ ਰਾਜਕਾਲ ਦੌਰਾਨ ਪਿਛਲੇ ਤਿੰਨ ਮਹੀਨਿਆਂ ਵਿਚ ਲਏ ਗਏ ਸਾਰੇ ਫੈਸਲਿਆਂ ਦੀ ਸਮੀਖਿਆ ਕਰੇਗੀ। ਉਹਨਾਂ ਕਿਹਾ ਕਿ ਕਾਂਗਰਸੀਆਂ ਜਾਂ ਉਹਨਾਂ ਦੇ ਨੇੜਲਿਆਂ ਨੂੰ ਅਮੀਰ ਬਣਾਉਣ ਵੱਲ ਸੇਧਤ ਸਾਰੇ ਫੈਸਲੇ ਰੱਦ ਕੀਤੇ ਜਾਣਗੇ।
ਕਾਂਗਰਸ ਪਾਰਟੀ ਨੂੰ ਕਿਹਾ ਕਿ ਉਹ ਮੁੱਖ ਮੰਤਰੀ ਦੇ ਦਫਤਰ ਦਾ ਸਨਮਾਨ ਕਰੇ ਤੇ ਚੰਨੀ ਨੂੰ ਰਬੜ ਦੀ ਮੋਹਰ ਵਾਂਗੂ ਨਾ ਵਰਤੇ
ਇਕ ਸਵਾਲ ਦੇ ਜਵਾਬ ਵਿਚ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਨੇ ਤਾਂ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਸੂਬੇ ਦਾ ਨਵਾਂ ਮੁੱਖ ਮੰਤਰੀ ਨਿਯੁਕਤ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਹਨਾਂ ਕਿਹਾ ਕਿ ਇਹ ਵੇਖ ਕੇ ਮਨ ਬਹੁਤ ਹੀ ਦੁਖੀ ਹੋ ਰਿਹਾ ਹੈ ਕਿ ਮੌਜੂਦਾ ਮੁੱਖ ਮੰਤਰੀ ’ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣਾ ਪਰਛਾਵਾਂ ਭਾਰੂ ਕਰ ਲਿਆ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਰਕਾਰ ਚਲਾਉਣ ਵਿਚ ਚੰਨੀ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਅਤੇ ਸਾਰੇ ਫੈਸਲੇ ਭਾਵੇਂ ਉਹ ਕੈਬਨਿਟ ਦੀ ਚੋਣ ਦਾ ਹੋਵੇ ਜਾਂ ਫਿਰ ਮੁੱਖ ਸਕੱਤਰ, ਸੂਬੇ ਦੇ ਪੁਲਿਸ ਮੁਖੀ ਜਾਂ ਐਡਵੋਕੇਟ ਜਨਰਲ ਦੀ ਚੋਣ ਦਾ, ਹੋਰ ਲੋਕਾਂ ਵੱਲੋਂ ਲਏ ਜਾ ਰਹੇ ਹਨ। ਉਹਨਾਂ ਕਿਹਾ ਕਿ ਚੰਨੀ ਦੇ ਸਾਹਮਣੇ ਫਾਈਲਾਂ ਸਿਰਫ ਉਹਨਾਂ ਦੇ ਹਸਤਾਖ਼ਰ ਵਾਸਤੇ ਪੇਸ਼ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਇਹ ਸਰਵਉਚ ਅਹੁਦੇ ਦਾ ਮਾਣ ਤੇ ਸਤਿਕਾਰ ਨਹੀਂ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੁੰ ਮੁੱਖ ਮੰਤਰੀ ਦੇ ਅਹੁਦੇ ਦਾ ਸਨਮਾਨ ਕਰਨਾ ਚਾਹੀਦਾ ਹੈ ਤੇ ਚੰਨੀ ਨੂੰ ਉਹਨਾਂ ਨੂੰ ਮਿਲੇ ਫਤਵੇ ਅਨੁਸਾਰ ਫੈਸਲੇ ਲੈਣ ਦੇਣੇ ਚਾਹੀਦੇ ਹਨ ਨਾ ਕਿ ਉਹਨਾਂ ਨੂੰ ਰੱਬੜ ਦੀ ਮੋਹਰ ਸਮਝਣਾ ਚਾਹੀਦਾ ਹੈ।
ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਅਨੇਕਾਂ ਭ੍ਰਿਸ਼ਟ ਮੰਤਰੀ ਹਾਲੇ ਵੀ ਕਾਂਗਰਸ ਸਰਕਾਰ ਦੀ ਵਜ਼ਾਰਤ ਦਾ ਹਿੱਸਾ ਹਨ। ਉਹਨਾਂ ਕਿਹਾ ਕਿ ਭਾਰਤ ਭੂਸ਼ਣ ਆਸ਼ੂ ਸੂਬੇ ਦੇ ਇਤਿਹਾਸ ਵਿਚ ਸਭ ਤੋਂ ਭ੍ਰਿਸ਼ਟ ਖੁਰਾਕ ਤੇ ਸਪਲਾਈ ਮੰਤਰੀ ਵਜੋਂ ਜਾਣਿਆ ਜਾਂਦਾ ਹੈ। ਉਹਨਾਂ ਕਿਹਾ ਕਿ ਸੂਬੇ ਦੇ ਬਾਹਰੋਂ ਕਣਕ ਦੀ ਖਰੀਦ ਵਿਚ ਘੁਟਾਲੇ ਤੋਂ ਇਲਾਵਾ ਮੰਤਰੀ ਨੇ ਸੂਬੇ ਵਿਚ ਅਨਾਜ ਗਾਇਬ ਹੋ ਜਾਣ ਦੀ ਵੀ ਪ੍ਰਧਾਨਗੀ ਕੀਤੀ ਹੈ। ਇਕੱਲੇ ਲੁਧਿਆਣਾ ਵਿਚ ਆਸ਼ੂ ਸਾਰੇ ਸਰਕਾਰੀ ਟੈਂਡਰ ਲੈਣ ਲਈ ਜਾਣਿਆ ਜਾਂਦਾ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਕਿਵੇਂ ਪਾਰਟੀ ਲੁਧਿਆਣਾ ਨੁੰ ਮੁੜ ਲੀਹ ’ਤੇ ਪਾਵੇਗੀ। ਉਹਨਾਂ ਕਿਹਾ ਕਿ ਸ਼ਹਿਰ ਜਿਸ ਵਿਚ ਅਕਾਲੀ ਦਲ ਦੀ ਅਗਵਾਈ ਵਾਲੀਆਂ ਸਰਕਾਰਾਂ ਸਮੇਂ ਤੇਜ਼ ਰਫਤਾਰ ਵਿਕਾਸ ਹੋਇਆ, ਵਿਚ ਹੁਣ ਕਾਂਗਰਸ ਰਾਜਕਾਲ ਦੌਰਾਨ ਕੰਮ ਠੱਪ ਹੋ ਗਿਆ ਹੈ ਤੇ ਬੁਨਿਆਦੀ ਕੰਮ ਵੀ ਠੱਪ ਹੋ ਕੇ ਰਹਿ ਗਏ ਹਨ। ਉਹਨਾਂ ਕਿਹਾ ਕਿ ਅਸੀਂ ਲੁਧਿਆਣਾ, ਜੋ ਕਿ ਸੂਬੇ ਦਾ ਕੇਂਦਰੀ ਸ਼ਹਿਰ ਹੈ, ਦੇਲੋਕਾਂ ਨੂੰ ਭਰੋਸਾ ਦੁਆਉਂਦੇ ਹਾਂ ਕਿ ਅਸਸੀਂ ਇਸ ਵਿਚ ਇੰਡਸਟਰੀ ਦਾ ਵਿਕਾਸ ਕਰ ਕੇ ਅਤੇ ਇਸ ਸ਼ਹਿਰ ਨੂੰ ਤਕਨਾਲੋਜੀ ਪੱਖੋਂ ਸਿਖ਼ਰਾਂ ’ਤੇ ਲਿਜਾ ਕੇ ਇਸਦਾ ਵਿਕਾਸ ਯਕੀਨੀ ਬਣਾਵਾਂਗੇ।ਬਾਅਦ ਵਿਚ ਸਰਦਾਰ ਬਾਦਲ ਜਾਮਾ ਮਸਜਿਦ ਫੀਲਡਗੰਜ ਵੀ ਗਏ ਜਿਥੇ ਉਹਨਾਂ ਸ਼ਾਹੀ ਇਮਾਮ ਹਬੀਬ ਉਰ ਰਹਿਮਾਨ ਸਾਨੀ ਦੇ ਦੁਨੀਆਂ ਤੋਂ ਰੁਖ਼ਸਤ ਕਰ ਜਾਣ ’ਤੇ ਡੂੰਘਾ ਦੁੱਖ ਵੀ ਪ੍ਰਗਟ ਕੀਤਾ।ਇਸ ਮੌਕੇ ਹੋਰ ਆਗੂ ਜੋ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਸਨ, ਉਹਨਾਂ ਵਿਚ ਅਨਿਲ ਜੋਸ਼ੀ, ਮਹੇਸ਼ਇੰਦਰ ਸਿੰਘ ਗਰੇਵਾਲ, ਸ਼ਰਨਜੀਤ ਸਿੰਘ ਢਿੱਲੋਂ, ਹੀਰਾ ਸਿੰਘ ਗਾਬੜੀਆ, ਵਿਜੇ ਦਾਨਵ, ਮਨਪ੍ਰੀਤ ਸਿੰਘ ਇਯਾਲੀ, ਪ੍ਰਿਥਪਾਲ ਸਿੰਘ ਪਾਲੀ, ਹਰੀਸ਼ ਰਾਏ ਢਾਂਡਾ ਅਤੇ ਕਮਲ ਚੇਤਲੀ ਵੀ ਸ਼ਾਮਲ ਸਨ।
83890cookie-checkਕਾਂਗਰਸ ਦੇ ਮੰਤਰੀਆਂ ਦੇ ਭ੍ਰਿਸ਼ਟ ਕਾਰਿਆਂ ਦੀ ਪੜਤਾਲ ਲਈ ਵਿਸ਼ੇਸ਼ ਕਮਿਸ਼ਨ ਬਣਾਇਆ ਜਾਵੇਗਾ : ਸੁਖਬੀਰ ਸਿੰਘ ਬਾਦਲ
error: Content is protected !!