December 22, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ, 22 ਅਕਤੂਬਰ (ਸਤ ਪਾਲ ਸੋਨੀ /ਰਵੀ ਵਰਮਾ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਖਿਆ ਕਿ ਉਹ 10ਵੀਂ ਤੇ 12ਵੀਂ ਕਲਾਸ ਦੀਆਂ ਸੀ ਬੀ ਐਸ ਈ ਦੀਆਂ ਪ੍ਰੀਖਿਆਵਾਂ ਦੇ ਮਾਮਲੇ ਵਿਚ ਪੰਜਾਬ ਦਾ ਦਰਜਾ ਘਟਾ ਕੇ ਮਾਈਨਰ ਕਰਨ ਅਤੇ ਅੱਧੇ ਸੂਬੇ ਨੁੰ ਕੇਂਦਰੀ ਬਲਾਂ ਦੇ ਕੰਟਰੋਲ ਹੇਠ ਲਿਆਉਣ ਦੇ ਮਾਮਲੇ ਵਿਚ ਵਿਤਕਰੇ ਦਾ ਮਸਲਾ ਜ਼ੋਰਦਾਰ ਢੰਗ ਨਾਲ ਕੇਂਦਰ ਕੋਲ ਚੁੱਕਣ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਕੇਂਦਰ ਵੱਲੋਂ ਪੰਜਾਬ ਨਾਲ ਲਗਾਤਾਰ ਧੱਕਾ ਕੀਤੇ ਜਾਣ ਦੇ ਮਾਮਲੇ ਮੁੱਖ ਮੰਤਰੀ ਜ਼ੋਰਦਾਰ ਢੰਗ ਨਾਲ ਕੇਂਦਰ ਕੋਲ ਚੁੱਕਣ ਤੋਂ ਇਨਕਾਰੀ ਹਨ।
ਉਹਨਾਂ ਕਿਹਾ ਕਿ ਪਹਿਲਾਂ ਚੰਨੀ ਨੇ ਅੱਧੇ ਸੂਬੇ ਵਿਚ ਪੁਲਿਸ ਦਾ ਕੰਮ ਕੇਂਦਰ ਹਵਾਲੇ ਕਰਨ ਦੇ ਮਾਮਲੇ ਵਿਚ ਆਤਮ ਸਮਰਪਣ ਕਰ ਦਿੱਤਾ। ਹੁਣ ਉਹਨਾਂ ਨੇ ਫਿਰ ਪੰਜਾਬੀ ਨੂੰ ਮਾਈਨਰ ਵਿਸ਼ਾ ਬਣਾਉਣ ਦੇ ਮਾਮਲੇ ਵਿਚ ਸਹਿਮਤੀ ਦੇ ਦਿੱਤੀ ਹੈ। ਉਹਨਾਂ ਕਿਹਾ ਕਿ ਇਹ ਸਪਸ਼ਟ ਸੰਕੇਤ ਹਨ ਕਿ ਉਹ ਆਪਣੀ ਮੁੱਖ ਮੰਤਰੀ ਦੀ ਕੁਰਸੀ ਬਚਾਉਣ ਵਾਸਤੇ ਕੇਂਦਰ ਸਰਕਾਰ ਦੇ ਇਸ਼ਾਰਿਆਂ ’ਤੇ ਨੱਚ ਰਹੇ ਹਨ।
ਸਰਦਾਰ ਬਾਦਲ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਖੋਖਲੇ ਵਾਅਦੇ ਕਰਨ ਦੀ ਥਾਂ ਲੋਕਾਂ ਨਾਲ ਪਹਿਲਾਂ ਕੀਤੇ ਵਾਅਦੇ ਪੂਰੇ ਕਰਨ। ਉਹਨਾਂ ਨੇ ਮੁੱਖ ਮੰਤਰੀ ਵੱਲੋਂ ਸਿਰਫ ਤਸਵੀਰਾਂ ਖਿੱਚਵਾਉਣ ’ਤੇ ਲੱਕ ਬੰਨਣ ਅਤੇ ਗੁਲਾਬੀ ਸੁੰਡੀ ਦੀ ਮਾਰ ਹੇਠ ਆਏ ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾਅਵੇ ਵਾਲੇ ਗੁੰਮਰਾਹਕੁੰਨ ਇਸ਼ਤਿਹਾਰ ਛਪਾਉਣ ’ਤੇ ਮੁੱਖ ਮੰਤਰੀ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਕਿਸੇ ਵੀ ਕਿਸਾਨ ਨੁੰ ਹਾਲੇ ਤੱਕ ਮੁਆਵਜ਼ਾ ਨਹੀਂ ਮਿਲਿਆ।  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਤੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਕੋਈ ਆਸ ਨਹੀਂ ਹੈ। ਉਹਨਾਂ ਕਿਹਾ ਕਿ 2022 ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਅਸੀਂ ਵਾਅਦੇ ਪੂਰੇ ਕਰਾਂਗੇ।
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਜਪਾ ਨਾਲ ਜਾ ਰਲਣ ਬਾਰੇ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਅਸੀਂ ਤਾਂ ਪਹਿਲੇ ਦਿਨ ਤੋਂ ਆਖ ਰਹੇ ਹਾਂ ਕਿ ਕੈਪਟਨ ਅਮਰਿੰਦਰ  ਸਿੰਘ ਭਾਜਪਾ ਨਾਲ ਰਲੇ ਹੋਏ ਹਨ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਭਾਜਪਾ ਉਹਨਾਂ ਪ੍ਰਤੀ ਨਰਮ ਹੈ ਤੇ ਕਦੇ ਵੀ ਕਿਸੇ ਵੀ ਮਾਮਲੇ ’ਤੇ ਉਹਨਾਂ ’ਤੇ ਹਮਲਾ ਨਹੀਂ ਬੋਲਦੀ। ਉਹਨਾਂ ਕਿਹਾ ਕਿ ਇਸਦੇ ਜਵਾਬ ਵਿਚ ਕੈਪਟਨ ਅਮਰਿੰਦਰ ਸਿੰਘ ਵੀ ਭਾਜਪਾ ਦਾ ਦੇਣ ਮੋੜਦੇ ਹਨ ਤੇ ਉਹਨਾਂ ਮੁੱਖ ਮੰਤਰੀਆਂ ਦੀ ਕਮੇਟੀ ਦੇ ਮੈਂਬਰ ਵਜੋਂ ਤਿੰਨ ਖੇਤੀ ਕਾਨੂੰਨ ਘੜਨ ਲਈ ਸਹਿਮਤੀ ਦਿੱਤੀ। ਉਹਨਾਂ ਕਿਹਾ ਕਿ ਹੁਣ ਤਾਂ ਕਾਂਗਰਸੀ ਆਗੂ ਵੀ ਇਹ ਮੰਨ ਰਹੇ ਹਨ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀਆਂ ਨਾਲ ਧਰੋਹ ਕਮਾਇਆ ਹੈ ਤੇ ਹੁਣ ਉਹ ਖੇਤੀ ਕਾਨੂੰਨਾਂ ਦਾ ਮਸਲਾ ਹੱਲ ਕਰਨ ਦੀ ਗੱਲ ਕਰ ਰਹੇ ਹਨ। ਉਹਨਾਂ ਕਿਹਾ ਕਿ ਪਹਿਲਾਂ ਉਹਨਾਂ ਨੂੰ ਅਜਿਹਾ ਕਰਨ ਤੋਂ ਕਿਸਨੇ ਰੋਕਿਆ ਸੀ ਤੇ 800 ਕਿਸਾਨਾਂ ਦੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਸਨ। ਇਸ ਤੋਂ ਪਹਿਲਾਂ ਆਪਣੇ ਲੁਧਿਆਣਾ ਦੌਰੇ ਦੌਰਾਨ ਸਰਦਾਰ ਬਾਦਲ ਨੇ ਵਕੀਲਾਂ, ਵਪਾਰੀਆਂ ਲੇਬਰ ਯੂਨੀਅਨ ਪ੍ਰਤੀਨਿਧਾਂ ਤੇ ਪਾਰਟੀ ਕੇਡਰ ਨਾਲ ਮੀਟਿੰਗਾਂ ਕੀਤੀਆਂ।ਇਸ ਮੌਕੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ, ਹੀਰਾ ਸਿੰਘ ਗਾਬੜੀਆ, ਪ੍ਰਿਤਪਾਲ ਸਿੰਘ ਪਾਲੀ, ਰਣਜੀਤ ਸਿੰਘ ਢਿੱਲੋਂ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਅਤੇ ਹਰੀਸ਼ ਰਾਏ ਢਾਂਡਾ ਵੀ ਹਾਜ਼ਰ ਸਨ।
88080cookie-checkਮੁੱਖ ਮੰਤਰੀ ਪੰਜਾਬ ਨਾਲ ਹੋ ਰਹੇ ਵਿਤਕਰੇ ਦਾ ਮਾਮਲਾ ਕੇਂਦਰ ਕੋਲ ਜ਼ੋਰਦਾਰ ਢੰਗ ਨਾਲ ਚੁੱਕਣ : ਸੁਖਬੀਰ ਸਿੰਘ ਬਾਦਲ
error: Content is protected !!