ਲੁਧਿਆਣਾ, 7 ਮਈ ( ਸਤਪਾਲ ਸੋਨੀ ) : ਪੰਜਾਬ ਰਾਜ ਉਦਯੋਗ ਵਿਕਾਸ ਨਿਗਮ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਲਾਰਜ ਇੰਡਸਟਰੀ ਦੇ ਚੇਅਰਮੈਨ ਪਵਨ ਦੀਵਾਨ, ਮੀਡੀਅਮ ਇੰਡਸਟਰੀ ਦੇ ਚੇਅਰਮੈਨ ਅਮਰਜੀਤ ਟਿੱਕਾ ਅਤੇ ਲਾਰਜ ਇੰਡਸਟਰੀ ਦੇ ਉੱਪ ਚੇਅਰਮੈਨ ਰਮੇਸ਼ ਜੋਸ਼ੀ ਨੇ ਅੱਜ ਇੱਥੇ ਸਥਾਨਕ ਸਰਕਟ ਹਾਊਸ ਵਿਖੇ ਮੌਜੂਦਾ ਹਲਾਤਾਂ ‘ਤੇ ਚਰਚਾ ਕਰਦਿਆਂ ਹੋਇਆਂ ਮੀਟਿੰਗ ਕੀਤੀ।ਉਨਾਂ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੀ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਪ੍ਰਵਾਸੀ ਮਜ਼ਦੂਰਾਂ ਅਤੇ ਇੰਡਸਟਰੀ ਸਮੇਤ ਦੇਸ਼ ਤੇ ਦੇਸ਼ ਵਾਸੀਆਂ ਦੇ ਹਿੱਤ ‘ਚ ਉਠਾਏ ਜਾ ਰਹੇ ਕਦਮਾਂ ਦਾ ਸਮਰਥਨ ਕੀਤਾ ਹੈ । ਇਨਾਂ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਸੂਬੇ ਅਤੇ ਉਦਯੋਗ ਦੀ ਮਜ਼ਬੂਤੀ ਅਤੇ ਬਿਹਤਰੀ ਲਈ ਲਏ ਜਾ ਰਹੇ ਫੈਸਲੇ ਪੰਜਾਬ ਨੂੰ ਇੱਕ ਵਾਰ ਫਿਰ ਤੋਂ ਤਰੱਕੀ ਦੇ ਰਸਤੇ ‘ਤੇ ਅੱਗੇ ਲੈ ਕੇ ਜਾਣਗੇ। ਉਨਾਂ ਕਿਹਾ ਕਿ ਲਾਕ ਡਾਉਨ ਅਤੇ ਕਰਫਿਊ ਲਗਾ ਕੇ ਪੰਜਾਬ ਅਤੇ ਪੰਜਾਬ ਵਾਸੀਆਂ ਨੂੰ ਕਰੋਨਾ ਤੋਂ ਬਚਾਉਣ ਲਈ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਿਆ ਗਿਆ ਫੈਸਲਾ ਸ਼ਲਾਘਾਯੋਗ ਹੈ।
ਉਨਾਂ ਕਿਹਾ ਕਿ ਪੰਜਾਬ ਦੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਵੱਲੋਂ ਪੰਜਾਬ ਦੇ ਉਦਯੋਗ ਨੂੰ ਇੱਕ ਵਾਰ ਫਿਰ ਤੋਂ ਸਟੈਂਡ ਕਰਨ ਦੇ ਮਕਸਦ ਤਹਿਤ ਦਿਨ ਰਾਤ ਕੀਤੀ ਮਿਹਨਤ ਸਦਕਾ ਹੀ ਅੱਜ ਹਜ਼ਾਰਾਂ ਦੀ ਗਿਣਤੀ ਵਿਚ ਛੋਟੇ ਤੇ ਵੱਡੇ ਉਦਯੋਗਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਜਿੱਥੇ ਮਜ਼ਦੂਰਾਂ ਦਾ ਆਪਣੇ ਸੂਬਿਆਂ ਵਿੱਚ ਸ਼ਿਫਟ ਹੋਣ ਦਾ ਰੁਝਾਨ ਰੁਕੇਗਾ, ਉੱਥੇ ਇੰਡਸਟਰੀ ਅਤੇ ਪੰਜਾਬ ਦੀ ਵਿੱਤੀ ਹਾਲਤ ਵਿਚ ਸੁਧਾਰ ਹੋਵੇਗਾ। ਇਨਾਂ ਆਗੂਆਂ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਵੱਲੋਂ ਪੰਜਾਬ ਦੀ ਵਿੱਤੀ ਹਾਲਤ ਨੂੰ ਦਰੁਸਤ ਕਰਨ ਲਈ ਸਥਾਪਤ ਕਮੇਟੀ ਦੀ ਅਗਵਾਈ ਕਰਨ ਦੇ ਫੈਸਲੇ ਨੂੰ ਵੀ ਪੰਜਾਬ ਦੇ ਹਿਤ ਵਿਚ ਦੱਸਿਆ।