ਲੁਧਿਆਣਾ ( ਬਿਊਰੋ ) : ਸ਼ਾਹੀਨ ਬਾਗ ਲੁਧਿਆਣਾ ਵਿੱਚ ਅੱਜ 11ਵੇਂ ਦਿਨ ਨਵਾਂਸ਼ਹਿਰ ਤੋਂ ਦਲਿਤ ਸਮੂਦਾਏ ਦਾ ਇਕ ਸਮੂਹ ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸਹੁੰਗੜਾ ਦੀ ਦੇਖ ਰੇਖ ਹੇਠ ਜੱਥਾ ਅਤੇ ਐਲ-ਬਲਾਕ ਰਣਧੀਰ ਸਿੰਘ ਨਗਰ ਤੋਂ ਡਾ. ਮੁਹਮੰਦ ਈਦਰੀਸ, ਮੁਹਮੰਦ ਫੂਰਕਾਨ ਸਦੀਕੀ, ਮੁਸਤਫਾ, ਹਾਜੀ ਮੁਮਤਾਜ਼, ਮੁਫਤੀ ਈਨਾਮ, ਹਨੀਫ, ਬਾੜੇਵਾਲ ਤੋਂ ਮੁਹਮੰਦ ਯਾਮੀਨ, ਮੁਹਮੰਦ ਇਮਰਾਨ, ਮੁਹਮੰਦ ਤਾਰਿਕ, ਹਾਜੀ ਨਿਸਾਰ ਦੀ ਪ੍ਰਧਾਨਗੀ ਹੇਠ ਵੱਡੀ ਗਿਣਤੀ ‘ਚ ਔਰਤਾਂ ਦਾ ਜੱਥਾ ਪੁੱਜਿਆ ।ਸ਼ਾਹੀ ਇਮਾਮ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਟੁਕੱੜੇ-ਟੁਕੱੜੇ ਗੈਂਗ ਕਹਿਣ ਵਾਲੇ ਕੰਨ ਖੋਲ ਕੇ ਸੁਣ ਲੈਣ ਕਿ ਸਾਰੇ ਭਾਰਤੀ ਆਪਣੇ ਦੇਸ਼ ਦੇ ਸੰਵਿਧਾਨ ਅਤੇ ਆਤਮ ਸਨਮਾਨ ਲਈ ਘਰਾਂ ਤੋਂ ਬਾਹਰ ਆਏ ਹਨ। ਸਰਕਾਰੀ ਤੰਤਰ ਅਤੇ ਰਾਜਨੀਤੀ ਲੋਕ ਸਾਜ਼ਿਸ਼ ਤਹਿਤ ਇਸ ਆਵਾਜ਼ ਨੂੰ ਦਬਾ ਨਹੀਂ ਸਕਦੀ। ਅੱਜ ਸ਼ਾਹੀਨ ਬਾਗ ਵਿੱਚ ਰਹਿਰਾਸ ਸੁਸਾਇਟੀ ਵੱਲੋਂ ਖੂਨਦਾਨ ਕੈਂਪ ਲਗਾ ਕੇ ਮੌਜੂਦ ਸਾਰੇ ਹਿੰਦੂ, ਮੁਸਲਿਮ, ਸਿੱਖ, ਈਸਾਈ ਅਤੇ ਦਲਿਤ ਭਰਾਵਾਂ ਨੇ ਮੋਦੀ ਸਰਕਾਰ ਦੇ ਕਾਲੇ ਕਾਨੂੰਨ ਖਿਲਾਫ ਆਪਣਾ ਵਿਰੋਧ ਜਤਾਇਆ।
ਸ਼ਾਹੀਨ ਬਾਗ ਵਿੱਚ ਅੱਜ ਵਿਸ਼ੇਸ਼ ਤੌਰ ਤੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਪ੍ਰਦਰਸ਼ਨਕਾਰੀਆਂ ਦਾ ਹੌਂਸਲਾ ਵਧਾਉਣ ਲਈ ਪੁੱਜੇ। ਸ਼ਾਹੀ ਇਮਾਮ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸੰਪ੍ਰਦਾਇਕ ਤਾਕਤਾਂ ਅਤੇ ਸ਼ਰਾਰਤੀ ਅਨਸਰ ਆ ਕੇ ਦੇਖ ਲੈਣ ਕਿ ਹਿੰਦੂ, ਮੁਸਲਿਮ, ਸਿੱਖ, ਈਸਾਈ ਦਲਿਤਾਂ ਦਾ ਖੂਨ ਲਾਲ ਹੀ ਹੈ ਇਸ ਰੰਗ ਨੂੰ ਦੁਨੀਆਂ ਦੀ ਕੋਈ ਵੀ ਤਾਕਤ ਬਦਲ ਨਹੀਂ ਸਕਦੀ।
ਸ਼ਾਹੀ ਇਮਾਮ ਨੇ ਕਿਹਾ ਕਿ ਲੁਧਿਆਣਾ ਦਾ ਸ਼ਾਹੀਨ ਬਾਗ ਦਿੱਲੀ ਦੇ ਸ਼ਾਹੀਨ ਬਾਗ ਦਾ ਇੱਕ ਅੰਗ ਹੈ ਜਿਸ ਵਿੱਚ ਸਾਰੇ ਧਰਮਾਂ ਦੇ ਲੋਕ ਰੋਜਾਨਾਂ ਫੁੱਲਾਂ ਦੀ ਤਰਾਂ ਖਿੜਕੇ ਦੁਸ਼ਮਣ ਨੂੰ ਦੱਸ ਰਹੇ ਹਨ ਕਿ ਅਸੀਂ ਇਸ ਬਾਗ ਨੂੰ ਉਜੜਣ ਨਹੀਂ ਦੇਵਾਂਗੇ। ਸ਼ਾਹੀ ਇਮਾਮ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਦੇਸ਼ ਭਰ ਵਿੱਚ ਹਰ ਸ਼ਹਿਰ, ਕਸਬੇ, ਪਿੰਡਾਂ ਵਿੱਚ ਸ਼ਾਹੀਨ ਬਾਗ ਬਣਦੇ ਨਜਰ ਆਉਣਗੇ। ਅੱਜ ਲੁਧਿਆਣਾ ਸ਼ਾਹੀਨ ਬਾਗ ‘ਚ ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸਹੂੰਗੜਾ ਨੇ ਕਿਹਾ ਕਿ ਭਾਰਤ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਅੰਬੇਡਕਰ ਨੇ ਸਾਨੂੰ ਆਜ਼ਾਦੀ ਦੇ ਜੋ ਹੱਕ ਲੈ ਕੇ ਦਿੱਤੇ ਹਨ ਉਨਾਂ ਤੇ ਕਿਸੇ ਨੂੰ ਡਾਕਾ ਨਹੀਂ ਮਾਰਨ ਦੇਵਾਂਗੇ। ਸਹੂੰਗੜਾ ਨੇ ਕਿਹਾ ਕਿ ਸੀਏਏ ਅਤੇ ਐਨਆਰਸੀ ਭਾਜਪਾ ਦੀ ਇੱਕ ਸ਼ਾਜ਼ਿਸ਼ ਹੈ। ਉਨਾਂ ਕਿਹਾ ਕਿ ਲੁਧਿਆਣਾ ਸ਼ਾਹੀਨ ਬਾਗ ਵਿੱਚ ਸਾਰੇ ਧਰਮਾਂ ਨੂੰ ਇਕ ਮੰਚ ਤੇ ਦੇਖ ਕੇ ਬਾਬਾ ਸਾਹਿਬ ਜੀ ਦਾ ਮਿਸ਼ਨ ਅੱਗੇ ਵਧਦਾ ਹੋਇਆ ਨਜ਼ਰ ਆ ਰਿਹਾ ਹੈ। ਸ. ਪਰਮਪਾਲ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਸੀ.ਏ.ਏ. ਜਿਸ ਵਿੱਚ ਸਿੱਖ ਸਮੂਦਾਏ ਨੂੰ ਸ਼ਾਮਲ ਕਰਕੇ ਮੁਸਲਮਾਨਾਂ ਨੂੰ ਬਾਹਰ ਕੱਢਿਆ ਗਿਆ, ਸਾਨੂੰ ਕਿਸੇ ਵੀ ਕੀਮਤ ਤੇ ਮੰਜੂਰ ਨਹੀਂ। ਉਨਾਂ ਕਿਹਾ ਕਿ ਸਿੱਖ ਪੰਥ ਨੇ ਸਾਰਿਆਂ ਨੂੰ ਨਾਲ ਲੈ ਕੇ ਚਲਣ ਦੀ ਗੱਲ ਕਹੀ ਹੈ। ਇਸ ਮੇਕੇ ਧਰਮਪਾਲ ਕਨਵੀਨਰ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਰੇਲ ਕੋਚ ਫੈਕਟਰੀ ਕਪੂਰਥਲਾ, ਗੁਰਦਿਆਲ ਸਹੋਤਾ ਮੂਲਨਿਵਾਸੀ ਸੰਘ, ਸਵਰਣਜੀਤ ਸਿੰਘ ਇਨਕਲਾਬੀ ਮੋਰਚਾ, ਡਾ. ਦਰਸ਼ਨ ਸਿੰਘ ਕ੍ਰਾਂਤੀਕਾਰੀ ਯੂਨੀਅਨ, ਪ੍ਰੋ. ਬਾਲ ਸਿੰਘ ਸਾਬਕਾ ਡਿਪਟੀ ਚੇਅਰਮੈਨ ਘੱਟ ਗਿਣਤੀ ਕਮਿਸ਼ਨ, ਵਿਜੇ ਨਰਾਇਣ ਲੋਕ ਏਕਤਾ ਸੰਗਠਨ, ਐਡਵੋਕੇਟ ਹਰਪ੍ਰੀਤ ਸਿੰਘ, ਰਾਜੀਨ ਕੁਮਾਰ ਲਵਲੀ, ਬੰਸੀ ਲਾਲ ਪ੍ਰੇਮੀ, ਪ੍ਰਗਣ ਬਿਲਗਾ, ਜੀਤ ਰਾਮ ਬਸਰਾ, ਰਮਨਜੀਤ ਲਾਲੀ, ਜੋਗਿੰਦਰ ਰਾਏ, ਪਾਸਟਰ ਅਲੀ ਸ਼ਾਨ, ਰਾਮਦਾਸ ਗੁਰੂ, ਨਰਿੰਦਰ ਨੰਦੀ, ਹਰੀਸ਼ ਕੁਮਾਰ ਭਾਰਤ ਮੁਰਤੀ ਮੋਰਚਾ, ਰਜੀਆ ਰਿਜਵਾਨ, ਸ਼ਾਇਨਾ ਹਸੀਬਾ ਨੇ ਵੀ ਸੰਬੋਧਨ ਕੀਤਾ।