ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 2 ਜੁਲਾਈ(ਭਾਰਤ ਭੂਸ਼ਣ/ਪ੍ਰਦੀਪ ਸ਼ਰਮਾਂ): ਕਾਂਗਰਸ ਪਾਰਟੀ ਵੱਲੋਂ ਤੇਲ ਦੀਆਂ ਕੀਮਤਾਂ ਦੇ ਵਾਧੇ ਦੇ ਵਿਰੋਧ ਵਿੱਚ ਅੱਜ ਫੂਲ ਟਾਊਨ ਵਿਖੇ ਧਰਨਾ ਲਾਇਆ ਗਿਆ ਜਿਸ ਵਿਚ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੀ ਪੁੱਜਣ ਵਾਲੇ ਸਨ ਜਿਸ ਦਾ ਪਤਾ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂਆਂ ਨੂੰ ਲੱਗਿਆ ਤਾਂ ਕਾਂਗੜ ਨੂੰ ਸਵਾਲ ਕਰਨ ਲਈ ਵੱਡੀ ਗਿਣਤੀ ਵਿਚ ਕਿਸਾਨ ਆਗੂ ਅਤੇ ਔਰਤ ਵਿੰਗ ਦੀਆਂ ਆਗੂ ਔਰਤਾਂ ਵੱਲੋਂ ਵੱਡਾ ਇਕੱਠ ਕਰਕੇ ਫੂਲ ਵਿੱਚ ਮਾਰਚ ਕਰਦੇ ਹੋਏ ਧਰਨੇ ਵਾਲੀ ਜਗਾ ਤੇ ਪੁੱਜੇ ਤੇ ਕਾਂਗਰਸ ਦੇ ਧਰਨੇ ਦੇ ਬਰਾਬਰ ਧਰਨਾ ਲਗਾ ਦਿੱਤਾ।
ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਮਾਲ ਮੰਤਰੀ ਨਹੀਂ ਪੁੱਜੇ, ਮਾਹੌਲ ਬਣਿਆ ਤਣਾਅਪੂਰਨ
ਕਿਸਾਨਾਂ ਦੇ ਇਕੱਠ ਅਤੇ ਗੁੱਸੇ ਨੂੰ ਵੇਖਦੇ ਹੋਏ ਮਾਲ ਮੰਤਰੀ ਨੇ ਫੂਲ ਆਉਣਾ ਠੀਕ ਨਹੀਂ ਸਮਝਿਆ ਤੇ ਧਰਨੇ ਵਾਲੀ ਜਗਾ ਤੇ ਕਾਂਗਰਸ ਆਗੂਆਂ ਵੱਲੋਂ ਆਖਿਆ ਗਿਆ ਕਿ ਚੰਡੀਗੜ ਕੰਮ ਹੋਣ ਕਾਰਨ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨਹੀਂ ਪਹੁੰਚ ਰਹੇ। ਕਿਸਾਨੀ ਧਰਨੇ ਨੂੰ ਸੰਬੋਧਨ ਕਰਦਿਆਂ ਬੀ.ਕੇ.ਯੂ ਦੇ ਜ਼ਿਲਾ ਪ੍ਰਧਾਨ ਪ੍ਰਸ਼ੋਤਮ ਮਹਿਰਾਜ ਨੇ ਕਿਹਾ ਕਿ ਤੇਲ ਦੀਆਂ ਵਧ ਰਹੀਆਂ ਕੀਮਤਾਂ ਦੇ ਵਿਰੋਧ ਵਿੱਚ ਕਾਂਗਰਸ ਪਾਰਟੀ ਧਰਨਾ ਲਾ ਕੇ ਸਿਆਸੀ ਰੋਟੀਆਂ ਸੇਕ ਰਹੀ ਹੈ ਜਦੋਂ ਕਿ ਕੈਪਟਨ ਸਰਕਾਰ ਵੱਲੋਂ ਖੁਦ ਤੇਲ ਉੱਪਰ ਵੱਡੀ ਪੱਧਰ ਤੇ ਮੋਟਾ ਟੈਕਸ ਲਾ ਕੇ ਲੋਕਾ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ। ਉਨਾ ਅੱਗੇ ਕਿਹਾ ਕਿ ਪੰਜਾਬ ਸਰਕਾਰ ਤੇਲ ਉੱਪਰ ਪਹਿਲਾਂ ਟੈਕਸ ਲੈਣਾ ਬੰਦ ਕਰੇ ਫਿਰ ਕੇਂਦਰ ਸਰਕਾਰ ਖਿਲਾਫ ਲੜਾਈ ਲੜੀ ਜਾ ਸਕਦੀ ਹੈ ਤੇ ਜਥੇਬੰਦੀ ਵੀ ਇਸ ਦਾ ਸਾਥ ਦੇਵੇਗੀ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ ਕੀਤੇ ਵਾਅਦਿਆਂ ਵਿੱਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਜਿਵੇਂ ਘਰ ਘਰ ਨੌਕਰੀ, ਕਿਸਾਨੀ ਕਰਜ਼ਾ ਮਾਫ, ਨਸ਼ਿਆਂ ਦਾ ਖਾਤਮਾ, ਬੁਢਾਪਾ ਪੈਨਸ਼ਨ ਪੱਚੀ ਸੌ, ਸ਼ਗਨ ਸਕੀਮ 51 ਹਜਾਰ ਅਤੇ ਹੋਰ ਵੀ ਬਹੁਤ ਵਾਅਦੇ ਕੀਤੇ ਸਨ। ਅੱਜ ਨੌਜਵਾਨ ਰੁਜਗਾਰ ਦੀ ਭਾਲ ਲਈ ਧਰਨੇ ਮੁਜ਼ਾਹਰੇ ਕਰ ਰਹੇ ਹਨ ਉਨਾਂ ਦੀ ਗੱਲ ਸੁਣਨ ਬਜਾਏ ਕੈਪਟਨ ਸਰਕਾਰ ਉਨਾਂ ਉਪਰ ਲਾਠੀਚਾਰਜ ਕਰਕੇ ਅੰਤਾਂ ਦਾ ਜੁਲਮ ਕਰ ਰਹੀ ਹੈ।
ਬੀ.ਕੇ.ਯੂ ਦੇ ਜ਼ਿਲਾ ਪ੍ਰਧਾਨ ਪ੍ਰਸ਼ੋਤਮ ਮਹਿਰਾਜ ਨੇ ਕਿਹਾ ਕਿ ਕਾਂਗੜ ਨੂੰ ਚਾਹੀਦਾ ਹੈ ਕਿ ਉਹ ਆਪ ਧਰਨਾ ਲਾਉਣ ਦੀ ਬਜਾਏ ਪੰਜਾਬ ਵਿੱਚ ਲੱਗ ਰਹੇ ਧਰਨਿਆਂ ਤੇ ਲੋਕਾਂ ਦੀ ਗੱਲਬਾਤ ਸੁਣਨ ਤੇ ਉਨਾਂ ਦੇ ਮਸਲੇ ਹੱਲ ਕੀਤੇ ਜਾਣ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਖੇਤੀ ਲਈ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਲਈ 5 ਜੁਲਾਈ ਨੂੰ ਪਾਵਰਕਾਮ ਪਟਿਆਲਾ ਦੇ ਦਫਤਰ ਮੂਹਰੇ ਧਰਨਾ ਦਿੱਤਾ ਜਾ ਰਿਹਾ ਹੈ ਤੇ 6 ਜੁਲਾਈ ਨੂੰ ਮੋਤੀ ਮਹਿਲ ਪਟਿਆਲਾ ਵਿੱਚ ਸੰਯੁਕਤ ਮੋਰਚੇ ਦੇ ਸੱਦੇ ਤੇ ਧਰਨਾ ਦਿੱਤਾ ਜਾ ਰਿਹਾ ਹੈ। ਤੀਰਥ ਰਾਮ ਸੇਲਬਰਾਹ, ਗੁਰਪ੍ਰੀਤ ਭਗਤਾ, ਜਗਸੀਰ ਸਿੰਘ ਫੂਲ, ਕਰਮਜੀਤ ਸਿੰਘ ਭਗਤਾ, ਅਜੈਬ ਸਿੰਘ ਢਿਪਾਲੀ, ਬੂਟਾ ਸਿੰਘ ਢਿਪਾਲੀ ਤੇ ਚਰਨਜੀਤ ਕੌਰ ਢਿਪਾਲੀ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ। ਆਗੂਆਂ ਵੱਲੋਂ ਆਖਿਆ ਗਿਆ ਕਿ ਮਾਲ ਮੰਤਰੀ ਗੁਰਪ੍ਰੀਤ ਕਾਂਗੜ ਨੂੰ ਧਰਨੇ ਵਿੱਚ ਨਾ ਆਉਣ ਦੇਣਾ ਕਿਸਾਨ ਮੋਰਚੇ ਦੀ ਜਿੱਤ ਹੈ ਇਸ ਤੋਂ ਬਾਅਦ ਕਿਸਾਨ ਮਜਦੂਰ ਔਰਤਾਂ ਜੋਸ਼ੋ-ਖਰੋਸ਼ ਨਾਲ ਨਾਅਰੇ ਲਾਉਂਦੇ ਹੋਏ ਕਚਹਿਰੀ ਫੂਲ ਅੱਗੇ ਲੱਗੇ ਮੋਰਚੇ ਵਿੱਚ ਵਾਪਸ ਪਰਤੇ। ਇਸ ਮੌਕੇ ਕਿਸਾਨ ਆਗੂਆਂ ਨੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਜਿੰਨੀ ਦੇਰ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਨੀ ਦੇਰ ਕਿਸੇ ਵੀ ਸਿਆਸੀ ਲੀਡਰ ਨੂੰ ਪਿੰਡਾਂ ਵਿੱਚ ਨਹੀਂ ਆਉਣ ਦਿੱਤਾ ਜਾਵੇਗਾ।