ਚੜ੍ਹਤ ਪੰਜਾਬ ਦੀ
ਲੁਧਿਆਣਾ, (ਸਤ ਪਾਲ ਸੋਨੀ/ਰਵੀ ਵਰਮਾ):ਮਨੁੱਖੀ ਸੇਵਾ ਕਾਰਜਾਂ ਵਿੱਚ ਆਪਣਾ ਮੋਹਰੀ ਰੋਲ ਨਿਭਾ ਰਹੀ ਪੰਜਾਬ ਰਾਜ ਦੀ ਪ੍ਰਮੁੱਖ ਐਨ.ਜੀ.ਓ. ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਨੂੰ ਇਸ ਵਾਰ ਫਿਰ ਤੋਂ ਪੰਜਾਬ ਦੀ ਸਰਵੋਤਮ ਐਨ.ਜੀ.ਓ.ਬਣਨ ਦਾ ਮਾਣ ਪ੍ਰਾਪਤ ਹੋਇਆ ਹੈ। ਇਸੇ ਸਬੰਧੀ ਪੰਜਾਬ ਦੇ ਉਪ ਮੁੱਖ ਮੰਤਰੀ ਸ਼੍ਰੀ ਓ.ਪੀ.ਸੋਨੀ ਨੇ ਸੁਸਾਇਟੀ ਦੇ ਮੁੱਖ ਸੇਵਾਦਾਰ ਜੱਥੇ.ਤਰਨਜੀਤ ਸਿੰਘ ਨਿਮਾਣਾ ਨੂੰ ਲਗਾਤਾਰ ਦਸਵੀਂ ਵਾਰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ। ਅੱਜ ਪੰਜਾਬ ਸਟੇਟ ਬੱਲਡ ਟਰਾਂਸਫਿਊਜ਼ਨ ਕੋਂਸਲ ਤੇ ਪੰਜਾਬ ਸਟੇਟ ਏਡਜ਼ ਕੰਟਰੌਲ ਸੁਸਾਇਟੀ ਵੱਲੋਂ ਸਾਂਝੇ ਰੂਪ ਵਿੱਚ ਮਨਾਏ ਗਏ ਕੋਮੀ ਸਵੈ-ਇੱਛਕ ਖੂਨਦਾਨ ਦਿਵਸ ਦੇ ਸਬੰਧ ਵਿੱਚ ਗੁਰੂ ਨਾਨਕ ਮੈਡੀਕਲ ਕਾਲਜ, ਅੰਮ੍ਰਿਤਸਰ ਵਿਖੇ ਆਯੋਜਿਤ ਕੀਤੇ ਗਏ ਰਾਜ ਪੱਧਰੀ ਸਮਾਗਮ ਦੌਰਾਨ ਮੁੱਖ ਮਹਿਮਾਨ ਦੇ ਰੂਪ ਵੱਜੋਂ ਪੁੱਜੇ ਪੰਜਾਬ ਦੇ ਉਪ ਮੁੱਖ ਮੰਤਰੀ ਓ. ਪੀ.ਸੋਨੀ ਨੇ ਮੌਕੇ ਤੇ ਹਾਜਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਅੰਦਰ ਲੋਕਾਂ ਨੂੰ ਮਨੁੱਖੀ ਸੇਵਾ ਕਾਰਜਾਂ ਪ੍ਰਤੀ ਜਾਗਰੂਕ ਕਰਨ ਦੀ ਬਹੁਤ ਲੋੜ ਹੈ,ਕਿਉਂ ਕਿ ਮਨੁੱਖੀ ਸੇਵਾ ਦੇ ਸਕੰਲਪ ਨਾਲ ਜੋੜ ਕੇ ਅਸੀਂ ਸੱਭਿਅਕ ਸਮਾਜ ਦੀ ਸਿਰਜਣਾ ਕਰ ਸਕਣ ਵਿੱਚ ਸਫਲਤਾ ਪ੍ਰਾਪਤ ਕਰ ਸਕਦੇ ਹਾਂ।ਉਨ੍ਹਾਂ ਨੇ ਕਿਹਾ ਕਿ ਸੱਚੇ ਦਿਲੋਂ ਮਨੁੱਖਤਾ ਦੀ ਸੇਵਾ ਕਰਨਾ ਹੀ ਇਨਸਾਨੀਅਤ ਦੀ ਸੱਚੀ ਸੇਵਾ ਹੈ ਅਤੇ ਆਪਣੀ ਉਸਾਰੂ ਸੋਚ ਨੂੰ ਸਮਾਜ ਭਲਾਈ ਕਾਰਜਾਂ ਵਿੱਚ ਲਗਾਉਣ ਵਾਲੀਆਂ ਸ਼ਖ਼ਸੀਅਤਾਂ ਸਮਾਜ ਦੇ ਲਈ ਪ੍ਰੇਰਨਾ ਦਾ ਸਰੋਤ ਹਨ।
ਪੰਜਾਬ ਦੇ ਉਪ ਮੁੱਖ ਮੰਤਰੀ ਸ਼੍ਰੀ ਉ.ਪੀ ਸੋਨੀ ਨੇ ਜੱਥੇ.ਤਰਨਜੀਤ ਸਿੰਘ ਨਿਮਾਣਾ ਨੂੰ ਦਸਵੀਂ ਵਾਰ ਸਟੇਟ ਅਵਾਰਡ ਨਾਲ ਕੀਤਾ ਸਨਮਾਨਿਤ
ਸ਼੍ਰੀ ਸੋਨੀ ਨੇ ਭਾਈ ਘੱਨ੍ਹਈਆਂ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇ: ਤਰਨਜੀਤ ਸਿੰਘ ਨਿਮਾਣਾ ਤੇ ਉਹਨਾਂ ਦੇ ਸਾਥੀ ਮੈਂਬਰਾਂ ਦੀ ਵਿਸ਼ੇਸ਼ ਤੋਰ ਤੇ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਰਾਜ ਅੰਦਰ ਖੂਨਦਾਨ ਕਰਨ ਦੀ ਮੁਹਿੰਮ ਨੂੰ ਪ੍ਰਚੰਡ ਕਰਨ ਦੇ ਲਈ ਉਕਤ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਉਪਰਾਲੇ ਇੱਕ ਮਿਸਾਲੀ ਕਾਰਜ ਹਨ ਜਿਸ ਦੇ ਮੱਦੇਨਜ਼ਰ ਅਸੀਂ ਜਥੇ:ਤਰਨਜੀਤ ਸਿੰਘ ਨਿਮਾਣਾ ਨੂੰ ਮੁੜ ਸਟੇਟ ਅਵਾਰਡ ਦੇਣ ਵਿੱਚ ਮਾਣ ਮਹਿਸੂਸ ਕਰ ਰਹੇ ਹਾਂ। ਇਸ ਤੋ ਪਹਿਲਾਂ ਆਯੋਜਿਤ ਕੀਤੇ ਗਏ ਸਮਾਗਮ ਦੌਰਾਨ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਡਾਕਟਰ ਬੌਬੀ ਗੁਲਾਟੀ, ਹੈਲਥ ਡਾਇਰੈਕਟਰ ਡਾਕਟਰ ਅੰਦੇਸ਼ ਕੰਗ, ਕਮਿਸ਼ਨਰ ਪੁਲਸ ਸ.ਸੁਖਚੈਨ ਸਿੰਘ ਗਿੱਲ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀ ਗੁਰਪ੍ਰੀਤ ਸਿੰਘ ਖਹਿਰਾ, ਸਿਵਿਲ ਸਰਜਨ ਅਮ੍ਰਿਤਸਰ ਡਾਕਟਰ ਚਰਨਜੀਤ ਸਿੰਘ ਅਤੇ ਮੇਅਰ ਅਮ੍ਰਿਤਸਰ ਕਰਮਜੀਤ ਸਿੰਘ ਰਿੰਟੂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਜਥੇ: ਤਰਨਜੀਤ ਸਿੰਘ ਨਿਮਾਣਾ ਪੰਜਾਬ ਦੀ ਨੋਜਵਾਨ ਪੀੜ੍ਹੀ ਅਤੇ ਸਮਾਜ ਸੇਵੀਆਂ ਲਈ ਇਕ ਰੋਲ ਮਾਡਲ ਹਨ। ਜਿਸ ਤੋ ਸਾਡੇ ਸਾਰਿਆਂ ਦੇ ਅੰਦਰ ਮਨੁੱਖੀ ਸੇਵਾ ਕਾਰਜਾਂ ਨਾਲ ਜੁੜਨ ਦੀ ਭਾਵਨਾ ਹੋਰ ਪ੍ਰਚੰਡ ਹੁੰਦੀ ਹੈ।ਇਸ ਮੌਕੇ ਤੇ ਅਤੇ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਪ੍ਰਮੁੱਖ ਮੈਂਬਰ ਤਨਜੀਤ ਸਿੰਘ, ਗੁਰਮੀਤ ਸਿੰਘ,ਕੁਲਦੀਪ ਸਿੰਘ ਲਾਂਬਾ, ਜਸਕਰਨ ਸਿੰਘ,ਗਗਨਦੀਪ ਸਿੰਘ ਖਾਲਸਾ, ਜਗਵੀਰ ਸਿੰਘ, ਹਰਪ੍ਰੀਤ ਸਿੰਘ ਸੰਨੀ, ਮਨਪ੍ਰੀਤ ਸਿੰਘ, ਸਾਹਿਬ ਪ੍ਰੀਤ ਸਿੰਘ, ਅਸ਼ੋਕ ਕੁਮਾਰ ਭਾਨਾ ਹਾਜ਼ਰ ਸਨ।
863300cookie-checkਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਨੇ ਇਸ ਵਾਰ ਫਿਰ ਤੋਂ ਪੰਜਾਬ ਦੀ ਸਰਵੋਤਮ ਐਨ.ਜੀ.ਉ ਵੱਜੋ ਆਪਣਾ ਪਰਚੰਮ ਲਹਿਰਾਇਆ