December 23, 2024

Loading

ਚੜ੍ਹਤ ਪੰਜਾਬ ਦੀ

ਖੰਨਾ/ਲੁਧਿਆਣਾ(ਰਵੀ ਵਰਮਾ)-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ‘ਆਪ’ ਆਗੂਆਂ ਨੇ ਆਜ਼ਾਦੀ ਦਿਵਸ ਮੌਕੇ ‘ਗੋਆ ਆਜ਼ਾਦੀ ਦੇ ਨਾਇਕ ਕਰਨੈਲ ਸਿੰਘ ਈਸੜੂ’ ਨੂੰ ਸ਼ਰਧਾਜਲੀ ਭੇਂਟ ਕੀਤੀ। ਐਤਵਾਰ ਨੂੰ ਈਸੜੂ ਵਿਖੇ ਗੋਆ ਆਜ਼ਾਦੀ ਦੇ ਨਾਇਕ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਯਾਦਗਾਰ ‘ਤੇ ਮੱਥਾ ਟੇਕਿਆ ਅਤੇ ਇਨਕਲਾਬੀ ਨਾਅਰੇ ਬੁਲੰਦ ਕਰਕੇ ਜੰਗੇ ਆਜ਼ਾਦੀ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ‘ਆਪ’ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ, ‘ਸ਼ਹੀਦਾਂ ਦੇ ਸੁਫ਼ਨਿਆਂ ਦੀ ਆਜ਼ਾਦੀ ਆਮ ਲੋਕਾਂ ਦੇ ਘਰਾਂ ਤੱਕ ਨਹੀਂ ਪਹੁੰਚੀ। ਇਹ ਆਜ਼ਾਦੀ ਕੇਵਲ ਹਾਕਮਾਂ ਦੇ ਘਰਾਂ, ਮਹਿਲਾਂ ਅਤੇ ਲਾਲ ਬੱਤੀਆਂ ਤੱਕ ਹੀ ਸਿਮਟ ਗਈ ਹੈ। ਮਾਨ ਨੇ ਕਿਹਾ ਆਮ ਆਦਮੀ ਪਾਰਟੀ ਸ਼ਹੀਦਾਂ ਦੇ ਸੁਫ਼ਨਿਆਂ ਵਾਲੀ ਆਜ਼ਾਦੀ ਨੂੰ ਆਮ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਦ੍ਰਿੜ ਸੰਕਲਪ ਹੈ।’ ਮਾਨ ਨੇ ਅੱਗੇ ਕਿਹਾ ਕਿ ਦੇਸ਼ ਉਤੇ ਤਾਨਾਸ਼ਾਹੀ ਥੋਪੀ ਜਾ ਰਹੀ ਹੈ ਅਤੇ ਹਰ ਦਿਨ ਲੋਕਤੰਤਰ ਦੀ ਹੱਤਿਆ ਹੋ ਰਹੀ ਹੈ। ਸੰਸਦ ਵਿੱਚ ਗੈਰ ਲੋਕੰਤਤਰੀ ਤਰੀਕੇ ਅਤੇ ਧੱਕੇਸ਼ਾਹੀ ਨਾਲ ਬਿੱਲ ਪਾਸ ਕੀਤੇ ਜਾ ਰਹੇ ਹਨ। ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ।
ਭਗਵੰਤ ਮਾਨ ਨੇ ਦੇਸ਼ ਵਿੱਚ ਬਣੇ ਮਾੜੇ ਹਲਾਤ ‘ਤੇ ਟਿੱਪਣੀ ਕਰਦਿਆਂ ਕਿਹਾ, ”ਆਜ਼ਾਦ ਭਾਰਤ ਆਜ਼ਾਦੀ ਦੇ ਪਰਵਾਨਿਆਂ ਵੱਲੋਂ ਸਿਰਜੇ ਗਏ ਸੁਫ਼ਨਿਆਂ ਵਰਗਾਂ ਹੁੰਦਾ ਤਾਂ ਅੱਜ ਦੇਸ਼ ਦੇ ਕਿਸਾਨ- ਮਜ਼ਦੂਰ ਸੜਕਾਂ ‘ਤੇ ਸੰਘਰਸ਼ ਨਾ ਕਰਦੇ, ਬੇਰੁਜ਼ਗਾਰ ਨੌਕਰੀਆਂ ਲਈ ਟੈਂਕੀਆਂ ‘ਤੇ ਨਾ ਚੜਦੇ ਅਤੇ ਆਪਣੀਆਂ ਜਾਇਜ਼ ਮੰਗਾਂ ਲਈ ਸੰਘਰਸ਼ ਕਰ ਰਹੇ ਅਧਿਆਪਕਾਂ, ਡਾਕਟਰਾਂ, ਨਰਸਾਂ, ਸਫ਼ਾਈ ਕਾਮੇ, ਕਰਮਚਾਰੀਆਂ ਪੈਨਸ਼ਨਰ ਅਤੇ ਹੋਰ ਮੁਲਾਜ਼ਮਾਂ ‘ਤੇ ਅੰਨਾਂ ਸਰਕਾਰੀ ਤਸ਼ੱਦਦ ਨਾ ਹੁੰਦਾ।”
ਮਾਨ ਨੇ ਕਿਹਾ ਕਿ ਬੇਰੁਜ਼ਗਾਰੀ ਦੇ ਸੰਗਲਾਂ ਵਿੱਚ ਬੰਨੇ ਨੌਵਜਾਨਾਂ ਦੇ ਇਹ ਸੰਗਲ ਉਦੋਂ ਹੀ ਟੁੱਟਣਗੇ, ਜਦੋਂ ਚੰਗੀ ਨੀਅਤ ਅਤੇ ਨੀਤੀ ਵਾਲੀ ਸਰਕਾਰ ਪੰਜਾਬ ‘ਚ ਹੋਵੇਗੀ। ਉਨਾਂ ਦੁੱਖ ਜਾਹਿਰ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਸਮੇਤ ਅਨੇਕਾਂ ਆਜ਼ਾਦੀ ਪ੍ਰਵਾਨਿਆਂ ਨੇ ਅੰਗਰੇਜ਼ਾਂ ਨੂੰ ਦੇਸ਼ ਵਿੱਚੋਂ ਬਾਹਰ ਕੱਢਣ ਲਈ ਆਪਣੀਆਂ ਜਾਨਾਂ ਦੀਆਂ ਅਹੂਤੀਆਂ ਦਿੱਤੀਆਂ, ਪਰ 74 ਸਾਲਾਂ ਤੋਂ ਪੰਜਾਬ ਅਤੇ ਦੇਸ਼ ‘ਤੇ ਰਾਜ ਸੱਤਾ ਭੋਗ ਰਹੀਆਂ ਕਾਂਗਰਸ ਅਤੇ ਅਕਾਲੀ- ਭਾਜਪਾ ਦੀਆਂ ਨਲਾਇਕ ਸਰਕਾਰਾਂ ਕਾਰਨ ਅੱਜ ਪੰਜਾਬ ਦਾ ਬੇਰੁਜ਼ਗਾਰ ਲੱਖਾਂ ਰੁਪਏ ਕੇ ਉਨਾਂ ਗੋਰੇ ਅੰਗਰੇਜ਼ਾਂ ਦੇ ਮੁਲਕਾਂ ‘ਚ ਜਾਣ ਲਈ ਮਜ਼ਬੂਰ ਹਨ।
‘ਆਪ’ ਆਗੂ ਨੇ ਕਿਹਾ ਕਿ ਦੇਸ਼ ਦੇ ਕਿਸਾਨ ਪਿਛਲੇ ਨੌ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਬੈਠੇ ਹਨ ਅਤੇ 600 ਤੋਂ ਜ਼ਿਆਦਾ ਕਿਸਾਨ ਸ਼ਹੀਦ ਹੋ ਚੁੱਕੇ ਹਨ, ਪਰ ਮੋਦੀ ਦੀ ਤਾਨਾਸ਼ਾਹ ਸਰਕਾਰ ਅੰਨਦਾਤਾ ਦੀ ਗੱਲ ਹੀ ਨਹੀਂ ਸੁਣ ਰਹੀ। ਇੱਕ ਸਵਾਲ ਦਾ ਜਵਾਬ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਸਮੇਤ ਸਮੁੱਚਾ ਬਾਦਲ ਪਰਿਵਾਰ ਨਰਿੰਦਰ ਮੋਦੀ ਸਰਕਾਰ ਦੇ ਤਿੰਨੇ ਖੇਤੀ ਕਾਨੂੰਨਾਂ ਦਾ ਸਮਰਥਨ ਕਰਦਾ ਰਿਹਾ ਹੈ ਅਤੇ ਅੱਜ ਵੀ ਇਹ ਅੰਦਰ ਖਾਤੇ ਘਿਉ- ਖਿਚੜੀ ਹਨ।
ਮਾਨ ਨੇ ਕਿਹਾ ਕਿ 2022 ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ‘ਚ ਸਰਕਾਰ ਬਣਨ ‘ਤੇ ਨੌਜਵਾਨਾਂ ਦੀ ਬੇਰੁਜ਼ਗਾਰੀ ਦੇ ਸੰਗਲ ਤੋੜਾਂਗੇ ਅਤੇ ਬੇਅਦਬੀ ਦੇ ਦੋਸ਼ੀਆਂ ਨੂੰ ਪਹਿਲ ਦੇ ਆਧਾਰ ‘ਤੇ ਸਜ਼ਾਵਾਂ ਦੇਵਾਂਗੇ। ਅਰਥਾਤ ਆਜ਼ਾਦੀ ਦੇ ਪਰਵਾਨਿਆਂ ਵੱਲੋਂ ਸਿਰਜੇ ਸੁਫ਼ਨਿਆਂ ਵਰਗਾਂ ਪੰਜਾਬ ਅਤੇ ਦੇਸ਼ ਬਣਾਵਾਂਗੇ। ਇਸ ਮੌਕੇ ‘ਆਪ’ ਆਗੂਆਂ ‘ਚ ਗੁਰਮੀਤ ਸਿੰਘ ਮੀਤ ਹੇਅਰ, ਕੁਲਵੰਤ ਪੰਡੋਰੀ, ਅਮਰਜੀਤ ਸਿੰਘ ਸੰਦੋਆ, ਮਨਜੀਤ ਸਿੰਘ ਬਿਲਾਸਪੁਰ (ਸਾਰੇ ਵਿਧਾਇਕ), ਹਲਕਾ ਇੰਚਾਰਜ ਮਨਵਿੰਦਰ ਸਿੰਘ ਗਿਆਸਪੁਰਾ, ਨਵਜੋਤ ਸਿੰਘ ਜਰਗ, ਹਰਭੁਪਿੰਦਰ ਸਿੰਘ ਧਰੌੜ, ਬਲਜਿੰਦਰ ਸਿੰਘ ਚੌਦਾ, ਗੁਰਦਰਸ਼ਨ ਸਿੰਘ ਕੂਹਲੀ, ਜਗਤਾਰ ਸਿੰਘ ਦਿਆਲਪੁਰਾ, ਜਸਵੰਤ ਸਿੰਘ ਗੱਜਣ ਮਾਜਰਾ, ਅਨਿਲ ਦੱਤ ਫੱਲੀ, ਸ਼ੀਰਾ ਬਨਭੌਰਾ, ਕੈਪਟਨ ਰਾਮਪਾਲ, ਕਰਨ ਸ਼ਰਮਾ, ਵਰਿੰਦਰ ਡੇਵਿਡ, ਲਛਮਣ ਸਿੰਘ ਗਰੇਵਾਲ, ਧਰਮਿੰਦਰ ਸਿੰਘ ਰੂਪਰਾਏ, ਤਰਨਪ੍ਰੀਤ ਸੌਂਦ ਅਤੇ ਗਗਨਦੀਪ ਸਿੰਘ ਚੀਮਾ ਸ਼ਾਮਲ ਸਨ।

74340cookie-checkਅਜੇ ਤੱਕ ਆਮ ਘਰਾਂ ‘ਚ ਨਹੀਂ ਪੁੱਜੀ ਆਜ਼ਾਦੀ ਪਰਵਾਨਿਆਂ ਦੇ ਸੁਫ਼ਨਿਆਂ ਦੀ ਆਜ਼ਾਦੀ: ਭਗਵੰਤ ਮਾਨ
error: Content is protected !!